ਨਕੋਦਰ 'ਚ ਕਾਂਗਰਸ ਦੁਫਾੜ, ਹਲਕਾ ਇੰਚਾਰਜ ਜਗਬੀਰ ਸਿੰਘ ਬਰਾੜ ਖ਼ਿਲਾਫ਼ ਕੀਤੀ ਬਗਾਵਤ

Tuesday, Jul 14, 2020 - 01:16 PM (IST)

ਨਕੋਦਰ 'ਚ ਕਾਂਗਰਸ ਦੁਫਾੜ, ਹਲਕਾ ਇੰਚਾਰਜ ਜਗਬੀਰ ਸਿੰਘ ਬਰਾੜ ਖ਼ਿਲਾਫ਼ ਕੀਤੀ ਬਗਾਵਤ

ਨਕੋਦਰ (ਪਾਲੀ)— ਨਕੋਦਰ ਹਲਕੇ 'ਚ ਕਾਂਗਰਸ ਪਾਰਟੀ ਦੋਫਾੜ ਹੁੰਦੀ ਨਜ਼ਰ ਆ ਰਹੀ ਹੈ, ਜਿਸ ਦੀ ਤਾਜ਼ਾ ਮਿਸਾਲ ਬੀਤੇ ਦਿਨ ਦੋਨਾ ਹਲਕੇ ਦੇ ਕਾਂਗਰਸੀਆਂ ਵੱਲੋਂ ਲਾਏ ਧਰਨੇ 'ਚ ਆਪਣੇ ਹੀ ਹਲਕਾ ਇੰਚਾਰਜ ਖ਼ਿਲਾਫ਼ ਮੋਰਚਾ ਖੋਲ੍ਹਣ ਤੋਂ ਮਿਲਦੀ ਹੈ। ਹਲਕਾ ਦੋਨਾ ਦੇ ਕਾਂਗਰਸੀ ਆਗੂਆਂ ਨੇ ਪੁਲਸ ਚੌਕੀ ਉੱਗੀ ਦੀ ਕਾਰਗੁਜ਼ਾਰੀ ਖ਼ਿਲਾਫ਼ ਬੀਤੇ ਦਿਨ ਧਰਨਾ ਲਾਉਣਾ ਸੀ ਪਰ ਸਵੇਰੇ ਯੂ-ਟਰਨ ਲੈਂਦਿਆਂ ਕੇਂਦਰ ਸਰਕਾਰ ਖ਼ਿਲਾਫ਼ ਤੇਲ ਦੀਆਂ ਵਧੀਆਂ ਕੀਮਤਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਕਰਕੇ ਪਹਿਲਾਂ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਪਰ ਇਸ ਤੋਂ ਬਾਅਦ ਮਜ਼ੇ ਦੀ ਗੱਲ ਇਹ ਰਹੀ ਕਿ ਧਰਨੇ ਦੀ ਆੜ ਵਿਚ ਕੇਂਦਰ ਸਰਕਾਰ ਖਿਲਾਫ ਘੱਟ ਨਕੋਦਰ ਹਲਕੇ ਤੋਂ ਆਪਣੀ ਹੀ ਪਾਰਟੀ ਦੇ ਇੰੰਚਾਰਜ ਜਗਬੀਰ ਸਿੰਘ ਬਰਾੜ ਖ਼ਿਲਾਫ਼ ਰੱਜ ਕੇ ਪ੍ਰਦਰਸ਼ਨ ਕੀਤਾ ਅਤੇ ਕਈ ਤਰ੍ਹਾਂ ਦੇ ਗੰਭੀਰ ਦੋਸ਼ ਲਾਏ।

