'84 'ਤੇ ਪਿਤਰੋਦਾ ਦੇ ਬਿਆਨ ਨਾਲ ਸਹਿਮਤ ਨਹੀਂ : ਕੈਪਟਨ
Friday, May 10, 2019 - 05:56 PM (IST)

ਜਲੰਧਰ : ਇੰਡੀਅਨ ਓਵਰਸੀਜ਼ ਕਾਂਗਰਸ ਦੇ ਪ੍ਰਧਾਨ ਸੈਮ ਪਿਤਰੋਦਾ ਵਲੋਂ 1984 ਸਿੱਖ ਵਿਰੋਧੀ ਦੰਗਿਆਂ 'ਤੇ ਦਿੱਤੇ ਗਏ ਬਿਆਨ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਉਹ ਪਿਤਰੋਦਾ ਦੇ ਬਿਆਨ ਨਾਲ ਅਸਹਿਮਤੀ ਪ੍ਰਗਟਾਈ ਹੈ ਜਿਸ ਵਿਚ ਉਨ੍ਹਾਂ ਕਿਹਾ ਕਿ '84 ਦੌਰਾਨ 'ਜੋ ਹੋਇਆ ਸੀ ਹੋਇਆ'। ਮੁੱਖ ਮੰਤਰੀ ਨੇ ਕਿਹਾ ਹੈ ਕਿ ਉਹ ਪਿਤਰੋਦਾ ਦੇ ਬਿਆਨ ਨਾਲ ਇਤਫਾਕ ਨਹੀਂ ਰੱਖਦੇ ਅਤੇ ਇਸ ਮਾਮਲੇ ਦੀ ਪੂਰਨ ਰੂਪ ਨਾਲ ਜਾਂਚ ਹੋਣ ਮੰਗ ਕਰਦੇ ਹਨ। ਜਲੰਧਰ ਪਹੁੰਚੇ ਕੈਪਟਨ ਨੇ ਕਿਹਾ ਕਿ ਸਮੇਂ ਦੀਆਂ ਸਰਕਾਰਾਂ ਨੂੰ '84 ਮਾਮਲੇ ਦੀ ਜਾਂਚ ਕਰਵਾਉਣੀ ਚਾਹੀਦੀ ਹੈ ਅਤੇ ਦੋਸ਼ੀਆਂ ਦੀ ਪਛਾਣ ਕਰਕੇ ਸਜ਼ਾ ਦੇਣੀ ਚਾਹੀਦੀ ਹੈ।
ਇਸ ਦੇ ਨਾਲ ਸੁਖਬੀਰ ਬਾਦਲ ਵਲੋਂ ਉਨ੍ਹਾਂ ਨੂੰ ਬੇਅਦਬੀ ਦੇ ਦੋਸ਼ੀ ਕਹੇ ਜਾਣ 'ਤੇ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਸੱਤਾ 'ਚ ਆਏ ਹੋਏ ਦੋ ਸਾਲ ਤੋਂ ਵੱਧ ਦਾ ਸਮਾਂ ਬੀਤ ਚੁੱਕਾ ਹੈ ਅਤੇ ਇਸ ਦੌਰਾਨ ਇਕ ਵੀ ਬੇਅਦਬੀ ਦੀ ਘਟਨਾ ਨਹੀਂ ਵਾਪਰੀ ਹੈ ਜਦਕਿ ਅਕਾਲੀ-ਭਾਜਪਾ ਦਾ ਰਾਜ ਦੌਰਾਨ 200 ਤੋਂ ਵਵੱਧ ਬੇਅਦਬੀ ਦੀਆਂ ਘਟਨਾਵਾਂ ਵਾਪਰੀਆਂ ਸਨ। ਕੈਪਟਨ ਨੇ ਅਕਾਲੀ ਦਲ 'ਤੇ ਦੋਸ਼ ਲਗਾਇਆ ਕਿ ਉਹ ਸੂਬੇ ਵਿਚ ਧਾਰਮਿਕ ਭਾਵਨਾਵਾਂ ਨੂੰ ਭੜਕਾ ਰਹੇ ਹਨ ਅਤੇ ਲੋਕਾਂ ਨੂੰ ਆਪਸ ਵਿਚ ਲੜਾਉਣਾ ਚਾਹੁੰਦੇ ਹਨ।