ਕਾਂਗਰਸ ਨੇ ਫੂਕਿਆ ਪ੍ਰਧਾਨ ਮੰਤਰੀ ਮੋਦੀ ਦਾ ਪੁਤਲਾ

Sunday, Sep 17, 2017 - 07:18 AM (IST)

ਕਾਂਗਰਸ ਨੇ ਫੂਕਿਆ ਪ੍ਰਧਾਨ ਮੰਤਰੀ ਮੋਦੀ ਦਾ ਪੁਤਲਾ

ਜਲੰਧਰ, (ਚੋਪੜਾ)- ਕੇਂਦਰ ਦੀ ਮੋਦੀ ਸਰਕਾਰ ਨੂੰ ਨੋਟਬੰਦੀ, ਜੀ. ਐੱਸ. ਟੀ., ਝੂਠੇ ਵਾਅਦਿਆਂ, ਮਹਿੰਗਾਈ ਤੇ ਹੋਰ ਮੁੱਦਿਆਂ 'ਤੇ ਘੇਰਦਿਆਂ ਕਾਂਗਰਸ ਨੇ ਅੱਜ ਰੋਸ ਧਰਨੇ ਦਾ ਆਯੋਜਨ ਕੀਤਾ। ਇਸ ਦੌਰਾਨ ਵਰਕਰਾਂ ਨੇ ਪੰਜਾਬ ਦੀ ਸਾਬਕਾ ਬਾਦਲ ਸਰਕਾਰ ਖਿਲਾਫ ਰੱਜ ਕੇ ਭੜਾਸ ਕੱਢੀ। ਧਰਨੇ ਉਪਰੰਤ ਕਾਂਗਰਸੀ ਵਰਕਰਾਂ ਨੇ ਪ੍ਰਧਾਨ ਮੰਤਰੀ ਮੋਦੀ ਦਾ ਪੁਤਲਾ ਫੂਕਦਿਆਂ ਅਕਾਲੀ ਦਲ ਤੇ ਭਾਜਪਾ ਦੇ ਖਿਲਾਫ ਜ਼ਬਰਦਸਤ ਨਾਅਰੇਬਾਜ਼ੀ ਕੀਤੀ। 
ਸੂਬਾ ਕਾਂਗਰਸ ਦੇ ਬੁਲਾਰੇ ਡਾ. ਨਵਜੋਤ ਦਹੀਆ, ਜਗਦੀਸ਼ ਰਾਜਾ, ਨਿਰਮਲਜੀਤ ਸਿੰਘ ਨਿੰਮਾ, ਪਰਮਜੀਤ ਸਿੰਘ ਪੰਮਾ ਤੇ ਹੋਰ ਬੁਲਾਰਿਆਂ ਨੇ ਭਾਜਪਾ ਵਲੋਂ ਅੱਜ ਕੈ. ਅਮਰਿੰਦਰ ਸਰਕਾਰ ਦੀ 6 ਮਹੀਨੇ ਪੁਰਾਣੀ ਸਰਕਾਰ ਦੇ ਖਿਲਾਫ ਲਾਏ ਜਾ ਰਹੇ ਧਰਨੇ ਨੂੰ ਸਿਰਫ ਡਰਾਮੇਬਾਜ਼ੀ ਕਰਾਰ ਦਿੱਤਾ। ਕਾਂਗਰਸੀ ਆਗੂਆਂ ਨੇ ਕਿਹਾ ਕਿ ਪੰਜਾਬ ਦੀ ਸਾਬਕਾ ਬਾਦਲ ਸਰਕਾਰ ਨੇ ਪਿਛਲੇ 10 ਸਾਲਾਂ ਵਿਚ ਪੰਜਾਬ ਦਾ  ਬੇੜਾ ਗਰਕ ਕਰ ਦਿੱਤਾ, ਜਦੋਂਕਿ ਕੇਂਦਰ ਦੀ ਭਾਜਪਾ ਸਰਕਾਰ ਨੇ ਦੇਸ਼ ਦੀ ਜਨਤਾ ਨਾਲ ਧੋਖੇਬਾਜ਼ੀ ਤੇ ਜੁਮਲੇਬਾਜੀ ਤੋਂ ਸਿਵਾਏ ਕੁਝ ਨਹੀਂ ਕੀਤਾ। 
ਉਨ੍ਹਾਂ ਕਿਹਾ ਕਿ ਅੱਜ ਤਕ ਨਾ ਤਾਂ ਵਿਦੇਸ਼ ਤੋਂ ਕਾਲਾ ਧਨ ਵਾਪਸ ਆਇਆ ਤੇ ਨਾ ਹੀ ਹਰੇਕ ਭਾਰਤੀ ਦੇ ਖਾਤੇ ਵਿਚ 15-15 ਲੱਖ ਰੁਪਏ ਹੀ ਜਮ੍ਹਾ ਹੋਏ। ਅੱਜ ਪੈਟਰੋਲ, ਡੀਜ਼ਲ ਤੇ ਐੱਲ. ਪੀ. ਜੀ. ਦੀਆਂ ਕੀਮਤਾਂ ਆਸਮਾਨ ਛੂਹ ਰਹੀਆਂ ਹਨ। ਲਗਾਤਾਰ ਵਧਦੀ ਮਹਿੰਗਾਈ ਨਾਲ ਜਨਤਾ ਦਾ ਹਾਲ ਬੇਹਾਲ ਹੈ। ਨੋਟਬੰਦੀ ਤੇ ਜੀ. ਐੱਸ. ਟੀ. ਦੇ ਜਲਦਬਾਜ਼ੀ ਵਿਚ ਲਏ ਲੋਕ ਵਿਰੋਧੀ ਫੈਸਲਿਆਂ ਨੇ ਜੀ. ਡੀ. ਪੀ. ਵਿਚ 2 ਫੀਸਦੀ ਤਕ ਗਿਰਾਵਟ ਲਿਆ ਦਿੱਤੀ ਹੈ। ਨੋਟਬੰਦੀ ਤੋਂ ਬਾਅਦ ਕਾਲਾ ਧਨ ਤਾਂ ਵਾਪਸ ਨਹੀਂ ਆਇਆ ਪਰ 99 ਫੀਸਦੀ 500-100 ਰੁਪਏ ਦੇ ਨੋਟ ਬੈਂਕਾਂ ਵਿਚ ਵਾਪਸ ਆ ਗਏ। ਅੱਤਵਾਦ ਪਹਿਲਾਂ ਨਾਲੋਂ ਵੀ ਜ਼ਿਆਦਾ ਪੈਰ ਪਸਾਰ ਰਿਹਾ ਹੈ। 
ਪ੍ਰਧਾਨ ਮੰਤਰੀ ਨੇ ਚੋਣਾਂ ਵਿਚ ਕਿਹਾ ਸੀ ਕਿ ਹਰੇਕ ਸਾਲ 1 ਕਰੋੜ ਨੌਕਰੀਆਂ ਦਿੱਤੀਆਂ ਜਾਣਗੀਆਂ ਪਰ ਢਾਈ ਸਾਲਾਂ ਵਿਚ ਸਿਰਫ 6.41 ਲੱਖ ਨੌਕਰੀਆਂ ਦਿੱਤੀਆਂ ਗਈਆਂ। ਕਾਂਗਰਸੀ ਆਗੂਆਂ ਨੇ ਕਿਹਾ ਕਿ ਚੋਣ ਵਰ੍ਹੇ ਵਿਚ ਬਾਦਲ ਸਰਕਾਰ ਨੇ 32000 ਕਰੋੜ ਰੁਪਏ ਦਾ ਕਰਜ਼ਾ ਲੈ ਕੇ ਵਿਕਾਸ ਦੀ ਆੜ ਵਿਚ ਜਨਤਾ ਨੂੰ ਭਰਮਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਲੋਕਾਂ ਨੇ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਤੇ ਅਕਾਲੀ ਦਲ ਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ। ਉਨ੍ਹਾਂ ਕਿਹਾ ਕਿ ਖਜ਼ਾਨਾ ਖਾਲੀ ਹੋਣ ਦੇ ਬਾਵਜੂਦ ਕੈ. ਅਮਰਿੰਦਰ ਸਿੰਘ ਜਨਤਾ ਨਾਲ ਕੀਤੇ ਹਰੇਕ ਵਾਅਦੇ ਨੂੰ ਪੂਰਾ ਕਰਨਗੇ। 
ਇਸ ਮੌਕੇ ਡਾ. ਸੁਨੀਲ ਸ਼ਰਮਾ, ਮਨਜਿੰਦਰ ਸਿੰਘ ਜੌਹਲ, ਸਲਿਲ ਬਾਹਰੀ, ਵਿਕਰਮ ਖਹਿਰਾ, ਰਾਜ ਕੁਮਾਰ ਰਾਜੂ, ਦੇਸਰਾਜ ਜੱਸਲ, ਡਾ. ਤਰਸੇਮ ਭਾਰਦਵਾਜ, ਪੱਲਨੀ ਸਵਾਮੀ, ਗੁਰਨਾਮ ਸਿੰਘ ਮੁਲਤਾਨੀ, ਹਰੀਪਾਲ ਸੌਂਧੀ, ਵਿਜੇ ਦਕੋਹਾ, ਜਗਦੀਸ਼ ਗੱਗ, ਮਨਦੀਪ ਜੱਸਲ, ਰਤਨੇਸ਼ ਸੈਣੀ, ਕੁਲਦੀਪ ਭੁੱਲਰ, ਜਗਦੀਸ਼ ਸਿੰਘ ਜੀਤਾ, ਪਾਲੀ ਸਰੀਨ, ਤਿਰਲੋਕ ਸਰ੍ਹਾਂ, ਸੁਧੀਰ ਘੁੱਗੀ, ਕਿੱਟੂ ਚੱਢਾ, ਅਨੂਪ ਪਾਠਕ, ਬਿੱਟੂ ਧੀਰ, ਹਿਤੇਸ਼ ਸੇਠੀ, ਜਤਿੰਦਰ ਜੌਨੀ, ਮਨਜੀਤ ਸਿੰਘ ਸਿਮਰਨ, ਕੁਲਦੀਪ ਖੋਸਲਾ, ਹਰਜੋਧ ਸਿੰਘ ਜੋਧਾ, ਬੋਧਰਾਜ ਪੱਪੂ, ਅਵਤਾਰ ਸਿੰਘ, ਭੂਪੇਸ਼ ਸੁਗੰਧ, ਅਜੇ ਛਾਬੜਾ ਤੇ ਹੋਰ ਮੌਜੂਦ ਸਨ। 


Related News