ਕਾਂਗਰਸੀ ਸਰਪੰਚ ਨੇ ਸ਼ਿਕਾਇਤ ਕਰਨ ’ਤੇ ਮੈਂਬਰ ਪੰਚਾਇਤ ਦੇ ਘਰ ’ਤੇ ਕੀਤੀ ਫਾਇਰਿੰਗ
Thursday, Aug 18, 2022 - 08:09 PM (IST)
ਗੁਰਦਾਸਪੁਰ (ਵਿਨੋਦ)-ਬੀਤੀ ਰਾਤ ਤਿੱਬੜ ਪੁਲਸ ਸਟੇਸ਼ਨ ਅਧੀਨ ਪਿੰਡ ਬਧੁਨਗੜ ’ਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ ਪਿੰਡ ਦੇ ਕਾਂਗਰਸੀ ਸਰਪੰਚ ਨੇ ਪਿੰਡ ਦੇ ਇਕ ਮੈਂਬਰ ਪੰਚਾਇਤ ਦੇ ਘਰ ’ਤੇ ਫਾਇਰਿੰਗ ਕਰ ਦਿੱਤੀ। ਕਿਸੇ ਦਾ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਇਸ ਘਟਨਾ ਨਾਲ ਪਿੰਡ ’ਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਤਿੱਬੜ ਪੁਲਸ ਨੇ ਦੋਸ਼ੀ ਸਰਪੰਚ ਦੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ ਪਰ ਸਰਪੰਚ ਫਰਾਰ ਹੋਣ ’ਚ ਸਫ਼ਲ ਹੋ ਗਿਆ। ਇਸ ਸਬੰਧੀ ਸ਼ਿਕਾਇਤਕਰਤਾ ਗੁਰਵਿੰਦਰ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ ਬਧੁਨਗੜ ਨੇ ਤਿੱਬੜ ਪੁਲਸ ਨੂੰ ਦੱਸਿਆ ਕਿ ਉਸ ਨੇ ਪਿੰਡ ਦੇ ਕਾਂਗਰਸੀ ਸਰਪੰਚ ਰਣਜੋਧ ਸਿੰਘ ਪੁੱਤਰ ਤਰਸੇਮ ਸਿੰਘ ਦੇ ਖ਼ਿਲਾਫ਼ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਦਿੱਤੀ ਸੀ ਕਿ ਸਰਪੰਚ ਨੇ ਪਿੰਡ ਦੀ ਪੰਚਾਇਤ ਦੀ ਜ਼ਮੀਨ ਤੋਂ ਮਿੱਟੀ ਵੇਚੀ ਹੈ ਅਤੇ ਉਸ ਵੱਲੋਂ ਕਰਵਾਏ ਵਿਕਾਸ ਕੰਮਾਂ ’ਚ ਵੱਡੇ ਪੱਧਰ ’ਤੇ ਹੇਰਾਫੇਰੀ ਕੀਤੀ ਗਈ ਹੈ।
ਇਹ ਖ਼ਬਰ ਵੀ ਪੜ੍ਹੋ : ਫ਼ੋਨ ’ਤੇ ਧਮਕੀ ਭਰੇ ਮੈਸੇਜ ਭੇਜ ਫਿਰੌਤੀਆਂ ਮੰਗਣ ਵਾਲੇ 4 ਮੁਲਜ਼ਮ ਗ੍ਰਿਫ਼ਤਾਰ
ਇਸ ਸ਼ਿਕਾਇਤ ਦੀ ਜਾਂਚ ਸ਼ੁਰੂ ਹੋਣ ਕਾਰਨ ਸਰਪੰਚ ਸਾਡੇ ਖ਼ਿਲਾਫ਼ ਹੋ ਗਿਆ ਸੀ। ਸਾਨੂੰ ਕਈ ਤਰ੍ਹਾਂ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ ਅਤੇ ਸ਼ਿਕਾਇਤ ਵਾਪਸ ਲੈਣ ਲਈ ਦਬਾਅ ਪਾਇਆ ਜਾ ਰਿਹਾ ਸੀ। ਬੀਤੀ ਰਾਤ ਲੱਗਭਗ 11 ਵਜੇ ਉਕਤ ਸਰਪੰਚ ਰਣਜੋਧ ਸਿੰਘ ਆਪਣੇ ਕੁਝ ਸਾਥੀਆਂ ਨਾਲ ਸਾਡੇ ਘਰ ਆਇਆ ਅਤੇ ਦਰਵਾਜ਼ੇ ਤੋਂ ਜ਼ਬਰਦਸਤੀ ਘਰ ’ਚ ਦਾਖ਼ਲ ਹੋ ਕੇ ਸਾਡੇ ’ਤੇ ਰਿਵਾਲਵਰ ਨਾਲ ਫਾਇਰਿੰਗ ਕਰ ਦਿੱਤੀ। ਸਰਪੰਚ ਨੇ ਸਾਡੇ ’ਤੇ ਚਾਰ ਫਾਇਰ ਕੀਤੇ ਪਰ ਫਾਇਰ ਸਾਡੇ ਨਹੀਂ ਲੱਗਾ। ਸਾਡੇ ਵੱਲੋਂ ਸ਼ੋਰ ਮਚਾਉਣ ’ਤੇ ਦੋਸ਼ੀ ਸਰਪੰਚ ਆਪਣੇ ਸਾਥੀਆਂ ਸਮੇਤ ਉੱਥੋਂ ਭੱਜਣ ’ਚ ਸਫ਼ਲ ਹੋ ਗਿਆ। ਇਸ ਸਬੰਧੀ ਪੁਲਸ ਨੂੰ ਸ਼ਿਕਾਇਤ ਕਰਨ ’ਤੇ ਤਿੱਬੜ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਮਾਮਲੇ ਦੀ ਜਾਂਚ ਪੜਤਾਲ ਕਰਨ ਤੋਂ ਬਾਅਦ ਦੋਸ਼ੀ ਸਰਪੰਚ ਰਣਜੋਧ ਸਿੰਘ ਸਮੇਤ ਉਸ ਦੇ ਭਰਾ ਪ੍ਰਭਜੀਤ ਸਿੰਘ ਉਰਫ ਬਬਲੂ, ਗੁਰਪ੍ਰੀਤ ਸਿੰਘ, ਤਰਸੇਮ ਸਿੰਘ ਪੁੱਤਰ ਨਾਜਰ ਸਿੰਘ ਅਤੇ ਜਗਜੀਤ ਸਿੰਘ ਸਾਰੇ ਵਾਸੀ ਬਧੁਨਗੜ ਖ਼ਿਲਾਫ਼ ਧਾਰਾ 307, 452 ਅਤੇ ਹਥਿਆਰ ਐਕਟ ਅਧੀਨ ਕੇਸ ਦਰਜ ਕਰ ਲਿਆ। ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਪੁਲਸ ਛਾਪੇਮਾਰੀ ਕਰ ਰਹੀ ਹੈ।