ਬਾਗ਼ੀ ਕਾਂਗਰਸੀ ਵਿਧਾਇਕਾਂ ਨੇ ਕੀਤੀ ਮੁੱਖ ਮੰਤਰੀ ਕੈਪਟਨ ਨਾਲ ਮੁਲਾਕਾਤ
Tuesday, Jan 07, 2020 - 12:01 AM (IST)

ਪਟਿਆਲਾ, (ਰਾਜੇਸ਼)— ਪਿਛਲੇ ਕੁਝ ਸਮੇਂ ਤੋਂ ਬਾਗੀ ਸੁਰਾਂ ਕੱਢਣ ਵਾਲੇ ਹਲਕਾ ਰਾਜਪੁਰਾ ਦੇ ਵਿਧਾਇਕ ਹਰਦਿਆਲ ਸਿੰਘ ਕੰਬੋਜ ਅਤੇ ਹਲਕਾ ਘਨੌਰ ਦੇ ਵਿਧਾਇਕ ਮਦਨ ਲਾਲ ਜਲਾਲਪੁਰ ਨੇ ਲੰਬੇ ਸਮੇਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕੀਤੀ। ਇਸ ਦੀਆਂ ਤਸਵੀਰਾਂ ਮੁੱਖ ਮੰਤਰੀ ਦੇ ਮੀਡੀਆ ਸੈੱਲ ਨੇ ਸੋਸ਼ਲ ਮੀਡੀਆ 'ਤੇ ਸਾਂਝੀਆਂ ਕੀਤੀਆਂ।
ਬੇਸ਼ੱਕ ਕੁਝ ਹੋਰਨਾਂ ਮੰਤਰੀਆਂ, ਵਿਧਾਇਕਾਂ ਤੇ ਐੱਮ. ਪੀਜ਼ ਦੀਆਂ ਫੋਟੋਆਂ ਵੀ ਮੁੱਖ ਮੰਤਰੀ ਦੀ ਸੋਸ਼ਲ ਮੀਡੀਆ ਟੀਮ ਨੇ ਸਾਂਝੀਆਂ ਕੀਤੀਆਂ ਪਰ ਇਨ੍ਹਾਂ ਦੋਹਾਂ ਬਾਗੀ ਵਿਧਾਇਕਾਂ ਦੀਆਂ ਫੋਟੋਆਂ ਨੂੰ ਹੋਰਨਾਂ ਨਾਲੋਂ ਪ੍ਰਮੁੱਖਤਾ ਦਿੰਦੇ ਹੋਏ ਪਹਿਲੇ ਨੰਬਰ 'ਤੇ ਰੱਖਿਆ ਗਿਆ ਹੈ। ਲਗਭਗ 2 ਮਹੀਨਿਆਂ ਤੋਂ ਇਨ੍ਹਾਂ ਵਿਧਾਇਕਾਂ ਨੇ ਸਰਕਾਰ ਦੇ ਖਿਲਾਫ ਮੋਰਚਾ ਖੋਲ੍ਹਿਆ ਹੋਇਆ ਸੀ।
ਜ਼ਿਲਾ ਸ਼ਿਕਾਇਤ ਨਿਵਾਰਨ ਕਮੇਟੀ ਦੀ ਮੀਟਿੰਗ ਵਿਚ ਇਨ੍ਹਾਂ ਵਿਧਾਇਕਾਂ ਨੇ ਹੀ ਅਫਸਰਸ਼ਾਹੀ ਰਾਹੀਂ ਸਰਕਾਰ 'ਤੇ ਨਿਸ਼ਾਨਾ ਵਿੰਨ੍ਹਿਆ ਸੀ। ਦੋਵੇਂ ਵਿਧਾਇਕ ਪਿਛਲੇ 20 ਸਾਲਾਂ ਤੋਂ ਮੁੱਖ ਮੰਤਰੀ ਦੇ ਅਤਿ ਕਰੀਬੀ ਹਨ। 2017 ਵਿਚ ਬਣਨ ਵਾਲੀ ਕਾਂਗਰਸ ਸਰਕਾਰ 'ਚ ਉਨ੍ਹਾਂ ਨੂੰ 2002 ਵਾਲਾ ਮਜ਼ਾ ਨਹੀਂ ਆਇਆ। ਕਾਫੀ ਇੰਤਜ਼ਾਰ ਤੋਂ ਬਾਅਦ ਉਨ੍ਹਾਂ ਬਗਾਵਤ ਦਾ ਝੰਡਾ ਚੁੱਕ ਲਿਆ ਸੀ। ਦੋਵੇਂ ਵਿਧਾਇਕ ਇਹ ਵੀ ਸਪੱਸ਼ਟੀਕਰਨ ਦਿੰਦੇ ਰਹੇ ਕਿ ਉਹ ਮੁੱਖ ਮੰਤਰੀ ਦੇ ਨਾਲ ਹਨ ਪਰ ਮੀਡੀਆ ਵਿਚ ਇਹ ਗੱਲ ਕਾਫੀ ਹਾਈ ਲਾਈਟ ਹੋਈ ਸੀ ਕਿ ਆਖਰ ਮੁੱਖ ਮੰਤਰੀ ਦੇ ਅਤਿ ਕਰੀਬੀ ਵਿਧਾਇਕਾਂ ਨੇ ਬਗਾਵਤ ਕਿਉਂ ਕੀਤੀ? ਗੱਲ ਕਰਨ 'ਤੇ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਕਿਹਾ ਕਿ ਮੁੱਖ ਮੰਤਰੀ ਕੈਪ. ਅਮਰਿੰਦਰ ਸਿੰਘ ਨੇ ਅੱਖਾਂ ਦੇ ਮੋਤੀਏ ਦਾ ਆਪ੍ਰੇਸ਼ਨ ਕਰਵਾਇਆ ਸੀ। ਉਹ ਮੁੱਖ ਮੰਤਰੀ ਦਾ ਹਾਲ-ਚਾਲ ਪੁੱਛਣ ਗਏ ਸਨ। ਇਹ ਇਕ ਸਿਸ਼ਟਾਚਾਰ ਵਾਲੀ ਮੁਲਾਕਾਤ ਸੀ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉਨ੍ਹਾਂ ਦੇ ਪਰਿਵਾਰ ਦੇ ਮੁਖੀ ਹਨ। ਉਹ ਅਕਸਰ ਮੁੱਖ ਮੰਤਰੀ ਨੂੰ ਮਿਲਦੇ ਰਹਿੰਦੇ ਹਨ। ਇਸ ਵਿਚ ਕੋਈ ਨਵੀਂ ਗੱਲ ਨਹੀਂ ਹੈ।