ਮੂਸੇਵਾਲਾ ਦੇ ਨਾਂ ’ਤੇ ਸੰਗਰੂਰ ਜ਼ਿਮਨੀ ਚੋਣ ਲੜੇਗੀ ਕਾਂਗਰਸ, ਰਾਜਾ ਵੜਿੰਗ ਨੇ ਜਾਰੀ ਕੀਤਾ 'ਚੋਣ ਗਾਣਾ'
Monday, Jun 13, 2022 - 05:43 PM (IST)
ਸੰਗਰੂਰ— 23 ਜੂਨ ਨੂੰ ਹੋਣ ਜਾ ਰਹੀ ਸੰਗਰੂਰ ਜ਼ਿਮਨੀ ਚੋਣ ਨੂੰ ਲੈ ਕੇ ਚੋਣ ਅਖਾੜਾ ਭੱਖਣਾ ਸ਼ੁਰੂ ਹੋ ਗਿਆ ਹੈ। ਪੰਜਾਬ ਵਿਚ ਕਾਂਗਰਸ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਨਾਂ ’ਤੇ ਸੰਗਰੂਰ ਜ਼ਿਮਨੀ ਚੋਣ ਲੜੇਗੀ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸੰਗਰੂਰ ਲੋਕ ਸਭਾ ਸੀਟ ’ਤੇ ਹੋ ਰਹੀ ਜ਼ਿਮਨੀ ਚੋਣ ਲਈ ਚੋਣ ਗਾਣਾ ਜਾਰੀ ਕੀਤਾ ਹੈ। ਇਸ ਗਾਣੇ ’ਚ ਮੂਸੇਵਾਲਾ ਦੀ ਮਿ੍ਰਤਕ ਦੇਹ ਅਤੇ ਯਾਦਗਾਰ ਦੀਆਂ ਤਸਵੀਰਾਂ ਵਿਖਾਈਆਂ ਗਈਆਂ ਹਨ। ਗਾਣੇ ’ਚ ਕਿਹਾ ਗਿਆ ਹੈ ਕਿ ਜਿਨ੍ਹਾਂ ਦੇ ਬੇਟੇ ਆਪਣੇ ਨਾ ਮੁੜੇ, ਉਸ ਮਾਂ ਨੂੰ ਪੁੱਛੋ ਕਿ ਅਸੀਂ ਅਜਿਹੇ ਬਦਲਾਅ ਦਾ ਕੀ ਕਰਨਾ ਹੈ? ਆਮ ਆਦਮੀ ਪਾਰਟੀ ਬਦਲਾਅ ਲੈ ਕੇ ਆਉਣ ਦੀ ਗੱਲ ਕਹਿ ਕੇ ਪਿਛਲੀਆਂ ਵਿਧਾਨ ਸਭਾ ਚੋਣਾਂ ਜਿੱਤੀ ਹੈ। ਕਾਂਗਰਸ ਮੂਸੇਵਾਲਾ ਦੇ ਕਤਲ ਦੇ ਬਹਾਨੇ ਯੂਥ ਦੀ ‘ਆਪ’ ਨਾਲ ਨਾਰਾਜ਼ਗੀ ਨੂੰ ਵੀ ਆਪਣੇ ਹੱਕ ’ਚ ਭਗਤਾਉਣ ਦੇ ਰੋਅ ’ਚ ਹੈ।
ਇਹ ਵੀ ਪੜ੍ਹੋ: PU ਸਾਡੀ ਮਾਣਮੱਤੀ ਸੰਸਥਾ, ਨਹੀਂ ਹੋਣ ਦੇਵਾਂਗੇ ਕੇਂਦਰੀਕਰਨ : ਮੀਤ ਹੇਅਰ
ਕਾਨੂੰਨ ਵਿਵਸਥਾ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਘੇਰਿਆ ਜਾ ਰਿਹੈ
ਸਿੱਧੂ ਮੂਸੇਵਾਲਾ ਦੇ ਬਹਾਨੇ ਕਾਂਗਰਸ ਕਾਨੂੰਨ ਵਿਵਸਥਾ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਘੇਰ ਰਹੀ ਹੈ। ਮੂਸੇਵਾਲਾ ਦੇ ਕੋਲ 4 ਗੰਨਮੈਨ ਸਨ, ਜਿਨ੍ਹਾਂ ’ਚੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਨੇ 2 ਗੰਨਮੈਨ ਵਾਪਸ ਲੈ ਲਏ। ਅਗਲੇ ਦੀ ਦਿਨ ਯਾਨੀ ਕਿ 29 ਮਈ ਨੂੰ ਸਿੱਧੂ ਮੂਸੇਵਾਲਾ ਦਾ ਮਾਨਸਾ ਦੇ ਪਿੰਡ ਜਵਾਰਕੇ ’ਚ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਹਾਲਾਂਕਿ ਉਸ ਸਮੇਂ 2 ਗੰਨਮੈਨ ਉਨ੍ਹਾਂ ਦੇ ਨਾਲ ਨਹੀਂ ਸਨ।
