ਫਿਲੌਰ: ਲੰਗਰ ਖਾ ਕੇ ਵਾਪਸ ਪਰਤ ਰਹੇ ਕਾਂਗਰਸੀ ਸਰਪੰਚ ’ਤੇ ਕੀਤਾ ਹਮਲਾ, ਪਾੜੇ ਕੱਪੜੇ
Sunday, Feb 28, 2021 - 06:20 PM (IST)
ਫਿਲੌਰ (ਭਾਖੜੀ)-ਲੰਗਰ ਖਾ ਕੇ ਵਾਪਸ ਮੁੜ ਰਹੇ ਪਿੰਡ ਦੇ ਸਰਪੰਚ ਅਤੇ ਉਸ ਦੇ ਭਰਾ ’ਤੇ ਕੁਝ ਲੋਕਾਂ ਨੇ ਹਮਲਾ ਕਰ ਦਿੱਤਾ। ਸਰਪੰਚ ਦਾ ਦੋਸ਼ ਹੈ ਕਿ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕਰਨ ਦੇ ਨਾਲ ਕੱਪੜੇ ਵੀ ਪਾੜ ਦਿੱਤੇ ਗਏ ਅਤੇ ਜੇਬ ਵਿਚੋਂ ਪੈਸੇ ਵੀ ਕੱਢ ਲਏ। ਇਨਸਾਫ਼ ਲੈਣ ਲਈ ਕਾਂਗਰਸੀ ਸਰਪੰਚ 4 ਘੰਟਿਆਂ ਤੋਂ ਰਾਤ 9 ਵਜੇ ਤਕ ਆਪਣੇ ਹਮਾਇਤੀਆਂ ਨਾਲ ਸੜਕ ਵਿਚ ਲੇਟਿਆ ਰਿਹਾ। ਸਥਿਤੀ ਤਣਾਅਪੂਰਨ ਬਣਦੀ ਵੇਖ ਕੇ ਫਿਲੌਰ, ਗੋਰਾਇਆ ਅਤੇ ਬਿਲਗਾ ਦੇ ਥਾਣਾ ਮੁਖੀ ਭਾਰੀ ਪੁਲਸ ਫੋਰਸ ਨਾਲ ਘਟਨਾ ਸਥਾਨ ’ਤੇ ਪੁੱਜ ਗਏ।
ਸੂਚਨਾ ਮੁਤਾਬਕ ਸੜਕ ’ਤੇ ਲੇਟ ਕੇ ਧਰਨਾ ਦੇ ਰਹੇ ਪਿੰਡ ਨੰਗਲ ਦੇ ਸਰਪੰਚ ਤਾਰਾ ਚੰਦ ਨੇ ਦੱਸਿਆ ਕਿ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਉਹ ਪਿੰਡ ਦੇ ਮੰਦਰ ਵਿਚ ਆਪਣੇ ਪਰਿਵਾਰਕ ਮੈਂਬਰਾਂ ਨਾਲ ਲੰਗਰ ਛਕਣ ਤੋਂ ਬਾਅਦ ਜਿਵੇਂ ਹੀ ਖੜ੍ਹੇ ਹੋਏ ਤਾਂ ਉੱਥੇ ਮੌਜੂਦ ਕੁਝ ਲੋਕਾਂ ਨੇ ਕਮੇਟੀ ਦੇ ਪ੍ਰਧਾਨ ਅਸ਼ੋਕ ਕੁਮਾਰ ਅਤੇ ਸਾਬਕਾ ਸਰਪੰਚ ਖੁਸ਼ੀ ਰਾਮ ਦੇ ਇਸ਼ਾਰੇ ’ਤੇ ਉਸ ਨਾਲ ਮਾੜਾ ਸਲੂਕ ਕਰਦਿਆਂ ਉੱਥੋਂ ਚਲੇ ਜਾਣ ਲਈ ਕਿਹਾ। ਜਦੋਂ ਉਨ੍ਹਾਂ ਨੇ ਅਜਿਹੇ ਵਿਵਹਾਰ ’ਤੇ ਇਤਰਾਜ਼ ਜਤਾਇਆ ਤਾਂ ਉਨ੍ਹਾਂ ਨੇ ਉਸ ’ਤੇ ਹਮਲਾ ਕਰ ਦਿੱਤਾ। ਉਸ ਨੂੰ ਨਾ ਸਿਰਫ ਬੁਰੀ ਤਰ੍ਹਾਂ ਕੁੱਟਿਆ ਸਗੋਂ ਉਸ ਦੇ ਕੱਪੜੇ ਪਾੜੇ ਅਤੇ ਉਸ ਦੀ ਜੇਬ ਵਿਚੋਂ ਪੈਸੇ ਵੀ ਕੱਢ ਲਏ।
ਇਹ ਵੀ ਪੜ੍ਹੋ: ਭੈਣਾਂ ਨੇ ਰੱਖੜੀ ਬੰਨ੍ਹ ਤੇ ਸਿਰ 'ਤੇ ਸਿਹਰਾ ਸਜਾ ਇਕਲੌਤੇ ਭਰਾ ਨੂੰ ਦਿੱਤੀ ਅੰਤਿਮ ਵਿਦਾਈ, ਭੁੱਬਾਂ ਮਾਰ ਰੋਇਆ ਪਰਿਵਾਰ
ਸਰਪੰਚ ਤਾਰਾ ਚੰਦ ਦੇ ਹਮਾਇਤੀਆਂ ਨੂੰ ਜਦੋਂ ਇਸ ਘਟਨਾ ਦਾ ਪਤਾ ਲੱਗਾ ਤਾਂ ਉਹ ਵੀ ਉੱਥੇ ਪੁੱਜ ਗਏ ਅਤੇ ਸਰਪੰਚ ਆਪਣੇ ਸਾਥੀਆਂ ਨਾਲ ਪਿੰਡ ਦੀ ਮੁੱਖ ਸੜਕ ਵਿਚ ਆ ਕੇ ਲੇਟ ਗਿਆ ਅਤੇ ਸਰਪੰਚ ਅਤੇ ਉਸ ਦੇ ਸਾਥੀ ਉੱਥੇ ਹੀ ਬੈਠੇ ਪ੍ਰਸ਼ਾਸਨ ਵਿਰੁੱਧ ਨਾਆਰੇਬਾਜ਼ੀ ਕਰਦੇ ਰਹੇ। ਉਹ ਮੰਗ ਕਰ ਰਹੇ ਸਨ ਕਿ ਜਦੋਂ ਤਕ ਪ੍ਰਸ਼ਾਸਨ ਉਸ ਦੇ ਨਾਲ ਕੁੱਟਮਾਰ ਕਰਨ ਵਾਲੇ ਲੜਕਿਆਂ ਨੂੰ ਫੜ ਕੇ ਥਾਣੇ ਨਹੀਂ ਲੈ ਜਾਂਦਾ, ਉਦੋਂ ਤਕ ਉਹ ਧਰਨਾ ਖਤਮ ਨਹੀਂ ਕਰਨਗੇ, ਜਿਸ ਨਾਲ ਮਾਹੌਲ ਤਣਾਅਪੂਰਨ ਬਣ ਗਿਆ। ਪ੍ਰਸ਼ਾਸਨ ਨੇ ਫਿਲੌਰ ਤੋਂ ਇਲਾਵਾ ਬਿਲਗਾ ਅਤੇ ਗੋਰਾਇਆਂ ਦੇ ਥਾਣਾ ਮੁਖੀ ਵੀ ਭਾਰੀ ਪੁਲਸ ਫੋਰਸ ਨਾਲ ਉੱਥੇ ਤਾਇਨਾਤ ਕਰ ਦਿੱਤੇ, ਜੋ ਸਰਪੰਚ ਨੂੰ ਸਮਝਾਉਣ ਵਿਚ ਲੱਗ ਗਏ। ਉਸ ਦੇ ਬਾਵਜੂਦ ਸਰਪੰਚ ਅਤੇ ਉਸ ਦੇ ਸਾਥੀ ਮੰਨਣ ਲਈ ਤਿਆਰ ਨਹੀਂ ਹੋਏ, ਜਿਸ ਤੋਂ ਬਾਅਦ ਪ੍ਰਸ਼ਾਸਨ ਨੇ ਜਲੰਧਰ ਦੇ ਡੀ. ਐੱਸ. ਪੀ. ਸੁਰਿੰਦਰ ਸਿੰਘ ਨੂੰ ਘਟਨਾ ਸਥਾਨ ’ਤੇ ਭੇਜਿਆ।
ਇਹ ਵੀ ਪੜ੍ਹੋ: ਫਿਲੌਰ ’ਚ ਵੱਡੀ ਵਾਰਦਾਤ: ਸਿਵਿਆਂ ’ਚੋਂ ਵਿਅਕਤੀ ਦੀ ਮਿਲੀ ਅੱਧਸੜੀ ਲਾਸ਼, ਇਲਾਕੇ ’ਚ ਫੈਲੀ ਸਨਸਨੀ
ਸਰਪੰਚ ਨੇ ਪ੍ਰਧਾਨਗੀ ਹਥਿਆਉਣ ਲਈ ਮਾਹੌਲ ਖਰਾਬ ਕੀਤਾ : ਅਸ਼ੋਕ, ਖੁਸ਼ੀ ਰਾਮ
ਦੂਜੇ ਪਾਸੇ ਸ੍ਰੀ ਗੁਰੂ ਰਵਿਦਾਸ ਭਵਨ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਸ਼ੋਕ ਕੁਮਾਰ ਅਤੇ ਪਿੰਡ ਦੇ ਸਾਬਕਾ ਸਰਪੰਚ ਖੁਸ਼ੀ ਰਾਮ ਦੇ ਨਾਲ ਮੌਜੂਦ ਸੈਂਕੜੇ ਪਿੰਡ ਵਾਸੀਆਂ ਨੇ ਘਟਨਾ ਸਥਾਨ ’ਤੇ ਪੁੱਜੇ ਪ੍ਰਸ਼ਾਸਨ ਅਤੇ ਮੀਡੀਆ ਦੇ ਲੋਕਾਂ ਨੂੰ ਵੀਡੀਓ ਕਲਿੱਪ ਦਿਖਾਉਂਦਿਆਂ ਦੱਸਿਆ ਕਿ ਸਰਪੰਚ ਅਤੇ ਉਸ ਦੇ ਭਰਾ ਨੇ ਗੁਰੂ ਮਹਾਰਾਜ ਦੀ ਬੇਅਦਬੀ ਕਰਨ ਵਿਚ ਕੋਈ ਕਸਰ ਨਹੀਂ ਛੱਡੀ। ਸਰਪੰਚ ਤਾਰਾ ਚੰਦ ਮੌਜੂਦਾ ਸਰਕਾਰ ਦੀ ਸ਼ਹਿ ’ਤੇ ਮੰਦਰ ਦੀ ਪ੍ਰਧਾਨਗੀ ਹਥਿਆਉਣਾ ਚਾਹੁੰਦਾ ਹੈ, ਜਿਸ ਕਾਰਣ ਉਨ੍ਹਾਂ ਨੇ ਅੱਜ ਜਾਣਬੁੱਝ ਕੇ ਮਾਹੌਲ ਖਰਾਬ ਕੀਤਾ।
ਇਹ ਵੀ ਪੜ੍ਹੋ: ਜਦੋਂ ਵਿਆਹ ਦੇ ਮੰਡਪ ’ਤੇ ਪੁੱਜੀ ਮੁੰਡੇ ਦੀ ਪ੍ਰੇਮਿਕਾ, ਫਿਰ ਹੋਇਆ ਉਹ, ਜਿਸ ਨੂੰ ਵੇਖ ਲਾੜੀ ਦੇ ਵੀ ਉੱਡੇ ਹੋਸ਼
