ਬਜਟ ਨੂੰ ਲੈ ਕੇ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਘੇਰੀ ‘ਆਪ’ ਸਰਕਾਰ

Friday, Mar 10, 2023 - 07:26 PM (IST)

ਬਜਟ ਨੂੰ ਲੈ ਕੇ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਘੇਰੀ ‘ਆਪ’ ਸਰਕਾਰ

ਚੰਡੀਗੜ੍ਹ (ਬਿਊਰੋ) : ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਅੱਜ ਪੰਜਾਬ ਵਿਧਾਨ ਸਭਾ ’ਚ ਪੇਸ਼ ਕੀਤੇ ਗਏ ਬਜਟ ਵਿਚ ਕੀਤੇ ਗਏ ਆਪਣੇ ਹੀ ਐਲਾਨਾਂ ਨਾਲ ਪੂਰੀ ਤਰ੍ਹਾਂ ਬੇਨਕਾਬ ਹੋ ਗਈ ਹੈ। ਵੜਿੰਗ ਨੇ ਟਿੱਪਣੀ ਕਰਦਿਆਂ ਕਿਹਾ, “ਇਸ ਬਜਟ ਨੇ ਫੇਲ੍ਹ ਹੋਈ ਸਰਕਾਰ ਨੂੰ ਸ਼ੀਸ਼ਾ ਦਿਖਾਉਣ ਦਾ ਕੰਮ ਕੀਤਾ ਹੈ। ਵੜਿੰਗ ਨੇ ਟਿੱਪਣੀ ਕਰਦਿਆਂ ਕਿਹਾ ਕਿ “ਬਜਟ 2023-24 ‘ਆਪ’ ਸਰਕਾਰ ਦੀਆਂ ਅਸਫ਼ਲਤਾਵਾਂ ਦਾ ਸਬੂਤ ਹੈ”। ਇਹ ਅਸੀਂ ਹੀ ਨਹੀਂ ਕਹਿ ਰਹੇ, ਇਹ ਸਰਕਾਰ ਹੈ, ਜੋ ਮੰਨ ਰਹੀ ਹੈ ਕਿ ਪੰਜਾਬ ਦੀਵਾਲੀਆਪਣ ਦੇ ਕੰਢੇ ’ਤੇ ਹੈ ਅਤੇ ਸੂਬਾ ਸਰਕਾਰ ਕੋਲ ਇਸ ਨੂੰ ਬਚਾਉਣ ਲਈ ਕੋਈ ਹੱਲ ਨਹੀਂ ਹੈ।’’ ਉਨ੍ਹਾਂ ਅੱਗੇ ਕਿਹਾ, ‘‘ਜੇ ਇਨ੍ਹਾਂ ਕੋਲ ਕੋਈ ਯੋਜਨਾ ਜਾਂ ਪ੍ਰੋਗਰਾਮ ਹੁੰਦਾ ਤਾਂ ਅੱਜ ਦੇ ਬਜਟ ਵਿਚ ਦੱਸਦੇ।’’

