ਵਿਧਾਇਕਾਂ ਅਤੇ ਮੰਤਰੀਆਂ ਨੂੰ 'ਧੱਕੇਸ਼ਾਹੀ' ਐਵਾਰਡ ਦੇਣਗੇ ਮੁਲਾਜ਼ਮ
Saturday, Mar 10, 2018 - 11:02 AM (IST)
ਸੰਗਰੂਰ (ਰੂਪਕ)—ਠੇਕਾ ਮੁਲਾਜ਼ਮ ਐਕਸ਼ਨ ਕਮੇਟੀ ਦੇ ਆਗੂ ਅਮਨਜੀਤ ਸਿੰਘ ਨੇ ਕਿਹਾ ਕਿ ਸਰਕਾਰ ਦਾ ਕੋਈ ਵੀ ਨੁਮਾਇੰਦਾ ਮੁਲਾਜ਼ਮਾਂ ਦੀ ਗੱਲ ਸੁਣਨ ਲਈ ਤਿਆਰ ਨਹੀਂ ਹੈ ਅਤੇ ਨਾ ਹੀ ਮੁਲਾਜ਼ਮਾਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ, ਜਿਸ ਦੇ ਰੋਸ ਵਜੋਂ ਅੱਜ ਮੁਲਾਜ਼ਮਾਂ ਵੱਲੋਂ ਵਿਧਾਇਕਾਂ ਤੇ ਮੰਤਰੀਆਂ ਨੂੰ 'ਧੱਕੇਸ਼ਾਹੀ' ਐਵਾਰਡ ਦੇਣ ਦਾ ਫੈਸਲਾ ਕੀਤਾ ਗਿਆ ਕਿਉਂਕਿ ਕਾਂਗਰਸ ਸਰਕਾਰ ਹਰ ਇਕ ਫੈਸਲਾ ਆਮ ਜਨਤਾ 'ਤੇ ਧੱਕੇ ਨਾਲ ਥੋਪ ਰਹੀ ਹੈ। ਆਗੂਆਂ ਨੇ ਕਿਹਾ ਕਿ ਧੱਕੇਸ਼ਾਹੀ ਐਵਾਰਡ ਦੇਣ ਤੋਂ ਬਾਅਦ ਮੁਲਾਜ਼ਮ ਕਾਂਗਰਸ ਵਿਧਾਇਕਾਂ, ਮੰਤਰੀਆਂ ਅਤੇ ਕਾਂਗਰਸ ਪ੍ਰਧਾਨਾਂ ਅਤੇ ਆਗੂਆਂ ਤੋਂ ਬਲਾਕ ਜ਼ਿਲਾ ਪੱਧਰ 'ਤੇ ਰੱਸਿਆਂ ਦੀ ਮੰਗ ਕਰਨਗੇ ਤਾਂ ਜੋ ਫਾਹ ਲਿਆ ਜਾ ਸਕੇ ਕਿਉਂਕਿ ਹੁਣ ਕਾਂਗਰਸ ਸਰਕਾਰ ਜੋ ਹਾਲਾਤ ਬਣਾ ਰਹੀ ਹੈ, ਉਹ ਵੀ ਮੁਲਾਜ਼ਮਾਂ ਦਾ ਗਲ ਘੁੱਟਣ ਤੋਂ ਘੱਟ ਨਹੀਂ। ਇਸ ਲਈ ਮੁਲਾਜ਼ਮ ਕਾਂਗਰਸ ਦੇ ਰੱਸੇ ਨੂੰ ਗਲੇ 'ਚ ਪਾ ਕੇ ਫਾਹ ਲੈ ਲੈਣਗੇ।
ਆਗੂਆਂ ਨੇ ਐਲਾਨ ਕੀਤਾ ਕਿ ਜੇਕਰ ਹੁਣ ਵੀ ਕਾਂਗਰਸ ਵੱਲੋਂ ਮੁਲਾਜ਼ਮਾਂ ਦੀਆਂ ਮੰਗਾਂ ਵੱਲ ਗੌਰ ਨਾ ਕੀਤਾ ਗਿਆ ਅਤੇ ਤੁਰੰਤ ਉਨ੍ਹਾਂ ਦੀਆਂ ਮੰਗਾਂ ਸਬੰਧੀ ਗੱਲਬਾਤ ਨਾ ਕੀਤੀ ਗਈ ਤਾਂ ਮੁਲਾਜ਼ਮ 15 ਮਾਰਚ ਤੋਂ ਸੈਕਟਰ 17 ਚੰਡੀਗੜ੍ਹ ਵਿਖੇ ਭੁੱਖ ਹੜਤਾਲ ਸ਼ੁਰੂ ਕਰ ਦੇਣਗੇ ਅਤੇ ਜੇਕਰ ਜ਼ਰੂਰਤ ਪਈ ਤਾਂ ਮਰਨ ਵਰਤ ਰੱਖਣ ਤੋਂ ਵੀ ਪਿੱਛੇ ਨਹੀਂ ਹਟਣਗੇ।
