ਕਾਂਗਰਸ ਦੀ ਮੌਜੂਦਾ ਸਥਿਤੀ ਬਾਰੇ ਖੁੱਲ੍ਹ ਕੇ ਬੋਲੇ ਪੰਜਾਬ ਪ੍ਰਧਾਨ ਰਾਜਾ ਵੜਿੰਗ (ਵੀਡੀਓ)

Saturday, Aug 06, 2022 - 09:45 PM (IST)

ਚੰਡੀਗੜ੍ਹ (ਬਿਊਰੋ) : ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਕਾਂਗਰਸ ਦੀ ਮੌਜੂਦਾ ਸਥਿਤੀ ਤੇ ਹੋਰ ਕਈ ਅਹਿਮ ਮੁੱਦਿਆਂ ਬਾਰੇ 'ਜਗ ਬਾਣੀ' ਦੇ ਸੀਨੀਅਰ ਪੱਤਰਕਾਰ ਰਮਨਦੀਪ ਸਿੰਘ ਸੋਢੀ ਨਾਲ ਖਾਸ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਕਾਂਗਰਸ ਅੰਦਰ ਕੁਝ ਵੀ ਗਲਤ ਨਹੀਂ ਹੈ, ਸਾਰਾ ਕੁਝ ਠੀਕ ਚੱਲ ਰਿਹਾ ਹੈ। ਸਾਰੇ ਕਾਂਗਰਸੀ ਵਰਕਰ ਇਕੱਠੇ ਹਨ। ਕਾਂਗਰਸ ਛੱਡ ਕੇ ਜਾਣ ਵਾਲਿਆਂ ਬਾਰੇ ਰਾਜਾ ਵੜਿੰਗ ਨੇ ਕਿਹਾ ਕਿ ਜਿਸ ਨੇ ਇਕ ਵਾਰ ਜਾਣ ਦਾ ਮਨ ਬਣਾ ਲਿਆ, ਉਸ ਨੂੰ ਕੋਈ ਨਹੀਂ ਰੋਕ ਸਕਦਾ। ਵਿਰੋਧੀ ਧਿਰ ਦੇ ਨੇਤਾ ਬਾਰੇ ਪੁੱਛੇ ਜਾਣ 'ਤੇ ਉਨ੍ਹਾਂ ਕਿਹਾ ਕਿ LOP ਨਾਲ ਉਨ੍ਹਾਂ ਦੇ ਚੰਗੇ ਸਬੰਧ ਹਨ। ਉਹ ਇਕ-ਦੂਜੇ ਦੀ ਚੰਗੀ ਇੱਜ਼ਤ ਕਰਦੇ ਹਨ।

ED ਵੱਲੋਂ ਗਾਂਧੀ ਪਰਿਵਾਰ ਤੋਂ ਕੀਤੀ ਜਾ ਰਹੀ ਪੁੱਛਗਿੱਛ ਦੇ ਵਿਰੋਧ 'ਚ ਲਾਏ ਜਾਂਦੇ ਧਰਨਿਆਂ 'ਤੇ ਵੀ ਗੱਲ ਕਰਦਿਆਂ ਵੜਿੰਗ ਨੇ ਕਿਹਾ ਕਿ ਮੋਦੀ ਸਰਕਾਰ ਦੇਸ਼ 'ਚ ਧੱਕੇਸ਼ਾਹੀ ਕਰ ਰਹੀ ਹੈ। ਜੇਕਰ ਉਨ੍ਹਾਂ ਨੂੰ ਲੱਗਦਾ ਹੈ ਕਿ ਰਾਹੁਲ ਗਾਂਧੀ ਨੇ ਕੋਈ ਗਲਤ ਕੰਮ ਕੀਤਾ ਹੈ ਤਾਂ ਉਨ੍ਹਾਂ 'ਤੇ ਪਰਚਾ ਦਰਜ ਕੀਤਾ ਜਾਵੇ ਪਰ ਕਈ-ਕਈ ਘੰਟੇ ਪੁੱਛਗਿੱਛ ਕਰਕੇ ਮਾਨਸਿਕ ਪ੍ਰੇਸ਼ਾਨ ਨਾ ਕੀਤਾ ਜਾਵੇ। ਮਹਿੰਗਾਈ ਅਤੇ ਬੇਰੁਜ਼ਗਾਰੀ 'ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਕਾਂਗਰਸ ਮਹਿੰਗਾਈ ਤੇ ਬੇਰੁਜ਼ਗਾਰੀ ਦੇ ਖ਼ਿਲਾਫ਼ ਲੜਾਈ ਲੜਦੀ ਰਹੇਗੀ। ਉਨ੍ਹਾਂ ਕਿਹਾ ਕਿ ਹੁਣ ਕਾਂਗਰਸ 'ਚ ਨੌਜਵਾਨਾਂ ਨੂੰ ਮੌਕਾ ਦਿੱਤਾ ਜਾਵੇਗਾ ਤੇ ਨੌਜਵਾਨਾਂ ਨੂੰ ਵੱਡੀਆਂ ਜ਼ਿੰਮੇਵਾਰੀਆਂ ਦਿੱਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਪੰਜਾਬ ਕਾਂਗਰਸ ਦਾ ਨਵਾਂ ਢਾਂਚਾ ਤਿਆਰ ਕੀਤਾ ਜਾਵੇਗਾ।

ਖ਼ਬਰ ਇਹ ਵੀ : CM ਮਾਨ ਅਦਾਲਤ 'ਚ ਪੇਸ਼ ਤਾਂ ਉਥੇ ਧਨਖੜ ਨੇ ਜਿੱਤੀ ਉਪ ਰਾਸ਼ਟਰਪਤੀ ਦੀ ਚੋਣ, ਪੜ੍ਹੋ TOP 10

ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ, ਨਵਜੋਤ ਸਿੰਘ ਸਿੱਧੂ ਤੇ ਮਨਪ੍ਰੀਤ ਬਾਦਲ ਬਾਰੇ ਪੁੱਛੇ ਜਾਣ 'ਤੇ ਵੜਿੰਗ ਨੇ ਕਿਹਾ ਕਿ ਚੰਨੀ ਤੇ ਮਨਪ੍ਰੀਤ ਬਾਦਲ ਤਾਂ ਵਿਦੇਸ਼ 'ਚ ਹਨ ਪਰ ਨਵਜੋਤ ਸਿੱਧੂ ਜੇਲ੍ਹ 'ਚ ਹੋਣ ਕਾਰਨ ਉਨ੍ਹਾਂ ਨਾਲ ਮੁਲਾਕਾਤ ਨਹੀਂ ਹੋਈ। ਉਨ੍ਹਾਂ ਸਿੱਧੂ ਨੂੰ ਮਿਲਣ ਲਈ ਕੋਸ਼ਿਸ਼ ਕੀਤੀ ਪਰ ਕੁਝ ਕਾਰਨਾਂ ਕਰਕੇ ਉਹ ਨਹੀਂ ਮਿਲ ਸਕੇ। ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਲਾਹੇ ਜਾਣ 'ਤੇ ਰਾਜਾ ਵੜਿੰਗ ਨੇ ਕਿਹਾ ਕਿ ਹਾਈਕਮਾਨ ਦਾ ਇਹ ਫ਼ੈਸਲਾ ਬਿਲਕੁਲ ਸਹੀ ਸੀ ਪਰ ਇਹ ਫ਼ੈਸਲਾ ਕੁਝ ਦੇਰ ਨਾਲ ਕੀਤਾ ਗਿਆ, ਜੇਕਰ ਹਾਈਕਮਾਨ ਇਹ ਫ਼ੈਸਲਾ ਕੁਝ ਸਮਾਂ ਪਹਿਲਾਂ ਕਰਦੀ ਤਾਂ ਨਤੀਜੇ ਕੁਝ ਹੋਰ ਹੋਣੇ ਸਨ। ਸੁਨੀਲ ਜਾਖੜ ਤੇ ਨਵਜੋਤ ਸਿੱਧੂ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਇਨ੍ਹਾਂ ਲੀਡਰਾਂ ਨੇ ਪਾਰਟੀ ਨੂੰ ਧਾਕ ਲਾਈ ਹੈ।

