ਸੋਨੀਆ ਵੱਲੋਂ ਸ਼ੱਕ ਦੀ ਸਥਿਤੀ ਨੂੰ ਸਾਫ ਕਰਨ ਨਾਲ ਕਾਂਗਰਸੀਆਂ ਤੇ ਅਫਸਰਸ਼ਾਹੀ ਨੇ ਲਿਆ ਸੁੱਖ ਦਾ ਸਾਹ
Friday, Aug 27, 2021 - 12:45 PM (IST)

ਜਲੰਧਰ (ਧਵਨ) : ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਵੱਲੋਂ ਪੰਜਾਬ ’ਚ ਕਾਂਗਰਸ ਦੀ ਲੀਡਰਸ਼ਿਪ ਨੂੰ ਲੈ ਕੇ ਸਥਿਤੀ ਸਾਫ ਕਰ ਲੈਣ ਦੇ ਬਾਅਦ ਸੂਬੇ ’ਚ ਕਾਂਗਰਸੀਆਂ ਤੇ ਅਫਰਸ਼ਾਹੀ ਨੇ ਸੁੱਖ ਦਾ ਸਾਹ ਲਿਆ ਹੈ। ਸੋਨੀਆ ਨੇ ਇਹ ਸੰਦੇਸ਼ ਦਿੱਤਾ ਸੀ ਕਿ ਆਉਂਦੀਆਂ ਵਿਧਾਨ ਸਭਾ ਚੋਣਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ’ਚ ਲੜੀਆਂ ਜਾਣਗੀਆਂ ਅਤੇ ਨਾਲ ਹੀ ਉਨ੍ਹਾਂ ਕੈਪਟਨ ਨੂੰ ਕਾਂਗਰਸ ਦੀ ਜਿੱਤ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਵੀ ਦਿੱਤੇ। ਕਾਂਗਰਸੀਆਂ ਦਾ ਵੀ ਮੰਨਣਾ ਹੈ ਕਿ ਪਹਿਲਾਂ ਉਹ ਵੀ ਅੱਧ ਵਿਚਕਾਰ ਲਟਕੇ ਹੋਏ ਸਨ। ਕੁਝ ਕਾਂਗਰਸੀ ਫੈਸਲਾ ਨਹੀਂ ਕਰ ਰਹੇ ਸੀ ਕਿ ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲ ਜਾਣਾ ਹੈ ਜਾਂ ਫਿਰ ਨਵਜੋਤ ਸਿੰਘ ਸਿੱਧੂ ਵੱਲ। ਇਹ ਵੀ ਕਿਹਾ ਜਾ ਰਿਹਾ ਕਿ ਅੱਧ-ਵਿਚਾਲੇ ਲਟਕੇ ਕਈ ਕਾਂਗਰਸੀ ਵਿਧਾਇਕ ਹੁਣ ਮੁੜ ਕੈਪਟਨ ਅਮਰਿੰਦਰ ਸਿੰਘ ਵੱਲ ਆ ਜਾਣਗੇ। ਇਸੇ ਤਰ੍ਹਾਂ ਪ੍ਰਸ਼ਾਸਨ ਅਤੇ ਪੁਲਸ ਦੇ ਅੰਦਰ ਵੀ ਜੋ ਬੇ-ਯਕੀਨੀ ਦੀ ਸਥਿਤੀ ਪੈਦਾ ਹੋਈ ਸੀ, ਉਹ ਵੀ ਹੁਣ ਦੂਰ ਹੋ ਗਈ ਹੈ। ਉੱਚ ਅਧਿਕਾਰੀਆਂ ਦਾ ਮੰਨਣਾ ਹੈ ਕਿ ਚੰਡੀਗੜ੍ਹ ’ਚ ਵੀ ਪ੍ਰਸ਼ਾਸਨ ਤੇ ਪੁਲਸ ਦੇ ਕੰਮਕਾਜ ’ਚ ਤੇਜ਼ੀ ਦਾ ਰੁਖ ਦੇਖਣ ਨੂੰ ਮਿਲੇਗਾ। ਮੁੱਖ ਮੰਤਰੀ ਦੇ ਨਜ਼ਦੀਕੀ ਸੂਤਰਾਂ ਦਾ ਕਹਿਣਾ ਹੈ ਕਿ ਹੁਣ ਜੇਕਰ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੈਬਨਿਟ ’ਚ ਫੇਰਬਦਲ ਨੂੰ ਲੈ ਕੇ ਫੈਸਲਾ ਲਿਆ ਜਾਂਦਾ ਹੈ ਤਾਂ ਉਨ੍ਹਾਂ ਦੀ ਸਥਿਤੀ ਹੋਰ ਮਜ਼ਬੂਤ ਹੋ ਜਾਵੇਗੀ।
ਇਹ ਵੀ ਪੜ੍ਹੋ : ਡੀ. ਐੱਸ. ਜੀ. ਪੀ. ਸੀ. ਦੀਆਂ ਚੋਣਾਂ ’ਚ ਵੱਡੀ ਜਿੱਤ ਅਕਾਲੀ ਦਲ ਲਈ ਸ਼ੁੱਭ ਸੰਕੇਤ
ਦੂਜੇ ਪਾਸੇ ਅੱਜ ਵੀ ਮੁਖ ਮੰਤਰੀ ਦੀ ਰਿਹਾਇਸ਼ ’ਤੇ ਕੈਬਨਿਟ ਦੀ ਬੈਠਕ ਤੋਂ ਬਾਅਦ ਕਾਫੀ ਸਿਆਸੀ ਸਰਗਰਮੀਆਂ ਤੇਜ਼ ਰਹੀਆਂ। ਕੈਪਟਨ ਦਾ ਪੂਰਾ ਅਮਲਾ ਹੁਣ ਸਰਗਰਮ ਹੋ ਗਿਆ ਹੈ ਅਤੇ ਉਨ੍ਹਾਂ ਵੱਲੋਂ ਕਾਂਗਰਸ ਦੇ ਚੁਣੇ ਗਏ ਨੁਮਾਇੰਦਿਆਂ ਅਤੇ ਪਾਰਟੀ ਨੇਤਾਵਾਂ ਦੀਆਂ ਲਗਾਤਾਰ ਬੈਠਕਾਂ ਮੁੱਖ ਮੰਤਰੀ ਨਾਲ ਕਰਵਾਈਆਂ ਜਾ ਰਹੀਆਂ ਹਨ।
ਇਹ ਵੀ ਪੜ੍ਹੋ : ਅਕਾਲੀ ਦਲ ਦੀ ਪੰਥਕ ਵਚਨਬੱਧਤਾ ’ਤੇ ਸਵਾਲ ਕਰਨ ਵਾਲਿਆਂ ਨੂੰ ਸੰਗਤ ਨੇ ਸਿਖਾਇਆ ਸਬਕ : ਸੁਖਬੀਰ
ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