ਕਾਂਗਰਸੀ ਸਰਪੰਚ ਛਕ ਗਈ ਮਰੇ ਵਿਅਕਤੀਆਂ ਦੇ ਨਾਮ ’ਤੇ ਮਨਰੇਗਾ ਦੇ ਪੈਸੇ

Tuesday, Nov 30, 2021 - 04:50 PM (IST)

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਰਿਣੀ) : ਪਿੰਡ ਬਲਮਗੜ੍ਹ ਦੀ ਮੌਜੂਦ ਕਾਂਗਰਸੀ ਸਰਪੰਚ, ਮੇਟ ਅਤੇ ਗ੍ਰਾਮ ਸੇਵਕ ਨਾਲ ਮਿਲ ਕੇ ਮਨਰੇਗਾ ਵਿਚ ਮਰੇ ਹੋਏ ਵਿਅਕਤੀਆਂ ਦੀਆਂ ਹਾਜ਼ਰੀਆਂ ਪਾ ਕੇ ਇਕ ਲੱਖ ਰੁਪਏ ਤੋਂ ਉਪਰ ਪੈਸਾ ਡਕਾਰ ਗਈ। ਇਸ ਸਬੰਧ ਵਿਚ ਸ਼ਿਕਾਇਤ ਹੋਣ ਤੋਂ ਬਾਅਦ ਬੀਡੀਪੀਓ ਕੁਸਮ ਅਗਰਵਾਲ ਨੇ ਕਾਰਵਾਈ ਕਰਦੇ ਹੋਏ ਸਰਪੰਚ, ਮੇਟ ਅਤੇ ਗ੍ਰਾਮ ਸੇਵਕ ਨੂੰ ਅਹੁਦੇ ਤੋਂ ਸਸਪੈਂਡ ਕਰ ਦਿੱਤਾ ਹੈ। ਇਹ ਕਾਰਵਾਈ ਡੀਸੀ ਹਰਪ੍ਰੀਤ ਸਿੰਘ ਸੂਦਨ ਦੇ ਆਦੇਸ਼ਾਂ ਤੋਂ ਬਾਅਦ ਹੋਈ ਹੈ। ਬੀਡੀਪੀਓ ਕੁਸਮ ਅਗਰਵਾਲ ਨੇ ਦੱਸਿਆ ਕਿ ਗਰਾਮ ਪੰਚਾਇਤ ਬੱਲਮਗੜ੍ਹ ਵਿਖੇ ਮਗਨਰੇਗਾ ਸਕੀਮ ਅਧੀਨ ਲੇਬਰ ਦੀਆਂ ਗਲਤ ਅਤੇ ਮ੍ਰਿਤਕ ਵਿਅਕਤੀਆਂ ਦੀਆਂ ਹਾਜ਼ਰੀਆਂ ਲਗਾ ਕੇ ਆਪਣੇ ਖਾਤੇ ਵਿਚ ਰਾਸੀ ਪਵਾਉਣ ਦੇ ਜ਼ੁਰਮ ਵਿਚ ਗੁਰਮੀਤ ਕੌਰ ਸਰਪੰਚ, ਰਾਜਿੰਦਰ ਸਿੰਘ ਮੇਟ ਅਤੇ ਚਰਨਜੀਤ ਸਿੰਘ, ਗਰਾਮ ਰੁਜ਼ਗਾਰ ਸੇਵਕ ਖ਼ਿਲਾਫ਼ ਹਰਪ੍ਰੀਤ ਸਿੰਘ ਸੂਦਨ ਡਿਪਟੀ ਕਮਿਸਨਰ ਮੁਕਤਸਰ ਸਾਹਿਬ ਦੇ ਨਿਰਦੇਸ਼ਾਂ ਅਨੁਸਾਰ ਢੁਕਵੀਂ ਕਾਰਵਾਈ ਕੀਤੀ ਹੈ, ਜਿਨ੍ਹਾਂ ਨੇ ਆਪਸੀ ਸਾਜਬਾਜ ਹੋ ਕੇ ਮਗਨਰੇਗਾ ਲੇਬਰ ਦੇ 1,16,206/-ਰੁਪਏ ਦਾ ਗਬਨ ਕੀਤਾ ਹੈ।

ਉਨ੍ਹਾ ਦੱਸਿਆ ਕਿ ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫਸਰ, ਸ੍ਰੀ ਮੁਕਤਸਰ ਸਾਹਿਬ ਦੀ ਤਜਵੀਜ਼ ਅਨੁਸਾਰ ਕਾਰਵਾਈ ਕਰਦੇ ਹੋਏ ਡਿਪਟੀ ਕਮਿਸਨਰ, ਸ੍ਰੀ ਮੁਕਤਸਰ ਸਾਹਿਬ ਨੇ ਗੁਰਮੀਤ ਕੌਰ ਸਰਪੰਚ, ਗਰਾਮ ਪੰਚਾਇਤ ਬੱਲਮਗੜ੍ਹ ਨੂੰ ਤੁਰੰਤ ਸਰਪੰਚ ਦੇ ਅਹੁਦੇ ਤੋਂ ਮੁਅੱਤਲ ਕਰ ਦਿੱਤਾ ਹੈ ਅਤੇ ਚਰਨਜੀਤ ਸਿੰਘ ਗਰਾਮ ਰੁਜ਼ਗਾਰ ਸੇਵਕ ਨੂੰ ਨੌਕਰੀ ਤੋਂ ਟਰਮੀਨੇਟ ਕਰਨ ਲਈ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਨੂੰ ਲਿਖ ਦਿੱਤਾ ਗਿਆ ਹੈ। ਰਾਜਿੰਦਰ ਸਿੰਘ ਮੇਟ ਨੂੰ ਵੀ ਤੁਰੰਤ ਮੇਟ ਦੇ ਕੰਮ ਤੋਂ ਹਟਾ ਦਿੱਤਾ ਹੈ ਅਤੇ ਸਬੰਧਿਤ ਮੁਲਜ਼ਮਾਂ ਪਾਸੋਂ ਗਬਨ ਕੀਤੀ ਗਈ ਰਾਸ਼ੀ ਦੀ ਰਕਮ ਰਿਕਵਰ ਕੀਤੀ  ਜਾ ਰਹੀ ਹੈ ਅਤੇ ਜ਼ਿਲ੍ਹਾ ਅਟਾਰਨੀ ਪਾਸੋਂ ਕਾਨੂੰਨੀ ਰਾਏ ਲੈ ਕੇ ਦੋਸ਼ੀਆਂ ਵਿਰੁੱਧ ਪੁਲਸ ਕੇਸ ਵੀ ਦਰਜ ਕਰਵਾਇਆ ਜਾ ਰਿਹਾ ਹੈ।


Gurminder Singh

Content Editor

Related News