ਮਨੀਸ਼ ਤਿਵਾੜੀ ਨੇ ਫਿਰ ਕਾਂਗਰਸ ਹਾਈਕਮਾਨ ’ਤੇ ਚੁੱਕੇ ਸਵਾਲ, ਜਾਣੋ ਕੀ ਬੋਲੇ
Tuesday, Mar 29, 2022 - 06:03 PM (IST)
ਚੰਡੀਗੜ੍ਹ : ਕਾਂਗਰਸ ਦੇ ਸੀਨੀਅਰ ਆਗੂ ਅਤੇ ਸ੍ਰੀ ਅਨੰਦਪੁਰ ਸਾਹਿਬ ਤੋਂ ਕਾਂਗਰਸ ਦੇ ਸਾਂਸਦ ਮਨੀਸ਼ ਤਿਵਾੜੀ ਨੇ ਇਕ ਵਾਰ ਫਿਰ ਕਾਂਗਰਸ ਹਾਈਕਮਾਂਨ ਨੂੰ ਸਵਾਲਾਂ ਦੇ ਘੇਰੇ ਵਿਚ ਲਿਆ ਖੜ੍ਹਾ ਕੀਤਾ ਹੈ। ਹਾਈਕਮਾਨ ਤੋਂ ਇਲਾਵਾ ਉਨ੍ਹਾਂ ਸੂਬਾਈ ਲੀਡਰਸ਼ਿਪ ’ਤੇ ਵੀ ਸਵਾਲ ਚੁੱਕੇ ਹਨ। ਇਥੇ ਹੀ ਬਸ ਨਹੀਂ ਤਿਵਾੜੀ ਨੇ ਵਿਧਾਨ ਸਭਾ ਚੋਣਾਂ ’ਚ ਹੋਈ ਕਾਂਗਰਸ ਦੀ ਕਰਾਰੀ ਹਾਰ ਲਈ ਵੀ ਪਾਰਟੀ ਨੂੰ ਜ਼ਿੰਮੇਵਾਰ ਦੱਸਿਆ ਹੈ। ਤਿਵਾੜੀ ਨੇ ਪਾਰਟੀ ਹਾਈਕਮਾਨ ਤੋਂ ਲੈ ਕੇ ਪੰਜਾਬ ਦੀ ਅਗਵਾਈ ’ਤੇ ਵੀ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਪਾਰਟੀ ਦੀ ਹਾਰ ਲਈ ‘ਆਪ’ਦੀ ਹਨ੍ਹੇਰੀ ਨਹੀਂ ਸਗੋਂ ਕੁੱਝ ਬੁਨਿਆਦੀ ਕਾਰਨ ਹਨ। ਉਨ੍ਹਾਂ ਨੇ ਪਾਰਟੀ ਦੀ ਕੇਂਦਰੀ ਅਤੇ ਸੂਬਾਈ ਅਗਵਾਈ ਨੂੰ ਇਨ੍ਹਾਂ ਗੱਲਾਂ ’ਤੇ ਚਰਚਾ ਕਰਨ ਦਾ ਸੁਝਾਅ ਵੀ ਦਿੱਤਾ। ਤਿਵਾੜੀ ਨੇ ਕਾਂਗਰਸ ਹਾਈਕਮਾਨ ’ਤੇ 6 ਸਵਾਲ ਚੁੱਕਦਿਆਂ ਕਿਹਾ ਕਿ ਜੇਕਰ ਇਨ੍ਹਾਂ ਸਵਾਲਾਂ ਦੇ ਜਵਾਬ ਲੱਭ ਲਏ ਜਾਣ ਤਾਂ ਹਾਰ ਦਾ ਕਾਰਨ ਸਾਫ ਹੋ ਸਕਦਾ ਹੈ।
ਇਹ ਵੀ ਪੜ੍ਹੋ : ਸੁਖਪਾਲ ਖਹਿਰਾ ਬੋਲੇ, ਨਵਜੋਤ ਸਿੱਧੂ ਅਜੇ ਕਾਂਗਰਸ ਦੇ ਪ੍ਰਧਾਨ, ਅਸਤੀਫ਼ਾ ਦਿੱਤਾ ਪਰ ਮਨਜ਼ੂਰ ਨਹੀਂ ਹੋਇਆ