ਦੋਨਾ ਹਲਕੇ ਦੇ ਕਾਂਗਰਸੀ ਆਗੂਆਂ, ਜ਼ਿਲਾ ਪ੍ਰੀਸ਼ਦ ਮੈਂਬਰਾਂ, ਬਲਾਕ ਸੰੰਮਤੀ ਮੈਂਬਰਾਂ, ਪੰਚਾਂ-ਸਰਪੰਚਾਂ, ਕਾਂਗਰਸੀ ਵਰਕਰਾਂ ਵਲੋਂ ਤਾਜ ਸਿਟੀ ਨਕੋਦਰ 'ਚ ਦਿੱਤੇ ਗਏ ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਕਾਂਗਰਸੀ ਆਗੂ ਹੈਪੀ ਸੰਧੂ ਨੇ ਕਿਹਾ ਕਿ ਹਲਕਾ ਇੰਚਾਰਜ ਬਰਾੜ ਅਕਾਲੀ ਦਲ ਨਾਲ ਮਿਲੇ ਹੋਏ ਹਨ। ਉਸ ਨੇ ਵਾਪਸ ਅਕਾਲੀ ਦਲ 'ਚ ਚਲੇ ਜਾਣਾ ਹੈ ਅਤੇ ਚੋਣ ਵੀ ਅਕਾਲੀ ਦਲ ਵਲੋਂ ਲੜੇਗਾ, ਜਿਸ ਕਰਕੇ ਉਹ ਕੰਮ ਵੀ ਅਕਾਲੀ ਵਰਕਰਾਂ ਦੇ ਹੀ ਕਰਦਾ ਹੈ। ਕਾਂਗਰਸ ਦੀ ਸਰਕਾਰ ਹੋਣ ਦੇ ਬਾਵਜੂਦ ਕਾਂਗਰਸੀ ਵਰਕਰਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਅਤੇ ਨਾ ਹੀ ਲੋਕਾਂ ਨੂੰ ਇਨਸਾਫ ਮਿਲ ਰਿਹਾ ਹੈ। ਬਰਾੜ ਨੇ ਹਲਕੇ ਦਾ ਵਿਕਾਸ ਤਾਂ ਕੀ ਕਰਨਾ ਉਲਟਾ ਵਰਕਰਾਂ ਦੇ ਫੋਨ ਤੱਕ ਨਹੀਂ ਚੁੱਕਦਾ, ਜਿਸ ਕਾਰਨ ਨਕੋਦਰ 'ਚ ਕਾਂਗਰਸ ਦਾ ਕਾਫੀ ਨੁਕਸਾਨ ਹੋ ਰਿਹਾ ਹੈ।

ਜਿਸ ਤੋਂ ਦੁਖੀ ਹੋ ਕੇ ਦੋਨਾ ਦੇ ਕਾਂਗਰਸੀ ਆਗੂਆਂ ਅਤੇ ਵਰਕਰਾਂ ਨੂੰ ਜਗਬੀਰ ਸਿੰਘ ਬਰਾੜ ਖ਼ਿਲਾਫ਼ ਧਰਨਾ ਪ੍ਰਦਰਸ਼ਨ ਕਰਕੇ ਆਪਣਾ ਰੋਸ ਜ਼ਾਹਰ ਕਰਨਾ ਪੈ ਰਿਹਾ ਹੈ। ਹੈਪੀ ਸੰਧੂ ਨੇ ਬਰਾੜ 'ਤੇ ਕਈ ਪਾਰਟੀਆਂ ਬਦਲਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਹੁਣ ਵੀ ਇਸ ਦੀ ਸੁਖਬੀਰ ਸਿੰਘ ਬਾਦਲ ਨਾਲ ਮੁਲਾਕਾਤ ਹੋ ਚੁੱਕੀ ਹੈ ਅਤੇ ਸਮਾਂ ਆਉਣ 'ਤੇ ਕਾਂਗਰਸ ਪਾਰਟੀ ਛੱਡ ਕੇ ਅਕਾਲੀ ਦਾ ਪੱਲਾ ਫੜ ਲਵੇਗਾ। ਉਨ੍ਹਾਂ ਕਿਹਾ ਕਿ ਜਿਹੜਾ ਬਰਾੜ ਹਲਕੇ ਦੇ ਵਰਕਰਾਂ ਦਾ ਫੋਨ ਨਹੀਂ ਸੀ ਚੁੱਕਦਾ, ਅੱਜ ਵਰਕਰਾਂ ਨੂੰ ਫੋਨ ਕਰਕੇ ਧਰਨੇ 'ਚ ਆਉਣ ਤੋਂ ਰੋਕਦਾ ਰਿਹਾ ਪਰ ਇਸ ਤੋਂ ਦੁਖੀ ਵਰਕਰ ਧਰਨੇ 'ਚ ਹੁੰਮ-ਹੁਮਾ ਕੇ ਪਹੁੰਚੇ ਹਨ।

