ਅਕਾਲੀ-ਭਾਜਪਾ ਦੀ ਰੈਲੀ 'ਚ ਹੰਗਾਮਾ, ਪੁਲਸ ਮੁਲਾਜ਼ਮਾ 'ਤੇ ਡਿੱਗੀ ਗਾਜ
Wednesday, Oct 04, 2017 - 02:12 PM (IST)
ਗੁਰਦਾਸਪੁਰ (ਵਿਨੋਦ) : ਬੀਤੇ ਦਿਨੀਂ ਗੁਰਦਾਸਪੁਰ ਵਿਖੇ ਅਕਾਲੀ-ਭਾਜਪਾ ਦੀ ਰੈਲੀ ਵਿਚ ਕਾਂਗਰਸੀ ਆਗੂਆਂ ਦੀ ਸ਼ਹਿ 'ਤੇ ਹੋਈ ਹੁੱਲੜਬਾਜ਼ੀ ਅਤੇ ਕਾਰਵਾਈ ਕਰਨ ਦੀ ਬਜਾਏ ਮੂਕ ਦਰਸ਼ਕ ਬਣੇ ਰਹਿਣ ਵਾਲੇ ਪੁਲਸ ਅਧਿਕਾਰੀਆਂ 'ਤੇ ਗਾਜ ਡਿੱਗੀ ਹੈ। ਅਕਾਲੀ ਦਲ ਵਲੋਂ ਉਕਤ ਪੁਲਸ ਮੁਲਾਜ਼ਮਾਂ ਖਿਲਾਫ ਕਾਰਵਾਈ ਤੋਂ ਬਾਅਦ ਰੈਲੀ 'ਚ ਮੌਜੂਦ ਐੱਸ. ਐੱਚ. ਓ ਤਰਸੇਮ ਅਤੇ ਸਬ ਇੰਸਪੈਕਟਰ ਰਾਮ ਦਿਆਲ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਅਤੇ ਬੁਲਾਰਾ ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਨੇ ਮੌਕੇ 'ਤੇ ਮੌਜੂਦ ਡਿਊਟੀ ਮੈਜਿਸਟ੍ਰੇਟ ਮਹਿੰਦਰ ਪਾਲ, ਡੀ. ਐੱਸ. ਪੀ. ਏ. ਡੀ. ਸਿੰਘ, ਐੱਸ. ਐੱਚ. ਓ. ਤਰਸੇਮ ਇੰਸਾਂ ਮਸੀਹ ਅਤੇ ਸਬ ਇੰਸਪੈਕਟਰ ਰਾਮ ਦਿਆਲ ਖਿਲਾਫ ਕਾਰਵਾਈ ਦੀ ਮੰਗ ਕੀਤੀ ਗਈ ਸੀ।
ਉਨ੍ਹਾਂ ਦੱਸਿਆ ਕਿ ਬੀਤੀ ਸ਼ਾਮ ਹਨੂੰਮਾਨ ਚੌਕ 'ਚ ਰੱਖੀ ਗਈ ਅਕਾਲੀ-ਭਾਜਪਾ ਦੀ ਰੈਲੀ ਵਿਚ ਕਾਂਗਰਸੀਆਂ ਦਾ ਇਕ ਹਜੂਮ ਜਿਸ ਵਿਚ ਔਰਤਾਂ ਵੱਡੀ ਗਿਣਤੀ ਵਿਚ ਸ਼ਾਮਲ ਸਨ ਨੇ ਕਾਲੀਆਂ ਝੰਡੀਆਂ ਲੈ ਕੇ ਰੈਲੀ ਵਾਲੀ ਜਗ੍ਹਾ 'ਤੇ ਦਾਖਲ ਹੋ ਗਏ ਅਤੇ ਸਟੇਜ ਸਾਹਮਣੇ ਆ ਕੇ ਨਾਅਰੇਬਾਜ਼ੀ ਅਤੇ ਹੁੱਲੜਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ ਜਿਸ ਨਾਲ ਸਾਰਾ ਮਾਹੌਲ ਖਰਾਬ ਹੋ ਗਿਆ ਪਰ ਉਥੇ ਮੌਜੂਦ ਕਿਸੇ ਵੀ ਪੁਲਸ ਅਧਿਕਾਰੀ ਨੇ ਕਾਰਵਾਈ ਨਹੀਂ ਕੀਤੀ।
ਉਨ੍ਹਾਂ ਨੇ ਕਿਹਾ ਕਿ ਇਸ ਸੰਬੰਧੀ ਚੋਣ ਅਧਿਕਾਰੀ ਨੂੰ ਸ਼ਿਕਾਇਤ ਕੀਤੀ ਗਈ ਸੀ ਜਿਸ ਤੋਂ ਬਾਅਦ ਕਾਰਵਾਈ ਕਰਦੇ ਹੋਏ ਐੱਸ. ਐੱਚ.ਓ ਅਤੇ ਸਬ ਇੰਸਪੈਕਟਰ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਅਜੇ ਵੀ ਡਿਊਟੀ ਮੈਜਿਸਟ੍ਰੇਟ ਅਤੇ ਡੀ. ਐੱਸ. ਪੀ. ਖਿਲਾਫ ਆਪਣੀ ਮੰਗ 'ਤੇ ਕਾਇਮ ਹੈ।
