ਕੋਰੋਨਾ ਆਫ਼ਤ ਦੇ ਚੱਲਦੇ ਪੰਜਾਬ 'ਚ ਦਾਖ਼ਲ ਹੋਣ ਵਾਲੇ ਵਿਦੇਸ਼ੀ ਯਾਤਰੀਆਂ ਲਈ ਨਵੇਂ ਦਿਸ਼ਾ-ਨਿਰਦੇਸ਼ ਜਾਰੀ
Wednesday, Sep 23, 2020 - 06:27 PM (IST)
ਚੰਡੀਗੜ੍ਹ : ਅੰਤਰਰਾਸ਼ਟਰੀ ਯਾਤਰੀ ਜੋ ਭਾਰਤੀ ਹਵਾਈ ਅੱਡੇ 'ਤੇ ਪਹੁੰਚਣ 'ਤੇ ਨੈਗੇਟਿਵ ਆਰ. ਟੀ-ਪੀ. ਸੀ. ਆਰ. ਟੈਸਟ ਦੀ ਰਿਪੋਰਟ ਜਮਾਂ ਨਹੀਂ ਕਰਦੇ ਉਨ੍ਹਾਂ ਦਾ ਰੈਪਿਡ ਐਂਟੀਜੇਨ ਟੈਸਟਿੰਗ (ਆਰ. ਏ. ਟੀ) ਕਿੱਟਾਂ ਨਾਲ ਟੈਸਟ ਕੀਤਾ ਜਾਵੇਗਾ। ਜੇ ਰੈਪਿਡ ਐਂਟੀਜੇਨ ਟੈਸਟਿੰਗ (ਆਰ. ਏ. ਟੀ) ਵਿਚ ਕੋਵਿਡ-19 ਲਈ ਰਿਪੋਰਟ ਨੈਗੇਟਿਵ ਆਉਂਦੀ ਹੈ ਤਾਂ ਉਹ ਘਰੇਲੂ ਇਕਾਂਤਵਾਸ ਦੇ ਬਦਲ ਦੀ ਚੋਣ ਕਰ ਸਕਦੇ ਹਨ। ਇਹ ਜਾਣਕਾਰੀ ਦਿੰਦਿਆਂ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਆਰ.ਏ.ਟੀ. ਵਲੋਂ ਟੈਸਟ ਕੀਤੇ ਜਾਣ ਤੋਂ ਬਾਅਦ ਉਹ ਆਪਣੇ ਜ਼ਿਲ੍ਹਿਆਂ ਦੇ ਪ੍ਰੋਟੋਕੋਲ ਅਨੁਸਾਰ ਭਾਰਤ ਪਹੁੰਚਣ ਤੋਂ 5ਵੇਂ ਦਿਨ ਕੋਵਿਡ-19 ਲਈ ਆਰ.ਟੀ.-ਪੀ.ਸੀ.ਆਰ. ਟੈਸਟ ਕਰਵਾਉਣਗੇ। ਜੇਕਰ ਰਿਪੋਰਟ ਨੈਗੇਟਿਵ ਆਉਂਦੀ ਹੈ ਤਾਂ ਘਰੇਲੂ ਇਕਾਂਤਵਾਸ ਖ਼ਤਮ ਹੋ ਜਾਵੇਗਾ। ਉਹ ਅਗਲੇ 7 ਦਿਨਾਂ ਲਈ ਆਪਣੀ ਸਿਹਤ ਦੀ ਖੁਦ ਨਿਗਰਾਨੀ ਕਰਨਗੇ ਅਤੇ ਜੇ ਕੋਈ ਲੱਛਣ ਵਿਖਾਈ ਦਿੰਦਾ ਹੈ ਤਾਂ ਉਹ ਸਿਹਤ ਵਿਭਾਗ ਨੂੰ ਰਿਪੋਰਟ ਕਰਨਗੇ। ਜੇਕਰ ਕੋਵਿਡ -19 ਲਈ ਆਰ. ਟੀ-ਪੀ. ਸੀ. ਆਰ ਪਾਜ਼ੇਟਿਵ ਪਾਇਆ ਜਾਂਦਾ ਹੈ ਤਾਂ ਉਨ੍ਹਾਂ ਦੀ ਡਾਕਟਰੀ ਤੌਰ 'ਤੇ ਜਾਂਚ ਕੀਤੀ ਜਾਵੇਗੀ ਅਤੇ ਪੰਜਾਬ ਕੋਵਿਡ -19 ਪ੍ਰਬੰਧਨ ਪ੍ਰੋਟੋਕੋਲ ਦੀ ਪਾਲਣਾ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਹ ਸੋਧੇ ਹੋਏ ਦਿਸ਼ਾ-ਨਿਰਦੇਸ਼ ਪੰਜਾਬ ਦੇ ਸਾਰੇ ਡਿਪਟੀ ਕਮਿਸ਼ਨਰਾਂ ਅਤੇ ਸਿਵਲ ਸਰਜਨਾਂ ਨੂੰ ਜਾਰੀ ਕੀਤੇ ਗਏ ਹਨ।
ਇਹ ਵੀ ਪੜ੍ਹੋ : ਖੇਤੀ ਬਿੱਲਾਂ ਦੇ ਵਿਰੋਧ 'ਚ ਖੁੱਲ੍ਹ ਕੇ ਨਿੱਤਰੇ ਨਵਜੋਤ ਸਿੱਧੂ, ਕੇਂਦਰ ਨੂੰ ਮਾਰਿਆ 'ਲਲਕਾਰਾ'
ਸਿੱਧੂ ਨੇ ਅੱਗੇ ਦੱਸਿਆ ਕਿ ਜੇਕਰ ਕੋਵਿਡ-19 ਲਈ ਆਰ.ਏ.ਟੀ ਪਾਜ਼ੇਟਿਵ ਆਉਂਦਾ ਹੈ ਤਾਂ ਸਬੰਧਤ ਵਿਅਕਤੀ ਘਰੇਲੂ ਆਈਸੋਲੇਸ਼ਨ/ਸਰਕਾਰੀ ਇਕਾਂਤਵਾਸ ਸਹੂਲਤ ਜਾਂ ਭੁਗਤਾਨ ਦੇ ਆਧਾਰ 'ਤੇ ਨਿੱਜੀ ਹਸਪਤਾਲਾਂ ਦੇ ਬਦਲ ਦੀ ਚੋਣ ਕਰ ਸਕਦਾ ਹੈ ਅਤੇ ਅਜਿਹੇ ਵਿਅਕਤੀਆਂ ਦਾ ਇਲਾਜ ਕੋਵਿਡ-19 ਪ੍ਰਬੰਧਨ ਪ੍ਰੋਟੋਕੋਲ ਦੇ ਮੁਤਾਬਕ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਘਰੇਲੂ ਇਕਾਂਤਵਾਸ ਦੀ ਚੋਣ ਕਰਨ ਵਾਲਾ ਵਿਅਕਤੀ ਸਹਿਮਤੀ ਫਾਰਮ ਰਾਹੀਂ ਦਰਜ ਕਰਵਾਏਗਾ ਜਿਸ ਵਿਚ ਦੱਸਿਆ ਗਿਆ ਹੈ ਕਿ ਉਸਦੀ ਰਿਹਾਇਸ਼ ਵਿਖੇ ਘਰੇਲੂ ਆਈਸੋਲੇਸ਼ਨ ਦੀ ਸੁਵਿਧਾ ਹੈ ਅਤੇ ਉਸਨੂੰ ਬਿਮਾਰੀ ਦਾ ਕੋਈ ਲੱਛਣ ਨਹੀਂ ਹੈ ਜਾਂ ਥੋੜੇ ਬਹੁਤ ਲੱਛਣ ਹਨ ਅਤੇ ਉਸਨੂੰ ਕੋਈ ਹੋਰ ਬਿਮਾਰੀ (ਕੋਮਾਰਬਿਟੀ) ਤੇ ਸਥਿਤੀ ਕਾਬੂ ਵਿਚ ਹੈ। ਇਹ ਵਿਅਕਤੀ ਘਰੇਲੂ ਇਕਾਂਤਵਾਸ ਪ੍ਰੋਟੋਕੋਲ ਦੀ ਸਖ਼ਤੀ ਨਾਲ ਪਾਲਣਾ ਕਰੇਗਾ।
