ਬਿੱਟੂ ਨੇ ਭਾਜਪਾ 'ਤੇ ਜੰਮ ਕੇ ਸਾਧੇ ਨਿਸ਼ਾਨੇ ਕਿਹਾ, ਵਿਕਾਸ ਤੋਂ ਵੱਧ ਵਿਦੇਸ਼ੀ ਸੈਰ 'ਤੇ ਦਿੱਤਾ ਧਿਆਨ (ਵੀਡੀਓ)
Monday, Jun 19, 2017 - 04:29 PM (IST)
ਲੁਧਿਆਣਾ (ਰਿੰਕੂ)-ਕਾਂਗਰਸ ਦੇ ਸਥਾਨਕ ਐੱਮ. ਪੀ. ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਤਿੰਨ ਸਾਲ ਦੇ ਕਾਰਜਕਾਲ ਵਿਚ ਦੇਸ਼ ਦਾ ਵਿਕਾਸ ਕਰਨ ਦੀ ਬਜਾਏ ਵਿਦੇਸ਼ੀ ਦੌਰਿਆਂ 'ਤੇ ਵੱਧ ਧਿਆਨ ਦੇ ਕੇ ਖੂਬ ਸੈਰ ਕੀਤੀ।
ਸਥਾਨਕ ਸਰਕਟ ਹਾਊਸ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਾਂਗਰਸੀ ਐੱਮ. ਪੀ. ਨੇ ਕਿਹਾ ਕਿ ਮੋਦੀ ਜੀ ਜਨਤਾ ਨੂੰ ਜਵਾਬ ਦੇਣ ਕਿ ਹੁਣ ਤੱਕ ਗਰੀਬ ਜਨਤਾ ਦੇ ਖਾਤਿਆਂ ਵਿਚ 15-15 ਲੱਖ ਕਿਉਂ ਨਹੀਂ ਪਾਏ ਗਏ । ਇਸ ਦੇ ਨਾਲ ਹੀ 2 ਕਰੋੜ ਨੌਕਰੀਆਂ ਦੇਣ ਦਾ ਵਾਅਦਾ ਕੀਤਾ ਸੀ ਪਰ ਜੋ ਸਰਵੇ ਕੰਪਨੀ ਦੀ ਰਿਪੋਰਟ ਹੈ ਉਸ 'ਚ ਪਹਿਲਾਂ ਤੋਂ ਵੀ ਕਈ ਲੱਖ ਨੌਕਰੀਆਂ 'ਚ ਗਿਰਾਵਟ ਆਈ ਹੈ।
ਉਨ੍ਹਾਂ ਕਿਹਾ ਕਿ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਨ ਦੀ ਗੱਲ ਕਹਿਣ ਵਾਲੇ ਮੋਦੀ ਦੀ ਸਰਕਾਰ ਨੇ ਮੱਧ ਪ੍ਰਦੇਸ਼ ਦੇ ਕਿਸਾਨਾਂ 'ਤੇ ਗੋਲੀਆਂ ਚਲਾ ਕੇ ਕਿਸਾਨਾਂ ਨੂੰ ਸ਼ਹੀਦ ਕਰ ਦਿੱਤਾ ਤੇ 3 ਸਾਲ ਪੂਰੇ ਹੋਣ 'ਤੇ ਖੁਸ਼ੀ ਮਨਾ ਰਹੇ ਹਨ, ਜੋ ਬਹੁਤ ਚਿੰਤਾ ਦੀ ਗੱਲ ਹੈ। ਪਿਛਲੀ ਸਰਕਾਰ ਵਲੋਂ ਲਾਗੂ ਯੋਜਨਾਵਾਂ ਦਾ ਨਾਂ ਬਦਲ ਕੇ ਉਨ੍ਹਾਂ ਨੂੰ ਅਮਲ 'ਚ ਲਿਆਂਦਾ ਨਹੀਂ ਜਾ ਰਿਹਾ। ਉਨ੍ਹਾਂ ਇਹ ਵੀ ਕਿਹਾ ਕਿ ਜੋ ਮੀਡੀਆ ਸੱਚ ਦਿਖਾ ਰਿਹਾ ਹੈ, ਉਸ 'ਤੇ ਸੀ. ਬੀ. ਆਈ. ਦੀ ਜਾਂਚ ਕਰਵਾ ਰਹੇ ਹਨ ਪਰ ਹੁਣ ਮੋਦੀ ਦਾ ਅਸਲ ਚਿਹਰਾ ਦੇਸ਼ ਦੇ ਲੋਕਾਂ ਸਾਹਮਣੇ ਆ ਗਿਆ ਹੈ। ਉਨ੍ਹਾਂ ਕਿਹਾ ਕਿ ਹੈਂਡਲਮ ਇੰਡਸਟਰੀ 'ਤੇ ਜੀ. ਐੱਸ. ਟੀ. ਨਹੀਂ ਲਗਾਉਣੀ ਚਾਹੀਦੀ ਕਿਉਂਕਿ ਇਕ ਚੀਜ਼ ਬਨਣ 'ਚ ਕਈ ਲੋਕਾਂ ਦਾ ਕੰਮ ਹੈ ਤੇ ਉਨ੍ਹਾਂ ਨੂੰ 5 ਤੋਂ 10 ਰੁਪਏ ਬਚਤ ਹੁੰਦੀ ਹੈ। ਇਸ ਲਈ ਜੀ. ਐੱਸ. ਟੀ. ਤੋਂ ਹੈਂਡਲਮ ਇੰਡਸਟਰੀ ਨੂੰ ਬਾਹਰ ਰੱਖਣਾ ਚਾਹੀਦਾ ਹੈ, ਸਾਡੀ ਸਰਕਾਰ ਨੇ ਇਸ ਇੰਡਸਟਰੀ ਨੂੰ ਟੈਕਸ ਤੋਂ ਬਾਹਰ ਰੱਖਿਆ ਸੀ।
ਬਿੱਟੂ ਨੇ ਅਕਾਲੀ-ਭਾਜਪਾ 'ਤੇ ਹਮਲਾ ਕਰਦੇ ਹੋਏ ਕਿਹਾ ਕਿ ਇਸ ਗੱਠਜੋੜ ਨੇ ਆਪਣੇ ਸ਼ਾਸ਼ਨਕਾਲ ਵਿਚ ਪੰਜਾਬ ਨੂੰ ਜਮ ਕੇ ਲੁੱਟਿਆ, ਹੁਣ ਅਕਾਲੀ ਕਿਹੜੇ ਮੂੰਹ ਨਾਲ ਕਾਂਗਰਸ ਸਰਕਾਰ 'ਤੇ ਦੋਸ਼ ਲਾ ਰਹੇ ਹਨ, ਜਦ ਕਿ ਕਾਂਗਰਸ ਤਾਂ ਅਜੇ ਤਿੰਨ ਮਹੀਨੇ ਪਹਿਲਾਂ ਹੀ ਸੱਤਾ ਵਿਚ ਆਈ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਦੇ ਨੇਤਾ ਕਿਸਾਨਾਂ ਦੇ ਮੁੱਦੇ ਨੂੰ ਬੇਵਜ੍ਹਾ ਉਛਾਲ ਕੇ ਸਸਤੀ ਸ਼ੋਹਰਤ ਹਾਸਲ ਕਰ ਰਹੇ ਹਨ, ਅਕਾਲੀਆਂ ਨੂੰ ਆਪਣੇ 10 ਸਾਲ ਦੇ ਕਾਰਜਕਾਲ ਵਿਚ ਕਿਸਾਨਾਂ ਦੇ ਕਰਜ਼ਾ ਮੁਆਫੀ ਦੀ ਯਾਦ ਕਿਉਂ ਨਹੀਂ ਆਈ। ਬਿੱਟੂ ਨੇ ਕਿਹਾ ਕਿ ਅਕਾਲੀ-ਭਾਜਪਾ ਵੱਲੋਂ ਕੀਤੀ ਗਈ ਲੁੱਟ-ਖਸੁੱਟ ਦਾ ਕਾਂਗਰਸ ਸਰਕਾਰ ਪੂਰੀ ਤਰ੍ਹਾਂ ਹਿਸਾਬ ਲਵੇਗੀ।