PunjabKesari

ਬਰਾੜ 'ਤੇ ਪੈਸੇ ਲੈਣ ਦੇ ਲਾਏ ਗੰਭੀਰ ਦੋਸ਼ 
ਕਾਂਗਰਸੀ ਆਗੂ ਹੈਪੀ ਸੰਧੂ ਨੇ ਜਗਬੀਰ ਬਰਾੜ 'ਤੇ ਪੈਸੇ ਲੈਣ ਦੇ ਗੰਭੀਰ ਦੋਸ਼ ਲਾਉਂਦਿਆਂ ਕਿਹਾ ਕਿ ਇਹ ਕਿਹੜਾ ਲੀਡਰ ਹੈ, ਜੋ ਪੈਸੇ ਲੈ ਕੇ ਕੰਮ ਕਰਦਾ ਹੈ। ਬਰਾੜ ਨੇ ਮੇਰੇ ਕੋਲੋਂ ਯੂਨੀਅਨ ਦੀ ਢੋਆ-ਢੁਆਈ ਲਈ ਟੈਂਡਰ ਪਾਉਣ ਲਈ ਪੰਜ ਲੱਖ ਰੁਪਏ ਲਏ, ਜਿਸ ਦੇ ਮੇਰੇ ਕੋਲ ਸਬੂਤ ਹਨ। ਉਨ੍ਹਾਂ ਕਿਹਾ ਕਿ ਜਗਬੀਰ ਬਰਾੜ ਨਕੋਦਰ ਹਲਕੇ ਦੇ ਨਾਲ-ਨਾਲ ਜ਼ਿਲ੍ਹੇ 'ਚ ਵੀ ਕਾਂਗਰਸ ਦਾ ਨੁਕਸਾਨ ਕਰ ਰਿਹਾ ਹੈ। ਉਸ ਨੇ ਪਾਰਲੀਮੈਂਟ ਚੋਣ 'ਚ ਚੌਧਰੀ ਸੰਤੋਖ ਸਿੰਘ ਨੂੰ ਹਰਾਉਣ ਲਈ ਕੰਮ ਕਰਨ ਦੇ ਉਸ 'ਤੇ ਦੋਸ਼ ਲਾਏ। ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਮੰਗ ਕੀਤੀ ਕਿ ਇਸ ਦੀ ਜਾਂਚ ਕਰਵਾਈ ਜਾਵੇ। ਉਕਤ ਆਗੂਆਂ ਨੇ ਇਕਸੁਰ 'ਚ ਕਿਹਾ ਕਿ ਅਸੀਂ ਕਾਂਗਰਸ ਪਾਰਟੀ ਨਾਲ ਚੱਟਾਨ ਵਾਂਗ ਖੜ੍ਹੇ ਹਾਂ ਅਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਬਰਾੜ ਦੀ ਜ਼ਮਾਨਤ ਤੱਕ ਜ਼ਬਤ ਕਰਵਾਉਣਗੇ। ਇਨ੍ਹਾਂ ਕਾਂਗਰਸੀ ਹਾਈਕਮਾਨ ਤੋਂ ਮੰਗ ਕੀਤੀ ਕਿ ਪਾਰਟੀ ਦਾ ਨੁਕਸਾਨ ਕਰਨ ਵਾਲੇ ਬਰਾੜ ਨੂੰ ਹਲਕੇ ਤੋਂ ਬਾਹਰ ਦਾ ਰਸਤਾ ਦਿਖਾਇਆ ਜਾਵੇ ਤਾਂ ਜੋ ਕਾਂਗਰਸ ਪਾਰਟੀ ਇਕਜੁੱਟ ਹੋ ਸਕੇ। ਇਸ ਤੋਂ ਇਲਾਵਾ ਹਲਕੇ ਦੇ ਆਗੂ ਮੁਖਤਿਆਰ ਸਿੰਘ ਹੇਅਰ ਵਾਈਸ ਚੇਅਰਮੈਨ ਕਿਸਾਨ ਸੈੱਲ, ਜਸਵੀਰ ਸਿੰੰਘ ਬੱਲ ਸਾਬਕਾ ਸਰਪੰਚ, ਹਰਬੰਸ ਸਿੰਘ ਸਾਬਕਾ ਸਰਪੰਚ ਟੁੱਟਕਲਾਂ, ਬਲਾਕ ਸੰਮਤੀ ਮੈਂਬਰ ਹਰਪ੍ਰੀਤਪਾਲ ਸਿੰਘ ਡਿੰਪਲ ਆਦਿ ਨੇ ਹਲਕਾ ਇੰਚਾਰਜ ਬਰਾੜ ਖ਼ਿਲਾਫ਼ ਭੜਾਸ ਕੱਢਦਿਆਂ ਖੂਬ ਰਗੜੇ ਲਾਏ।

ਇਸ ਮੌਕੇ ਕਾਂਗਰਸ ਦੇ ਬੁਲਾਰੇ ਡਾ. ਨਵਜੋਤ ਸਿੰਘ ਦਾਹੀਆ, ਰਵਿੰੰਦਰ ਸਿੰਘ ਧਾਰੀਵਾਲ, ਦਵਿੰਦਰ ਕੌਰ ਮੈਂਬਰ ਜ਼ਿਲਾ ਪ੍ਰੀਸ਼ਦ, ਡਾ. ਯੂਸਫ ਬਲਾਕ ਸੰਮਤੀ ਮੈਂਬਰ, ਮਨਦੀਪ ਕੌਰ ਬਲਾਕ ਸੰਮਤੀ ਮੈਂਬਰ, ਪ੍ਰਭਜੋਤ ਸਿੰਘ ਸਰਪੰਚ ਰਹੀਮਪੁਰ, ਸਰਪੰਚ ਕੁਲਵੰਤ ਕੌਰ ਭੋਡੀਪੁਰ, 'ਆਪ' ਵਰਕਰ ਰਣਜੀਤ ਸਿੰਘ ਜੀਤਾ ਸਾਬਕਾ ਸਰਪੰਚ, ਗੀਤਕਾਰ ਵਿਜੇ ਧੰਮੀ, ਰਜਿੰਦਰ ਸਿੰੰਘ ਸਾਬਕਾ ਸਰਪੰਚ ਗਿੱਦੜਪਿੰਡੀ, ਜੋਗਾ ਸਿੰਘ ਸਰਪੰਚ ਸਿਆਣੀਵਾਲ, ਕੇਵਲ ਸਿੰਘ ਭੋਡੀਪੁਰ, ਮਨਜਿੰਦਰ ਸਿੰਘ ਸਾਬਕਾ ਸਰਪੰਚ ਤਲਵੰਡੀ ਸਲੇਮ, ਸੌਦਾਗਰ ਸਿੰਘ ਦੁਰਗਾਬਾਦ, ਸੁਖਵਿੰਦਰ ਸਿੰਘ ਸਰਪੰਚ ਕੋਟਲਾ ਭਾਗੂ, ਪਰਮਜੀਤ ਮਾਲੜੀ, ਲਖਵੀਰ ਸਿੰਘ ਸਰਪੰਚ ਤਲਵੰਡੀ ਭਰੋ, ਜਤਿੰਦਰ ਕੁਮਾਰ ਸਰਪੰਚ ਬਾਗਪੁਰ, ਦਵਿੰਦਰ ਸਿੰਘ ਸਰਪੰਚ ਬੋਪਾਰਾਏ ਕਲਾਂ, ਸੋਖਾ ਪੰਚ ਹੇਰਾਂ, ਬਲਵੀਰ ਸਿੰਘ ਨੂਰਮਹਿਲ, ਪ੍ਰੀਤਮ ਸਿੰਘ ਮੂਸੇਵਾਲ, ਮਾਈਕਲ ਪ੍ਰਧਾਨ ਮਾਲੜੀ, ਮੁਲਖਰਾਜ ਕਾਂਗਣਾ, ਭੁਪਿੰਦਰ ਸਿੰਘ ਭਿੰਦਾ ਬਾਬਾ, ਅੰਮ੍ਰਿਤਪਾਲ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ 'ਚ ਕਾਂਗਰਸੀ ਵਰਕਰ ਹਾਜ਼ਰ ਸਨ।