ਕਾਂਗਰਸ ਦੇ ਉਮੀਦਵਾਰ ਦੇ ਤੌਰ ’ਤੇ ਵਿਧਾਨ ਸਭਾ ਦੀ ਚੋਣ ਲੜੇ ਸਨ ਮੂਸੇਵਾਲਾ
ਸਿੱਧੂ ਮੂਸੇਵਾਲਾ ਨੇ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਦੀ ਪਾਰਟੀ ਜੁਆਇਨ ਕੀਤੀ ਸੀ। ਉਨ੍ਹਾਂ ਨੇ ਕਾਂਗਰਸ ਦੀ ਟਿਕਟ ’ਤੇ ਮਾਨਸਾ ਸੀਟ ਤੋਂ ਚੋਣ ਲੜੀ। ਹਾਲਾਂਕਿ ਉਹ ਆਮ ਆਦਮੀ ਪਾਰਟੀ ਦੇ ਡਾ. ਵਿਜੇ ਸਿੰਗਲਾ ਤੋਂ ਚੋਣ ਹਾਰ ਗਏ।
ਇਹ ਵੀ ਪੜ੍ਹੋ: ਅੰਮ੍ਰਿਤਸਰ ’ਚ ਵੱਡੀ ਵਾਰਦਾਤ, ਕੁਝ ਦਿਨ ਪਹਿਲਾਂ ਦੁਬਈ ਤੋਂ ਪਰਤੇ ਵਿਅਕਤੀ ਦਾ ਗੋਲ਼ੀਆਂ ਮਾਰ ਕੇ ਕਤਲ
ਪਰਮਾਨੈਂਟ ਸਕਿਓਰਿਟੀ ਚਾਹੁੰਦੇ ਸਨ ਮੂਸੇਵਾਲਾ
ਸਿੱਧੂ ਮੂਸੇਵਾਲਾ ਦੀ ਜਾਨ ਨੂੰ ਖ਼ਤਰਾ ਸੀ। ਇਸ ਲਈ ਉਹ ਸਰਕਾਰ ਤੋਂ ਪਰਮਾਨੈਂਟ ਸਕਿਓਰਿਟੀ ਚਾਹੁੰਦੇ ਸਨ। ਹਾਲਾਂਕਿ ਸਰਕਾਰ ਜਾਂ ਪੁਲਸ ਅਫ਼ਸਰ ਬਦਲਣ ’ਤੇ ਉਨ੍ਹਾਂ ਦੀ ਸਕਿਓਰਿਟੀ ਬਦਲ ਦਿੱਤੀ ਜਾਂਦੀ। ਮੂਸੇਵਾਲਾ ਚਾਹੁੰਦੇ ਸਨ ਕਿ ਉਹ ਵਿਧਾਇਕ ਬਣ ਜਾਣਗੇ ਤਾਂ ਪਰਮਾਨੈਂਟ ਸਕਿਓਰਿਟੀ ਰਹੇਗੀ। ਹਾਲਾਂਕਿ ਨਾ ਤਾਂ ਉਹ ਵਿਧਾਇਕ ਬਣ ਸਕੇ ਅਤੇ ਨਾ ਹੀ ਉਨ੍ਹਾਂ ਦੀ ਜਾਨ ਬਚ ਸਕੀ।
ਜ਼ਿਕਰਯੋਗ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵਿਧਾਨ ਸਭਾ ਚੋਣ ਜਿੱਤਣ ਤੋਂ ਬਾਅਦ ਉਨ੍ਹਾਂ ਨੇ ਸੰਗਰੂਰ ਸੀਟ ਦੇ ਲੋਕ ਸਭਾ ਮੈਂਬਰ ਵਜੋਂ ਅਸਤੀਫ਼ਾ ਦੇ ਦਿੱਤਾ ਸੀ। ਹੁਣ ਜ਼ਿਮਨੀ ਚੋਣ ਤਹਿਤ 23 ਜੂਨ ਨੂੰ ਵੋਟਿੰਗ ਕਰਵਾਉਣ ਦਾ ਐਲਾਨ ਕੀਤਾ ਗਿਆ ਹੈ, ਜਦਕਿ ਚੋਣ ਨਤੀਜਾ 26 ਜੂਨ ਨੂੰ ਐਲਾਨਿਆ ਜਾਵੇਗਾ। ਮਾਰਚ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਹੁੰਝਾ ਫੇਰ ਜਿੱਤ ਨਾਲ ਸੂਬੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਸੰਗਰੂਰ ਜ਼ਿਮਨੀ ਚੋਣ ਪਹਿਲੀ ਚੋਣ ਹੈ।
ਇਹ ਵੀ ਪੜ੍ਹੋ: ਭੁਲੱਥ 'ਚ ਸ਼ਰਮਨਾਕ ਘਟਨਾ, ਨੌਜਵਾਨ ਨੂੰ ਪੁੱਠਾ ਟੰਗ ਕੇ ਦਰੱਖ਼ਤ ਨਾਲ ਲਟਕਾਇਆ, ਜਾਣੋ ਕਿਉਂ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