ਜ਼ਿਲਾ ਕਾਂਗਰਸ ਦਫ਼ਤਰ ਬਣਿਆ ਸਿਆਸੀ ਸਰਗਰਮੀਆਂ ਦਾ ਕੇਂਦਰ
Thursday, Nov 30, 2017 - 09:52 AM (IST)
ਪਟਿਆਲਾ (ਰਾਜੇਸ਼)-ਸ਼ਾਹੀ ਸ਼ਹਿਰ ਪਟਿਆਲਾ ਦੇ ਨਗਰ ਨਿਗਮ ਦੀਆਂ ਸੰਭਾਵੀ ਚੋਣਾਂ ਕਾਰਨ ਅਮਰ ਆਸ਼ਰਮ ਦੇ ਸਾਹਮਣੇ ਸਥਿਤ ਜ਼ਿਲਾ ਕਾਂਗਰਸ ਪਟਿਆਲਾ ਸ਼ਹਿਰੀ ਦਾ ਦਫ਼ਤਰ ਸਿਆਸੀ ਸਰਗਰਮੀਆਂ ਦਾ ਕੇਂਦਰ ਬਣ ਗਿਆ ਹੈ। ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ, ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਅਤੇ ਮਹਾਰਾਣੀ ਪ੍ਰਨੀਤ ਕੌਰ ਨੇ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਐੱਸ. ਐੱਸ. ਘੁੰਮਣ ਨੂੰ ਚੋਣਾਂ ਦੀ ਅਹਿਮ ਜ਼ਿੰਮੇਵਾਰੀ ਸੌਂਪ ਦਿੱਤੀ ਹੈ। ਸ਼੍ਰੀ ਘੁੰਮਣ ਨੇ ਮੋਰਚਾ ਸੰਭਾਲ ਲਿਆ ਹੈ। ਐੱਸ. ਐੱਸ. ਘੁੰਮਣ, ਬਲਾਕ ਪ੍ਰਧਾਨ ਕੇ. ਕੇ. ਮਲਹੋਤਰਾ ਅਤੇ ਐੱਸ. ਐੱਸ. ਵਾਲੀਆ ਵੱਲੋਂ ਵਰਕਰਾਂ ਨੂੰ ਫਾਰਮ ਦਿੱਤੇ ਜਾ ਰਹੇ ਹਨ। ਜਾਣਕਾਰੀ ਅਨੁਸਾਰ ਹੁਣ ਤੱਕ 60 ਵਾਰਡਾਂ ਲਈ 310 ਦੇ ਲਗਭਗ ਫਾਰਮ ਵਿਕ ਚੁੱਕੇ ਹਨ। ਕਈ ਵਾਰਡਾਂ ਵਿਚ 15-15 ਲੋਕਾਂ ਨੇ ਅਪਲਾਈ ਕਰਨ ਲਈ ਫਾਰਮ ਖਰੀਦੇ ਹਨ। ਜ਼ਿਆਦਾ ਮੁਕਾਬਲਾ ਜਨਰਲ ਵਾਰਡਾਂ ਵਿਚ ਹੈ। ਲੇਡੀਜ਼ ਵਾਰਡਾਂ ਵਿਚ ਰੁਝਾਨ ਘੱਟ ਦਿਖਾਈ ਦਿੱਤਾ ਹੈ। ਜ਼ਿਲਾ ਕਾਂਗਰਸ ਵੱਲੋਂ 30 ਨਵੰਬਰ ਨੂੰ ਫਾਰਮ ਭਰਵਾ ਕੇ ਲਏ ਜਾਣਗੇ, ਜਿਸ ਕਰ ਕੇ ਵੀਰਵਾਰ ਨੂੰ ਜ਼ਿਲਾ ਕਾਂਗਰਸ ਦਫ਼ਤਰ ਵਿਚ ਕਾਫੀ ਰੌਣਕ ਰਹੇਗੀ। ਇਸ ਮੌਕੇ ਬਲਾਕ ਪ੍ਰਧਾਨ ਨਰੇਸ਼ ਦੁੱਗਲ, ਵਿਜੇ ਕੁਮਾਰ ਕੂਕਾ, ਅਨਿਲ ਮੌਦਗਿਲ, ਵਿਨੋਦ ਅਰੋੜਾ ਕਾਲੂ ਤੇ ਸੋਨੂੰ ਸੰਗਰ ਤੋਂ ਇਲਾਵਾ ਹੋਰ ਕਈ ਆਗੂ ਹਾਜ਼ਰ ਸਨ।