ਰਾਜਸਥਾਨ ਤੋਂ ਬੱਸਾਂ ਦੀਆਂ ਬਾਡੀਆਂ ਬਣਾਉਣ ਬਾਰੇ ਪੁੱਛੇ ਜਾਣ 'ਤੇ ਉਨ੍ਹਾਂ ਕਿਹਾ ਕਿ ਪੰਜਾਬ ਦੀ ਕਿਸੇ ਵੀ ਕੰਪਨੀ ਨੇ ਟੈਂਡਰ ਨਹੀਂ ਭਰਿਆ ਸੀ ਤੇ ਹੋਰ ਵੀ ਕਈ ਰਾਜਾਂ ਨੇ ਰਾਜਸਥਾਨ ਤੋਂ ਬੱਸਾਂ ਦੀਆਂ ਬਾਡੀਆਂ ਬਣਵਾਈਆਂ ਸਨ। ਉਨ੍ਹਾਂ ਕਿਹਾ ਕਿ ਉਹ ਇਸ ਮਾਮਲੇ ਦੀ ਜਾਂਚ ਲਈ ਤਿਆਰ ਹਨ। ਆਮ ਆਦਮੀ ਪਾਰਟੀ ਦੀ ਸਰਕਾਰ ਬਾਰੇ ਬੋਲਦਿਆਂ ਵੜਿੰਗ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਜੋ ਕੰਮ ਕਰਨਾ ਚਾਹੁੰਦੇ ਹਨ, ਉਨ੍ਹਾਂ 'ਤੇ ਉਪਰੋਂ ਪ੍ਰੈਸ਼ਰ ਹੋਣ ਕਰਕੇ ਉਹ ਖੁੱਲ੍ਹ ਕੇ ਕੰਮ ਨਹੀਂ ਕਰ ਰਹੇ। ਪੰਜਾਬ ਸਰਕਾਰ ਕੁਝ ਚੰਗੇ ਕੰਮ ਵੀ ਕਰ ਰਹੀ ਹੈ, ਜਿਵੇਂ ਜ਼ਮੀਨਾਂ ਤੋਂ ਕੀਤੇ ਨਾਜਾਇਜ਼ ਕਬਜ਼ੇ ਛੁਡਵਾਏ ਜਾ ਰਹੇ ਹਨ। ਕਿਸੇ ਗਰੀਬ ਨਾਲ ਧੱਕਾ ਨਹੀਂ ਹੋਣਾ ਚਾਹੀਦਾ। ਵਾਈਸ ਚਾਂਸਲਰ ਰਾਜ ਬਹਾਦਰ 'ਤੇ ਬੋਲਦਿਆਂ ਵੜਿੰਗ ਨੇ ਕਿਹਾ ਕਿਸੇ ਵੀ ਵਿਅਕਤੀ ਦੀ ਇਸ ਤਰ੍ਹਾਂ ਬੇਇਜ਼ਤੀ ਕਰਨਾ ਗਲਤ ਹੈ। ਉਨ੍ਹਾਂ ਕਿਹਾ ਕਿ ਸਰਕਾਰ ਪਹਿਲਾਂ ਹਸਪਤਾਲਾਂ ਦੀ ਹਾਲਤ 'ਚ ਸੁਧਾਰ ਕਰੇ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Mukesh

Content Editor

Related News