ਵਿਧਾਨ ਸਭਾ ਚੋਣਾਂ ’ਚ ਮਿਲੀ ਹਾਰ ਤੋਂ ਬਾਅਦ ਮਨੀਸ਼ ਤਿਵਾੜੀ ਲਗਾਤਾਰ ਸਵਾਲ ਖੜ੍ਹੇ ਕਰ ਰਹੇ ਹਨ। ਉਨ੍ਹਾਂ ਨੇ ਆਮ ਆਦਮੀ ਪਾਰਟੀ ਦੀ ਹਨ੍ਹੇਰੀ ਦੀ ਆੜ ’ਚ ਹਾਰ ਦੇ ਕਾਰਨਾਂ ਨੂੰ ਦਬਾਉਣ ਦੀ ਕੋਸ਼ਿਸ਼ ’ਤੇ ਵੀ ਕਈ ਸਵਾਲ ਚੁੱਕੇ। ਤਿਵਾੜੀ ਨੇ ਕਿਹਾ ਕਿ 2021 ਮਾਰਚ ਤੱਕ ਕੋਈ ਨਹੀਂ ਕਹਿ ਸਕਦਾ ਸੀ ਕਿ ਕਾਂਗਰਸ ਪੰਜਾਬ ’ਚ ਮੁੜ ਸਰਕਾਰ ਨਹੀਂ ਬਣਾ ਸਕਦੀ ਪਰ ਫਰਵਰੀ 2022 ਤੱਕ ਅਜਿਹਾ ਕੀ ਹੋ ਗਿਆ ਜੋ ਕਾਂਗਰਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਖੜਗੇ ਕਮੇਟੀ ਨੂੰ ਲੈ ਕੇ ਤਿਵਾੜੀ ਨੇ ਜਿਹੜੇ ਸਵਾਲ ਚੁੱਕੇ ਹਨ ਉਸ ਤੋਂ ਇਹ ਸਾਫ ਜ਼ਾਹਰ ਹੋ ਰਿਹਾ ਹੈ ਕਾਂਗਰਸ ਦੀ ਹਾਰ ਦੀ ਨੀਂਹ ਉਥੋਂ ਹੀ ਰੱਖਣੀ ਸ਼ੁਰੂ ਹੋ ਗਈ ਸੀ ਕਿਉਂਕਿ ਖੜਗੇ ਕਮੇਟੀ ਦੇ ਸਾਹਮਣੇ ਹੀ ਪੰਜਾਬ ਕਾਂਗਰਸ ਦੋ ਫਾੜ ਹੋ ਗਈ ਸੀ। ਤਿਵਾੜੀ ਨੇ ਹਰੀਸ਼ ਰਾਵਤ ਅਤੇ ਹਰੀਸ਼ ਚੌਧਰੀ ਨੂੰ ਵੀ ਨਿਸ਼ਾਨੇ ’ਤੇ ਲਿਆ ਹੈ ਕਿਉਂਕਿ ਹਰੀਸ਼ ਰਾਵਤ ਦੇ ਪੰਜਾਬ ਆਉਣ ਤੋਂ ਬਾਅਦ ਹੀ ਇਥੇ ਬਗਾਵਤ ਹੋਣੀ ਸ਼ੁਰੂ ਹੋ ਗਈ ਸੀ। ਇਹ ਕੋਈ ਪਹਿਲਾ ਮੌਕਾ ਨਹੀਂ ਹੈ ਜਦੋਂ ਮਨੀਸ਼ ਤਿਵਾੜੀ ਨੇ ਹਾਈਕਮਾਨ ਜਾਂ ਸੂਬਾਈ ਲੀਡਰਸ਼ਿਪ ’ਤੇ ਸਵਾਲ ਚੁੱਕੇ ਹਨ, ਇਸ ਤੋਂ ਪਹਿਲਾਂ ਵੀ ਤਿਵਾੜੀ ਲਗਾਤਾਰ ਪਾਰਟੀ ਦੇ ਕੁੱਝ ਫੈਸਲਿਆਂ ’ਤੇ ਸਵਾਲ ਚੁੱਕਦੇ ਰਹੇ ਹਨ।
ਇਹ ਵੀ ਪੜ੍ਹੋ : ਨਵਾਂਸ਼ਹਿਰ ’ਚ ਦਿਲ ਦਹਿਲਾ ਦੇਣ ਵਾਲੀ ਵਾਰਦਾਤ, 18 ਗੋਲ਼ੀਆਂ ਮਾਰ ਕੇ ਨੌਜਵਾਨ ਦਾ ਕਤਲ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?