ਕਾਂਗਰਸ ਵਧਾਏਗੀ ਲੋਕ ਸਭਾ ਚੋਣਾਂ ਲਈ ਆਪਣੀ ਤਾਕਤ, ਪਟਨਾ ’ਚ ਬੈਠਕ ਨਾਲ ਪੰਜਾਬ ਕਾਂਗਰਸ ’ਚ ਹਲਚਲ

Tuesday, Jun 27, 2023 - 01:15 PM (IST)

ਕਾਂਗਰਸ ਵਧਾਏਗੀ ਲੋਕ ਸਭਾ ਚੋਣਾਂ ਲਈ ਆਪਣੀ ਤਾਕਤ, ਪਟਨਾ ’ਚ ਬੈਠਕ ਨਾਲ ਪੰਜਾਬ ਕਾਂਗਰਸ ’ਚ ਹਲਚਲ

ਚੰਡੀਗੜ੍ਹ (ਹਰੀਸ਼ਚੰਦਰ) : ਅਗਲੇ ਸਾਲ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਲਈ ਕਾਂਗਰਸ ਪੰਜਾਬ ’ਚ ਵੀ ਆਪਣੀ ਤਾਕਤ ਵਧਾਏਗੀ। ਇਸ ਲਈ ਪਾਰਟੀ ਨੇ ਆਪਣੀ ਸਰਗਰਮੀ ਨੂੰ ਹੋਰ ਰਫ਼ਤਾਰ ਦੇਣ ਦੇ ਨਾਲ-ਨਾਲ ਆਪਣੇ ਵਰਕਰਾਂ ਨੂੰ ਇੱਕਜੁਟ ਰੱਖਣ ’ਤੇ ਖ਼ਾਸ ਫੋਕਸ ਕੀਤਾ ਹੈ। ਪਿਛਲੀ ਵਾਰ 8 ਸੀਟਾਂ ਜਿੱਤਣ ਵਾਲੀ ਕਾਂਗਰਸ ਬਦਲੇ ਹੋਏ ਰਾਜਨੀਤਕ ਮਾਹੌਲ ’ਚ ਬਿਹਤਰ ਪ੍ਰਦਰਸ਼ਨ ਕਰੇਗੀ, ਅਜਿਹੀ ਉਮੀਦ ਪ੍ਰਦੇਸ਼ ਕਾਂਗਰਸ ਦੇ ਨੇਤਾਵਾਂ ਨੂੰ ਹੈ। ਭਾਜਪਾ ਵਰਗੀ ਭੱਜਦੌੜ, ਬੈਠਕਾਂ ਅਤੇ ਰੈਲੀਆਂ ਦੇ ਦੌਰ ਤਾਂ ਕਾਂਗਰਸ ’ਚ ਫਿਲਹਾਲ ਨਜ਼ਰ ਨਹੀਂ ਆਉਂਦੇ ਪਰ ਕਾਂਗਰਸ ਨੇਤਾਵਾਂ ਦੀ ਮੰਨੀਏ ਤਾਂ ਉਨ੍ਹਾਂ ਦੀ ਅਜਿਹੀ ਸਰਗਰਮੀ ਚਾਹੇ ਨਜ਼ਰ ਨਾ ਆਉਂਦੀ ਹੋਵੇ ਪਰ ਉਸ ਦੀ ਤਿਆਰੀ ਭਾਜਪਾ ਤੋਂ ਘੱਟ ਨਹੀਂ ਹੈ। ਪ੍ਰਦੇਸ਼ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਮਰੀਕਾ ਦੌਰੇ ਤੋਂ ਪਰਤਣ ਵਾਲੇ ਹਨ। ਉਨ੍ਹਾਂ ਦੇ ਪਰਤਣ ਤੋਂ ਬਾਅਦ ਕਾਂਗਰਸ ਚੋਣ ਬੈਠਕਾਂ ਨੂੰ ਤੇਜ਼ ਕਰਨ ਵਾਲੀ ਹੈ। ਉਨ੍ਹਾਂ ਦੀ ਗੈਰ-ਮੌਜੂਦਗੀ ’ਚ ਵਿਧਾਨ ਸਭਾ ’ਚ ਵਿਰੋਧੀ ਪੱਖ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਬਤੌਰ ਵਿਰੋਧੀ ਧਿਰ ਕਾਂਗਰਸ ਦਾ ਰਾਜਨੀਤਕ ਵਜ਼ੂਦ ਬਣਾਈ ਰੱਖਣ ਦਾ ਪੁਰਜ਼ੋਰ ਯਤਨ ਤਾਂ ਕੀਤਾ। ਹਾਲਾਂਕਿ ਉਹ ਵਿਧਾਨ ਸਭਾ ਅੰਦਰ ਅਤੇ ਬਾਹਰ ਮੁੱਦਿਆਂ ਨੂੰ ਗਰਮਾਉਣ ’ਚ ਨਾਕਾਮ ਰਹੇ ਹਨ। ਹੁਣ ਸੰਭਵ ਹੈ ਕਿ ਪਾਰਟੀ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਜਨਤਾ ’ਚ ਜਾਵੇ ਅਤੇ ਲੋਕ ਸਭਾ ਚੋਣਾਂ ਤੱਕ ਆਪਣੀ ਹਵਾ ਬਣਾਉਣ ਦੀ ਕੋਸ਼ਿਸ਼ ਕਰੇ।