ਇਹ ਖ਼ਬਰ ਵੀ ਪੜ੍ਹੋ  : ਪੰਜਾਬ ਸਰਕਾਰ ਦੇ ਬਜਟ ’ਤੇ ਬੋਲੇ ਸੁਖਬੀਰ ਬਾਦਲ, ਕਹੀਆਂ ਵੱਡੀਆਂ ਗੱਲਾਂ 

'ਆਪ' ਕਨਵੀਨਰ ਅਰਵਿੰਦ ਕੇਜਰੀਵਾਲ ਦੇ ਦਾਅਵਿਆਂ 'ਤੇ ਚੁਟਕੀ ਲੈਂਦਿਆਂ ਉਨ੍ਹਾਂ ਕਿਹਾ ਕਿ ਉਹ ਤਾਂ ਕਹਿੰਦੇ ਸਨ ਕਿ ਰੇਤੇ ਦੀ ਮਾਈਨਿੰਗ ਤੋਂ ਹਰ ਸਾਲ 20,000 ਕਰੋੜ ਰੁਪਏ ਕਮਾਉਣਗੇ ਪਰ ਬਜਟ ਦੇ ਅੰਕੜੇ ਦਰਸਾਉਂਦੇ ਹਨ ਕਿ ਸੂਬੇ ਨੇ ਪਿਛਲੇ ਸਾਲ ਰੇਤ ਦੀ ਮਾਈਨਿੰਗ ਤੋਂ ਸਿਰਫ 153 ਕਰੋੜ ਰੁਪਏ ਕਮਾਏ ਹਨ। ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਨੇ ਕਿਹਾ ਜਾਂ ਤਾਂ ਤੁਸੀਂ ਬਕਾਇਆ ਰਕਮ ਆਪਣੀਆਂ ਜੇਬਾਂ ’ਚ ਪਾ ਲਈ ਹੈ ਤੇ ਅਜਿਹਾਂ ਨਹੀਂ ਹੈ ਤਾਂ ਤੁਹਾਨੂੰ ਪੰਜਾਬ ਦੇ ਲੋਕਾਂ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ ਕਿ ਤੁਸੀਂ ਰੇਤੇ ਦੀ ਮਾਈਨਿੰਗ ਤੋਂ ਹੋਣ ਵਾਲੀ ਆਮਦਨ ਬਾਰੇ ਝੂਠ ਬੋਲਿਆ ਸੀ।’’ ਉਨ੍ਹਾਂ ਅੱਗੇ ਪੁੱਛਿਆ ਕਿ ਉਸ 34,000 ਕਰੋੜ ਰੁਪਏ ਦਾ ਕੀ ਹੋਇਆ, ਜੋ ਕੇਜਰੀਵਾਲ ਨੇ ਭ੍ਰਿਸ਼ਟਾਚਾਰ ਤੋਂ ਬਚਾਉਣ ਦਾ ਵਾਅਦਾ ਕੀਤਾ ਸੀ?

ਇਹ ਖ਼ਬਰ ਵੀ ਪੜ੍ਹੋ : ਸਰਕਾਰੀ ਸਕੂਲਾਂ ’ਚ ਦਾਖ਼ਲਿਆਂ ਨੂੰ ਲੈ ਕੇ ਸਿੱਖਿਆ ਮੰਤਰੀ ਹਰਜੋਤ ਬੈਂਸ ਦਾ ਅਹਿਮ ਬਿਆਨ, ਜਾਣੋ ਕੀ ਕਿਹਾ

ਵੜਿੰਗ ਨੇ ਸਰਕਾਰ ਨੂੰ ਯਾਦ ਦਿਵਾਇਆ ਕਿ ਉਨ੍ਹਾਂ ਨੇ ਸੂਬੇ ਦੀ ਹਰ ਔਰਤ ਨੂੰ ਹਰ ਮਹੀਨੇ 1000 ਰੁਪਏ ਦੇਣ ਦਾ ਵਾਅਦਾ ਕੀਤਾ ਸੀ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਪੂਰਾ ਇਕ ਸਾਲ ਹੋ ਗਿਆ ਹੈ ਅਤੇ ਹੁਣ ਤਾਂ ਇੰਝ ਲੱਗਦਾ ਹੈ, ਜਿਵੇਂ ਸਰਕਾਰ ਆਪਣੇ ਵਾਅਦੇ ਨੂੰ ਪੂਰੀ ਤਰ੍ਹਾਂ ਭੁੱਲ ਗਈ ਹੈ। ਕਾਂਗਰਸ ਸੂਬਾ ਪ੍ਰਧਾਨ ਨੇ ਅੱਗੇ ਕਿਹਾ ਕਿ 2022-23 ਦੇ ਬਜਟ ’ਚ 'ਆਪ' ਨੇ 100 ਮੌਜੂਦਾ ਸਕੂਲਾਂ ਨੂੰ ਸ਼ਾਰਟਲਿਸਟ ਕਰਨ ਅਤੇ ਉਨ੍ਹਾਂ ਨੂੰ ਉੱਘੀਆਂ ਸੰਸਥਾਵਾਂ ਵਿਚ ਅਪਗ੍ਰੇਡ ਕਰਨ ਦਾ ਵਾਅਦਾ ਕੀਤਾ ਸੀ। ਇਸ ਲਈ 200 ਕਰੋੜ ਰੁਪਏ ਵੀ ਅਲਾਟ ਕੀਤੇ ਗਏ ਸਨ, ਉਹੀ ਵਾਅਦਾ ਇਸ ਸਾਲ ਵੀ ਦੁਹਰਾਇਆ ਗਿਆ ਹੈ, ਜਿਸ ਵਿਚ ਹੁਣ ਤੱਕ ਕੁਝ ਨਾ ਹੋਣ ਦਾ ਜ਼ਿਕਰ ਕੀਤਾ ਗਿਆ ਹੈ।
ਉਨ੍ਹਾਂ ਅੱਗੇ ਕਿਹਾ ਕਿ 2022-23 ਦੇ ਬਜਟ ’ਚ 5 ਸਾਲਾਂ ਦੀ ਮਿਆਦ ਵਿਚ 16 ਨਵੇਂ ਮੈਡੀਕਲ ਕਾਲਜ ਸਥਾਪਿਤ ਕਰਨ ਦਾ ਵਾਅਦਾ ਕੀਤਾ ਗਿਆ ਸੀ ਪਰ ਇਸ ਸਾਲ ਸਿਰਫ਼ 2 ਨਵੇਂ ਮੈਡੀਕਲ ਕਾਲਜਾਂ ਲਈ ਬਜਟ ਅਲਾਟ ਕਰਨ ਦੀ ਤਜਵੀਜ਼ ਰੱਖੀ ਗਈ ਹੈ, ਜਿਸ ਦਾ ਮਤਲਬ ਹੈ ਕਿ ਇਸ ਦਰ ਨਾਲ ਉਹ 5 ਨਵੇਂ ਕਾਲਜ ਵੀ ਨਹੀਂ ਸ਼ੁਰੂ ਨਹੀਂ ਕਰ ਸਕਣਗੇ। ਕੀ ਸਰਕਾਰ 5 ਸਾਲਾਂ ਵਿਚ 5 ਨਵੇਂ ਕਾਲਜ ਬਣਾਏਗੀ?