ਹਲਕੇ ਦੇ ਕਾਂਗਰਸੀ ਆਗੂ ਅਤੇ ਵਰਕਰ ਮੇਰੇ ਸਿਰ ਦਾ ਤਾਜ : ਬਰਾੜ
ਇਸ ਮਾਮਲੇ ਸਬੰਧੀ ਜਦੋਂ ਹਲਕਾ ਇੰਚਾਰਜ ਜਗਬੀਰ ਸਿੰਘ ਬਰਾੜ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਨਕੋਦਰ ਹਲਕੇ ਦੇ ਕਾਂਗਰਸੀ ਆਗੂ ਅਤੇ ਵਰਕਰ ਮੇਰੇ ਸਿਰ ਦਾ ਤਾਜ ਹਨ। ਮੈਂ ਕਾਂਗਰਸੀ ਵਰਕਰਾਂ ਦੇ ਕੰਮ ਪਹਿਲ ਦੇ ਆਧਾਰ 'ਤੇ ਕਰ ਰਿਹਾ ਹਾਂ, ਜਿਥੋਂ ਤੱਕ ਕਾਂਗਰਸ ਪਾਰਟੀ ਦੇ ਨੁਕਸਾਨ ਦੀ ਗੱਲ ਹੈ, ਪਹਿਲਾਂ ਕਾਂਗਰਸ ਦੀ ਹਾਲਤ ਕਾਫੀ ਮਾੜੀ ਸੀ ਅਤੇ ਮੈਂ ਕਰੀਬ 22 ਹਜ਼ਾਰ ਵੋਟਾਂ ਨਾਲ ਹਾਰਿਆ ਸੀ। ਕਾਂਗਰਸੀ ਵਰਕਰਾਂ ਦੇ ਸਹਿਯੋਗ ਨਾਲ ਮੈਂ ਹਲਕੇ 'ਚ ਮਿਹਨਤ ਕਰਕੇ ਕਾਂਗਰਸ ਨੂੰ ਅਕਾਲੀ ਦਲ ਦੇ ਬਰਾਬਰ ਖੜ੍ਹਾ ਕੀਤਾ ਹੈ, ਜਿਸ ਦੀ ਬਦੌਲਤ ਕਾਂਗਰਸ ਪਾਰਟੀ ਜ਼ਿਲਾ ਪ੍ਰੀਸ਼ਦ ਮੈਂਬਰ, ਬਲਾਕ ਸੰੰਮਤੀ ਮੈਂਬਰ, ਪੰਚ-ਸਰਪੰਚ ਵੱਡੀ ਗਿਣਤੀ 'ਚ ਬਣੇ ਹਨ। ਬਰਾੜ ਨੇ ਕਿਹਾ ਕਿ ਹੈਪੀ ਸੰੰਧੂ ਅਤੇ ਮੁਖਤਿਆਰ ਸਿੰੰਘ ਹੇਅਰ ਆਪਣੇ ਨਿੱਜੀ ਹਿੱਤਾਂ ਖਾਤਿਰ ਮੇਰੇ 'ਤੇ ਝੂਠੇ ਦੋਸ਼ ਲਾ ਰਹੇ ਹਨ।


author

shivani attri

Content Editor

Related News