ਇਹ ਵੀ ਪੜ੍ਹੋ : ਜਾਣੋ ਕੌਣ ਹਨ ਮੁੱਖ ਸਕੱਤਰ ਅਨੁਰਾਗ ਵਰਮਾ, 1 ਜੁਲਾਈ ਨੂੰ ਸੰਭਾਲਣਗੇ ਅਹੁਦਾ 

ਪਟਨਾ ’ਚ ਬੈਠਕ ਨਾਲ ਪੰਜਾਬ ਕਾਂਗਰਸ ’ਚ ਹਲਚਲ
ਵਿਰੋਧੀ ਦਲਾਂ ਦੀ ਪਟਨਾ ’ਚ ਬੈਠਕ ਵਿਚ ਆਮ ਆਦਮੀ ਪਾਰਟੀ ਦੇ ਨਾਲ ਮੰਚ ਸਾਂਝਾ ਕਰਨ ਤੋਂ ਬਾਅਦ ਪੰਜਾਬ ਕਾਂਗਰਸ ’ਚ ਹਲਚਲ ਤੇਜ਼ ਹੋ ਗਈ ਹੈ। ਉਸ ਬੈਠਕ ’ਚ ਤੈਅ ਹੋਇਆ ਸੀ ਕਿ ਅਗਲੀ ਬੈਠਕ ਜੁਲਾਈ ’ਚ ਸ਼ਿਮਲਾ ਵਿਚ ਹੋਵੇਗੀ, ਜਿਸ ’ਚ ਵਿਰੋਧੀ ਪਾਰਟੀਆਂ ਸੀਟਾਂ ਦੇ ਬਟਵਾਰੇ ’ਤੇ ਚਰਚਾ ਕਰਨਗੀਆਂ। ਇਸ ਐਲਾਨ ਤੋਂ ਬਾਅਦ ਕਾਂਗਰਸ ਨੇਤਾ ਸਮਝ ਨਹੀਂ ਪਾ ਰਹੇ ਕਿ ਪਾਰਟੀ ਇਕੱਲੇ ਚੋਣ ਲੜੇਗੀ ਜਾਂ ‘ਆਪ’ ਨਾਲ ਸੀਟਾਂ ’ਤੇ ਤਾਲਮੇਲ ਕਰੇਗੀ। ਜੇਕਰ ਅਜਿਹਾ ਹੁੰਦਾ ਹੈ ਤਾਂ ਕਿਹੜੀਆਂ ਸੀਟਾਂ ਉਸ ਦੇ ਹਿੱਸੇ ਆਉਣਗੀਆਂ, ਇਸ ’ਤੇ ਸਿਰ ਖਪਾਈ ਵਰਕਰ ਕਰਨ ਲੱਗੇ ਹਨ।

ਇਹ ਵੀ ਪੜ੍ਹੋ : ਵਿਰੋਧੀ ਧਿਰ ਨੂੰ ਸ਼ੱਕ, ਭਾਜਪਾ ਦੇ ਨਾਲ ਜਾਵੇਗਾ ਸ਼੍ਰੋਅਦ, ਇਸੇ ਲਈ ਨਹੀਂ ਦਿੱਤਾ ਬੈਠਕ ਦਾ ਸੱਦਾ : ਪ੍ਰੋ. ਚੰਦੂਮਾਜਰਾ

ਢੋਲ ਵਜਾ ਕੇ ਕਾਰਜਪ੍ਰਣਾਲੀ ਦਾ ਬਖਾਨ ਨਹੀਂ ਕਰਦੇ
ਪ੍ਰਦੇਸ਼ ਕਾਂਗਰਸ ਇੰਚਾਰਜ ਹਰੀਸ਼ ਚੌਧਰੀ ਦਾ ਕਹਿਣਾ ਹੈ ਕਿ ਕਾਂਗਰਸੀ ਵਰਕਰ ਪਿਛਲੀਆਂ ਵਿਧਾਨ ਸਭਾ ਚੋਣਾਂ ਦੇ ਬਾਅਦ ਤੋਂ ਸ਼ਾਂਤ ਨਹੀਂ ਹਨ। ਇਹ ਪੁੱਛੇ ਜਾਣ ’ਤੇ ਕਿ ਭਾਜਪਾ ਦੇ ਕਈ ਕੇਂਦਰੀ ਮੰਤਰੀ ਲਗਾਤਾਰ ਪੰਜਾਬ ਦੇ ਵੱਖ-ਵੱਖ ਲੋਕ ਸਭਾ ਹਲਕਿਆਂ ਦੇ ਦੌਰੇ ਕਰ ਰਹੇ ਹਨ, ਸਥਾਨਕ ਪੱਧਰ ’ਤੇ ਬੈਠਕਾਂ ਅਤੇ ਰੈਲੀਆਂ ਕਰ ਰਹੇ ਹਨ। ਕਾਂਗਰਸ ’ਚ ਅਜਿਹੀ ਸਰਗਰਮੀ ਨਜ਼ਰ ਨਹੀਂ ਆਉਂਦੀ। ਚੌਧਰੀ ਨੇ ਕਿਹਾ ਕਿ ਹੋਰ ਪਾਰਟੀਆਂ ਦੀ ਤਰ੍ਹਾਂ ਉਹ ਢੋਲ ਵਜਾ ਕੇ ਆਪਣੀ ਕਾਰਜਪ੍ਰਣਾਲੀ ਦਾ ਬਖਾਨ ਨਹੀਂ ਕਰਦੇ। ਬਸ ਇਸ ਤਰ੍ਹਾਂ ਸਮਝਲੋ ਕਿ ਕਾਂਗਰਸ ਲੋਕ ਸਭਾ ਚੋਣਾਂ ਲਈ ਅੰਦਰਖਾਤੇ ਪੂਰੀ ਤਰ੍ਹਾਂ ਨਾਲ ਤਿਆਰ ਹੈ। ਭਾਜਪਾ ਦਾ ਤਿਆਰੀ ਦਾ ਸਕੇਲ ਵੱਖ ਹੈ ਅਤੇ ਸਾਡਾ ਵੱਖ। ਜਿੱਥੇ ਜ਼ਰੂਰੀ ਹੈ, ਅਸੀਂ ਬੈਠਕਾਂ ਵੀ ਕਰ ਰਹੇ ਹਾਂ। ਪਾਰਟੀ ਨੇ ਕਈ ਲੋਕ ਸਭਾ ਹਲਕਿਆਂ ’ਚ ਵਰਕਰਾਂ ਦੀਆਂ ਬੈਠਕਾਂ ਕੀਤੀਆਂ ਹਨ। ਜਲੰਧਰ ਅਤੇ ਲੁਧਿਆਣਾ ’ਚ ਮਾਰਚ ਕੱਢਿਆ ਹੈ। ਸਾਡੇ ਵਰਕਰ ਅਤੇ ਨੇਤਾ ਲੋਕ ਸਭਾ ਚੋਣਾਂ ਲਈ ਤਿਆਰ ਹਨ। ਰਾਹੁਲ ਗਾਂਧੀ ਦੀ ਯਾਤਰਾ ਲਗਭਗ 10 ਦਿਨ ਪੰਜਾਬ ਵਿਚ ਰਹੀ, ਉਨ੍ਹਾਂ ਨੂੰ ਵੀ ਖੂਬ ਹੁੰਗਾਰਾ ਮਿਲਿਆ ਸੀ। ਪੰਜਾਬ ਦੇ ਲੋਕ ਲੋਕ ਸਭਾ ਚੋਣਾਂ ’ਚ ਪਿਛਲੀਆਂ ਚੋਣਾਂ ਦੇ ਮੁਕਾਬਲੇ ਕਾਂਗਰਸ ’ਤੇ ਜ਼ਿਆਦਾ ਭਰੋਸਾ ਜਤਾਉਣਗੇ।

ਇਹ ਵੀ ਪੜ੍ਹੋ : ਐਕਸ਼ਨ ’ਚ ਟਰਾਂਸਪੋਰਟ ਵਿਭਾਗ, ਸਰਕਾਰੀ ਖ਼ਜ਼ਾਨੇ ਨੂੰ ਖੋਰਾ ਲਾਉਂਦੇ ਤਿੰਨ ਕੰਡਕਟਰ ਕਾਬੂ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


author

Anuradha

Content Editor

Related News