ਇਹ ਖ਼ਬਰ  ਵੀ ਪੜ੍ਹੋ : ਵਿਜੀਲੈਂਸ ਨੇ ਨਗਰ ਨਿਗਮ ਦੇ ਮੁਲਾਜ਼ਮਾਂ ਲਈ ਰਿਸ਼ਵਤ ਲੈਂਦਾ ਆਰਕੀਟੈਕਟ ਤੇ ਉਸ ਦਾ ਸਾਥੀ ਕੀਤਾ ਕਾਬੂ

ਕਰਜ਼ੇ ਦੀ ਸਥਿਤੀ ਦਾ ਜ਼ਿਕਰ ਕਰਦਿਆਂ ਵੜਿੰਗ ਨੇ ਦੱਸਿਆ ਕਿ 'ਆਪ' ਸਰਕਾਰ ਨੇ 1 ਸਾਲ 'ਚ 31000 ਕਰੋੜ ਰੁਪਏ ਦਾ ਕਰਜ਼ਾ ਲਿਆ, ਜਦਕਿ ਕਾਂਗਰਸ ਸਰਕਾਰ ਨੇ ਔਸਤਨ 15000 ਰੁਪਏ ਪ੍ਰਤੀ ਸਾਲ ਅਤੇ 5 ਸਾਲਾਂ 'ਚ 73000 ਕਰੋੜ ਰੁਪਏ ਦਾ ਕਰਜ਼ਾ ਲਿਆ। ਉਨ੍ਹਾਂ ਕਿਹਾ ਕਿ ਇਸ ਗਤੀ ਨਾਲ 'ਆਪ' ਸੂਬੇ ਨੂੰ ਡੇਢ ਲੱਖ ਕਰੋੜ ਰੁਪਏ ਦਾ ਹੋਰ ਕਰਜ਼ਾਈ ਕਰ ਜਾਵੇਗੀ। ਉਨ੍ਹਾਂ ਕਿਹਾ ਕਿ ਅੱਜ ਦੇ ਬਜਟ ਨੇ ਲੋਕਾਂ ਦੇ ਇਸ ਡਰ ਨੂੰ ਸਹੀ ਸਾਬਤ ਕਰ ਦਿੱਤਾ ਹੈ ਕਿ ਇਹ ਸਰਕਾਰ ਨਾ ਸਿਰਫ਼ ਸ਼ਾਸਨ ਦੇ ਮਾਮਲੇ ’ਚ ਪੂਰੀ ਤਰ੍ਹਾਂ ਅਯੋਗ ਅਤੇ ਅਕੁਸ਼ਲ ਹੈ, ਸਗੋਂ ਵਿੱਤੀ ਪ੍ਰਬੰਧਨ ਦੇ ਮਾਮਲੇ ਵਿਚ ਵੀ ਫੇਲ੍ਹ ਹੈ।


author

Manoj

Content Editor

Related News