ਇਹ ਵੀ ਪੜ੍ਹੋ : ਸਿਆਸੀ ਸੰਕਟ 'ਚ ਸੁਖਬੀਰ ਬਾਦਲ, ਨਜ਼ਦੀਕੀ ਲੀਡਰ ਦੇ 'ਚਿੱਠੀ ਬੰਬ' ਨੇ ਪਾਈਆਂ ਭਾਜੜਾਂ
ਮੰਤਰੀ ਨੇ ਕਿਹਾ ਕਿ ਦਿਸ਼ਾ ਨਿਰਦੇਸ਼ਾਂ ਮੁਤਾਬਕ ਹਵਾਈ/ਸੜਕ ਯਾਤਰਾ ਰਾਹੀਂ ਪੰਜਾਬ ਆਉਣ ਵਾਲੇ ਸਾਰੇ ਅੰਤਰਰਾਸ਼ਟਰੀ ਯਾਤਰੀ ਆਪਣੇ ਨਿੱਜੀ ਅਤੇ ਸਿਹਤ ਸਬੰਧੀ ਵੇਰਵਿਆਂ ਨਾਲ ਸਵੈ-ਘੋਸ਼ਣਾ www.newdelhiairport.in 'ਤੇ ਦਰਜ ਕਰਵਾਉਣਗੇ ਅਤੇ ਇਸ ਦੀ ਇਕ ਕਾਪੀ ਸਟੇਟ ਅਧਿਕਾਰੀਆਂ ਨੂੰ ਸੌਂਪਣਗੇ। ਉਨ੍ਹਾਂ ਦੱਸਿਆ ਕਿ ਦਾਖਲੇ ਮੌਕੇ ਯਾਤਰੀਆਂ ਦੀ ਸਿਹਤ ਪ੍ਰੋਟੋਕੋਲ ਅਨੁਸਾਰ ਜਾਂਚ ਵੀ ਕੀਤੀ ਜਾਵੇਗੀ। ਸੂਬੇ ਵਿਚ ਦਾਖ਼ਲ ਹੋਣ ਵਾਲੇ ਸਾਰੇ ਵਿਦੇਸ਼ੀ ਯਾਤਰੀਆਂ ਨੂੰ ਸਵੈ-ਘੋਸ਼ਣਾ ਫਾਰਮ ਭਰ ਕੇ ਜ਼ਿਲ੍ਹਾ ਸਿਹਤ/ਪ੍ਰਸ਼ਾਸਨਿਕ ਅਥਾਰਟੀਆਂ ਕੋਲ ਜਮਾਂ ਕਰਵਾਉਣਾ ਹੋਵੇਗਾ।
ਇਹ ਵੀ ਪੜ੍ਹੋ : ਕੁੱਖੋਂ ਜੰਮਣ ਵਾਲੀ ਮਾਂ ਨਾਲ ਜੱਲਾਦ ਬਣਿਆ ਪੁੱਤ, ਹੈਰਾਨ ਕਰਨ ਵਾਲੀ ਹੈ ਪੂਰੀ ਘਟਨਾ
ਪੋਰਟਲ 'ਤੇ ਪਹੁੰਚਣ ਤੋਂ ਪਹਿਲਾਂ ਨੈਗੇਟਿਵ ਆਰ. ਟੀ-ਪੀ. ਸੀ. ਆਰ. ਟੈਸਟ ਰਿਪੋਰਟ (ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ 96 ਘੰਟਿਆਂ ਦੇ ਅੰਦਰ-ਅੰਦਰ) ਜਮ੍ਹਾਂ ਕਰਵਾਉਣ ਵਾਲੇ ਵਿਅਕਤੀਆਂ ਨੂੰ ਉਸ ਰਿਪੋਰਟ ਦੀ ਇਕ ਕਾਪੀ ਪੇਸ਼ ਕਰਨੀ ਹੋਵੇਗੀ ਤਾਂ ਹੀ ਉਸਨੂੰ ਘਰੇਲੂ ਇਕਾਂਤਵਾਸ ਦੀ ਇਜਾਜ਼ਤ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਯਾਤਰੀਆਂ ਨੂੰ ਵੀ ਸਿਹਤ ਅਧਿਕਾਰੀਆਂ/ਜ਼ਿਲ੍ਹਾ ਪ੍ਰਸ਼ਾਸਨ ਨੂੰ ਆਪਣੀ ਸਿਹਤ ਦੀ ਸਥਿਤੀ ਸਬੰਧੀ ਸਵੈ-ਨਿਗਰਾਨੀ ਲਈ ਲਿਖਤੀ ਅਰਜ਼ੀ ਦੇਣੀ ਹੋਵੇਗੀ ਅਤੇ ਕੋਵਾ ਐਪ ਡਾਊਨਲੋਡ ਕਰਕੇ ਇਸਨੂੰ ਐਕਟਿਵ ਰੱਖਣਾ ਹੋਵੇਗਾ। ਜੇ ਕੋਈ ਲੱਛਣ ਨਜ਼ਰ ਆਉਂਦੇ ਹਨ ਤਾਂ ਉਹ ਜ਼ਿਲ੍ਹਾ ਨਿਗਰਾਨੀ ਅਧਿਕਾਰੀ ਜਾਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਸੂਚਿਤ ਕਰਨਗੇ। ਜੋ ਯਾਤਰੀ ਆਰ. ਟੀ-ਪੀ. ਸੀ. ਆਰ. ਟੈਸਟ ਰਿਪੋਰਟ ਜਮਾਂ ਨਹੀਂ ਕਰਾਉਣਗੇ, ਉਨ੍ਹਾਂ ਦੀ ਰੈਪਿਡ ਐਂਟੀਜੇਨ ਟੈਸਟਿੰਗ (ਆਰ.ਏ.ਟੀ) ਕਿੱਟਾਂ ਰਾਹੀਂ ਜਾਂਚ ਕੀਤੀ ਜਾਵੇਗੀ। ਮੰਤਰੀ ਨੇ ਸਪੱਸ਼ਟ ਕੀਤਾ ਕਿ ਯਾਤਰੀ ਸਰਕਾਰ ਵਲੋਂ ਕੋਵਿਡ-19 ਦੇ ਫੈਲਾਅ ਤੋਂ ਬਚਾਅ ਲਈ ਜਾਰੀ ਕੀਤੇ ਗਏ ਸਾਰੀਆਂ ਸਾਵਧਾਨੀਆਂ ਤੇ ਸੁਰੱਖਿਆ ਉਪਾਵਾਂ ਦੀ ਪਾਲਣਾ ਕਰਨਗੇ, ਜਿਵੇਂ ਹੱਥਾਂ ਨੂੰ ਸਾਫ ਰੱਖਣਾ, ਮਾਸਕ ਪਹਿਨਣਾ ਅਤੇ ਸਮਾਜਕ ਦੂਰੀ ਬਣਾਈ ਰੱਖਣਾ।
ਇਹ ਵੀ ਪੜ੍ਹੋ : ਵਿਦੇਸ਼ 'ਚ ਰਹਿੰਦਾ ਸੀ ਪਤੀ, ਇਧਰ ਸ਼ੱਕੀ ਹਾਲਾਤ 'ਚ ਪਤਨੀ ਦੀ ਮੌਤ