ਕਾਂਗਰਸ ਰਾਜ ਸਭਾ ਲਈ ਨਵੇਂ ਚਿਹਰੇ ਸਾਹਮਣੇ ਲਿਆਵੇਗੀ!
Tuesday, Mar 08, 2022 - 10:32 AM (IST)
ਜਲੰਧਰ (ਧਵਨ) : ਚੋਣ ਕਮਿਸ਼ਨ ਵਲੋਂ ਰਾਜ ਸਭਾ ਚੋਣਾਂ ਦੀਆਂ ਮਿਤੀਆਂ ਦਾ ਐਲਾਨ ਕਰ ਦਿੱਤੇ ਜਾਣ ਤੋਂ ਬਾਅਦ ਹੁਣ ਕਾਂਗਰਸ ’ਚ ਇਹ ਮੰਨਿਆ ਜਾ ਰਿਹਾ ਹੈ ਕਿ ਉਹ ਨਵੇਂ ਚਿਹਰਿਆਂ ਨੂੰ ਸਾਹਮਣੇ ਲਿਆ ਸਕਦੀ ਹੈ। ਕਾਂਗਰਸ ਦੇ ਮੌਜੂਦਾ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਵਿਧਾਨ ਸਭਾ ਦੀ ਚੋਣ ਲੜੀ ਹੈ। ਉਨ੍ਹਾਂ ਦੇ ਵਿਧਾਨ ਸਭਾ ’ਚ ਪਹੁੰਚਣ ਦੀ ਸਥਿਤੀ ’ਚ ਕਾਂਗਰਸ ਵਲੋਂ ਉਨ੍ਹਾਂ ਦੇ ਸਥਾਨ ’ਤੇ ਨਵੇਂ ਚਿਹਰਿਆਂ ਨੂੰ ਮੌਕਾ ਦਿੱਤਾ ਜਾਵੇਗਾ। ਕਾਂਗਰਸੀ ਹਲਕਿਆਂ ਨੇ ਦੱਸਿਆ ਕਿ ਇਸ ਤਰ੍ਹਾਂ ਇਕ ਹੋਰ ਮੌਜੂਦਾ ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੂਲੋ ਨੂੰ ਲੈ ਕੇ ਵੀ ਸਥਿਤੀ ਹਾਲੇ ਸਪੱਸ਼ਟ ਹੋਣੀ ਬਾਕੀ ਹੈ। ਕਾਂਗਰਸ ਨੇ ਹਾਲੇ ਇਹ ਤੈਅ ਕਰਨਾ ਹੈ ਕਿ ਦੂਲੋ ਨੂੰ ਮੁੜ ਰਾਜ ਸਭਾ ’ਚ ਭੇਜਿਆ ਜਾਵੇ ਜਾਂ ਉਨ੍ਹਾਂ ਦੇ ਸਥਾਨ ’ਤੇ ਕਿਸੇ ਹੋਰ ਨੂੰ ਰਾਜ ਸਭਾ ’ਚ ਭੇਜਿਆ ਜਾਵੇ।
ਇਹ ਵੀ ਪੜ੍ਹੋ : ਫਿਰੋਜ਼ਪੁਰ ਦੇ ਜੰਮਪਲ ਮਹਾਬਲੀ ਸ਼ੇਰਾ ਨੇ ਨੈਸ਼ਨਲ ਹੈਵੀਵੇਟ ਚੈਂਪੀਅਨਸ਼ਿਪ ਦਾ ਖਿਤਾਬ ਜਿੱਤਿਆ
ਕਾਂਗਰਸ ਇਸ ਵਾਰ ਨਵੇਂ ਚਿਹਰਿਆਂ ’ਤੇ ਦਾਅ ਲਗਾ ਸਕਦੀ ਹੈ। ਹਾਲੇ ਕਾਂਗਰਸ ਇਹ ਵੀ ਦੇਖੇਗੀ ਕਿ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਨੂੰ ਕਿਸ ਤਰ੍ਹਾਂ ਵੋਟਾਂ ਮਿਲਦੀਆਂ ਹਨ। ਰਾਜ ਸਭਾ ਉਮੀਦਵਾਰਾਂ ਬਾਰੇ ਫੈਸਲਾ ਲੈਂਦੇ ਸਮੇਂ ਪਾਰਟੀ ਜਾਤੀ ਸੰਤੁਲਨ ਬਣਾਈ ਰੱਖਣ ਦੀ ਕੋਸ਼ਿਸ਼ ਕਰ ਸਕਦੀ ਹੈ। ਪਾਰਟੀ ਇਹ ਵੀ ਦੇਖੇਗੀ ਕਿ ਵਿਧਾਨ ਸਭਾ ਚੋਣਾਂ ’ਚ ਉਸ ਨੂੰ ਹਿੰਦੂ ਵੋਟਰਾਂ ਨੇ ਕਿੰਨਾ ਸਾਥ ਦਿੱਤਾ ਹੈ। ਜੇ ਹਿੰਦੂ ਵੋਟ ਵੰਡੀ ਹੋਈ ਦਿਖਾਈ ਦਿੱਤੀ ਤਾਂ ਕਾਂਗਰਸ ਰਾਜ ਸਭਾ ਲਈ ਆਪਣੇ ਉਮੀਦਵਾਰਾਂ ’ਚੋਂ ਇਕ ਉਮੀਦਵਾਰ ਹਿੰਦੂ ਭਾਈਚਾਰਿਆਂ ’ਚੋਂ ਸਾਹਮਣੇ ਲੈ ਕੇ ਆਵੇਗੀ। ਕਾਂਗਰਸ ਨੇ ਹਾਲੇ ਇਹ ਤੈਅ ਕਰਨਾ ਹੈ ਕਿ ਕਿਸ-ਕਿਸ ਧਰਮ ਅਤੇ ਜਾਤੀ ਨਾਲ ਸਬੰਧਤ ਨੇਤਾਵਾਂ ਨੂੰ ਰਾਜ ਸਭਾ ਲਈ ਚੁਣਿਆ ਜਾਵੇ। ਸੰਭਵ ਹੀ ਪੰਜਾਬ ਨਾਲ ਸਬੰਧਤ ਨੇਤਾਵਾਂ ਨੂੰ ਵੀ ਰਾਜ ਸਭਾ ’ਚ ਥਾਂ ਦਿੱਤੀ ਜਾਵੇਗੀ। ਕਾਂਗਰਸ ਇਹ ਵੀ ਦੇਖੇਗੀ ਕਿ ਅਗਲੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਹੁਣ ਉਸ ਨੂੰ ਕਿਸ ਤਰ੍ਹਾਂ ਦੀ ਸਿਆਸੀ ਰਣਨੀਤੀ ’ਤੇ ਕੰਮ ਕਰਨਾ ਹੈ।
ਨੋਟ: ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।