ਉਨ੍ਹਾਂ ਕਿਹਾ ਕਿ ਜਦੋਂ ਸਰਪੰਚ ਦੇ ਨਾਲ ਬਾਹਰ ਝਗੜਾ ਹੋਇਆ ਤਾਂ ਉਸ ਦਾ ਭਰਾ ਸ਼ਿੰਦੀ ਜੁੱਤੀਆਂ ਸਮੇਤ ਭੱਜ ਕੇ ਮਹਾਰਾਜ ਦੇ ਦੀਵਾਨ ਕੋਲ ਆ ਖੜ੍ਹਾ ਹੋਇਆ ਅਤੇ ਸਾਬਕਾ ਸਰਪੰਚ ਦੇ ਹੱਥੋਂ ਮਾਈਕ ਖੋਹ ਕੇ ਜ਼ੋਰ ਨਾਲ ਰੌਲਾ ਪਾਉਣ ਲੱਗ ਪਿਆ। ਸਰਪੰਚ ਅਤੇ ਉਸ ਦੇ ਪਰਿਵਾਰ ਦੇ ਲੋਕ ਇੱਥੇ ਹੀ ਨਹੀਂ ਰੁਕੇ, ਜਦੋਂ ਮਹਾਰਾਜ ਦਾ ਸਰੂਪ ਉੱਥੋਂ ਜਾਣ ਲੱਗਾ ਤਾਂ ਉਨ੍ਹਾਂ ਨੇ ਬੇਹੱਦ ਭੱਦੀ ਸ਼ਬਦਾਵਲੀ ਵਰਤਦੇ ਹੋਏ ਗਾਲਾਂ ਕੱਢੀਆਂ, ਜਿਸ ਦੀ ਉਹ ਅਤੇ ਸਾਰੇ ਪਿੰਡ ਵਾਸੀ ਨਿਖੇਧੀ ਕਰਦੇ ਹਨ। ਉਨ੍ਹਾਂ ਨੇ ਸਰਪੰਚ ਅਤੇ ਉਸ ਦੇ ਪਰਿਵਾਰ ਵਿਰੁੱਧ ਤੁਰੰਤ ਸਖਤ ਕਾਰਵਾਈ ਕਰਨ ਲਈ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਸਬੂਤਾਂ ਸਮੇਤ ਸ਼ਿਕਾਇਤ ਦੇ ਦਿੱਤੀ ਹੈ।
ਇਹ ਵੀ ਪੜ੍ਹੋ: ਮਾਹਿਲਪੁਰ ’ਚ ਪਤੀ ਨੇ ਤੇਜ਼ਧਾਰ ਹਥਿਆਰਾਂ ਨਾਲ ਪਤਨੀ ਨੂੰ ਵੱਢ ਦਿੱਤੀ ਦਰਦਨਾਕ ਮੌਤ, ਸੱਸ-ਸਹੁਰੇ ਨੂੰ ਵੀ ਵੱਢਿਆ
ਉਨ੍ਹਾਂ ਇਹ ਵੀ ਕਿਹਾ ਕਿ ਸਰਪੰਚ ਇਕ ਜ਼ਿੰਮੇਵਾਰ ਅਹੁਦੇ ’ਤੇ ਬੈਠਾ ਹੈ। ਜੇਕਰ ਉਸ ਨਾਲ ਕੋਈ ਝਗੜਾ ਹੋਇਆ ਸੀ ਤਾਂ ਉਸ ਨੂੰ ਸਮਾਗਮ ਖਤਮ ਹੋਣ ਦੀ ਉਡੀਕ ਕਰਨੀ ਚਾਹੀਦੀ ਸੀ। ਉਸ ਨੇ ਜਾਣ ਬੁੱਝ ਕੇ ਸਮਾਗਮ ਨੂੰ ਖਰਾਬ ਕਰਨ ਲਈ ਇਹ ਦਿਨ ਚੁਣਿਆ, ਜਿਸ ਨਾਲ ਲੋਕਾਂ ਦੀ ਭਾਵਨਾ ਨੂੰ ਡੂੰਘਾ ਧੱਕਾ ਲੱਗਾ। ਉਨ੍ਹਾਂ ਨੇ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਨੇ ਸਰਪੰਚ ਵਿਰੁੱਧ ਤੁਰੰਤ ਕਾਰਵਾਈ ਨਾ ਕੀਤੀ ਤਾਂ ਉਨ੍ਹਾਂ ਨੂੰ ਵੀ ਸੰਘਰਸ਼ ਦਾ ਰਸਤਾ ਅਪਣਾਉਣਾ ਪਵੇਗਾ, ਜਿਸ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ।
ਪਿੰਡ ਵਾਸੀ ਸ਼ਾਂਤੀ ਬਣਾ ਕੇ ਰੱਖਣ, ਕਿਸੇ ਨਾਲ ਵੀ ਅਨਿਆਂ ਨਹੀਂ ਹੋਵੇਗਾ : ਡੀ. ਐੱਸ. ਪੀ.
ਮਾਹੌਲ ਸ਼ਾਂਤ ਕਰਵਾਉਣ ਲਈ ਦੇਰ ਰਾਤ 9 ਵਜੇ ਘਟਨਾ ਸਥਾਨ ’ਤੇ ਪੁੱਜੇ ਡੀ. ਐੱਸ. ਪੀ. ਸੁਰਿੰਦਰ ਸਿੰਘ ਨੇ ਸਰਪੰਚ ਅਤੇ ਉਸ ਦੇ ਹਮਾਇਤੀਆਂ ਨੂੰ ਧਰਨਾ ਖਤਮ ਕਰਨ ਲਈ ਕਾਫੀ ਸਮਝਾਇਆ। ਉਹ ਗ੍ਰਿਫਤਾਰੀ ਦੀ ਮੰਗ ’ਤੇ ਅੜੇ ਰਹੇ। ਡੀ. ਐੱਸ. ਪੀ. ਦਵਿੰਦਰ ਸਿੰਘ ਨੇ ਪੁੱਛਣ ’ਤੇ ਦੱਸਿਆ ਕਿ ਉਨ੍ਹਾਂ ਨੇ ਸਰਪੰਚ ਨੂੰ ਕਿਹਾ ਕਿ ਉਹ ਆਪਣੇ ਬਿਆਨ ਦਰਜ ਕਰਵਾਉਣ, ਉਹ ਉਸ ਦੀ ਜਾਂਚ ਕਰਵਾਉਣਗੇ। ਪ੍ਰਬੰਧਕ ਕਮੇਟੀ ਵੱਲੋਂ ਵੀ ਉਨ੍ਹਾਂ ਨੂੰ ਸ਼ਿਕਾਇਤ ਮਿਲ ਚੁੱਕੀ ਹੈ। ਉਸ ਦੀ ਵੀ ਜਾਂਚ ਹੋਵੇਗੀ। ਜਾਂਚ ਵਿਚ ਜੋ ਕੋਈ ਵੀ ਦੋਸ਼ੀ ਪਾਇਆ ਗਿਆ, ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਪ੍ਰਸ਼ਾਸਨ ਕਿਸੇ ਦੇ ਨਾਲ ਅਨਿਆਂ ਨਹੀਂ ਹੋਣ ਦੇਵੇਗਾ।