ਕਾਂਗਰਸ ਨੇ ਪੰਜਾਬ ਨੂੰ ਲੁੱਟਿਆ, ਕੇਜਰੀਵਾਲ ਨੇ ਕੋਰੋਨਾ ਕਾਲ ’ਚ ਪੰਜਾਬੀਆਂ ਦਾ ਨਹੀਂ ਪੁੱਛਿਆ ਹਾਲ : ਸੁਖਬੀਰ ਬਾਦਲ

Tuesday, Feb 08, 2022 - 04:56 PM (IST)

ਰੂਪਨਗਰ (ਬਿਊਰੋ)-ਸ਼੍ਰੋਮਣੀ ਅਕਾਲੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਨਵਾਂਸ਼ਹਿਰ ’ਚ ਅਕਾਲੀ ਦਲ ਤੇ ਬਸਪਾ ਗੱਠਜੋੜ ਦੀ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਵਿਚ ਸਰਕਾਰ ਨਾਂ ਦੀ ਕੋਈ ਚੀਜ਼ ਹੀ ਨਹੀਂ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਪੰਜ ਸਾਲ ਪੰਜਾਬ ਨੂੰ ਲੁੱਟਿਆ। ਉਨ੍ਹਾਂ ਕਿਹਾ ਕਿ ਪੰਜਾਬ ਦਾ ਵਿਕਾਸ ਸਿਰਫ਼ ਤੇ ਸਿਰਫ਼ ਪੰਜ ਵਾਰ ਪ੍ਰਕਾਸ਼ ਸਿੰਘ ਬਾਦਲ ਦੇ ਮੁੱਖ ਮੰਤਰੀ ਬਣਨ ਦੌਰਾਨ ਹੀ ਹੋਇਆ ਹੈ। ਬਾਦਲ ਨੇ ਕਾਂਗਰਸ ’ਤੇ ਹਮਲੇ ਕਰਦਿਆਂ ਕਿਹਾ ਕਿ ਕਾਂਗਰਸ ਸਰਕਾਰ ਨੇ ਤਾਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਐੱਸ. ਸੀ. ਵਿਦਿਆਰਥੀਆਂ ਲਈ ਸ਼ੁਰੂ ਕੀਤੀ ਸਕਾਰਲਸ਼ਿਪ ਬੰਦ ਕਰਕੇ ਪੰਜਾਬ ਦੇ ਲੱਖਾਂ ਐੱਸ. ਸੀ. ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਕੀਤਾ ਕਿਉਂਕਿ ਕਿਸੇ ਨੇ ਪੜ੍ਹ ਕੇ ਡਾਕਟਰ ਤੇ ਕਿਸੇ ਨੇ ਇੰਜੀਨੀਅਰ ਬਣਨਾ ਸੀ। ਉਨ੍ਹਾਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਦੇ ਮੁੱਖ ਮੰਤਰੀ ਹੁੰਦਿਆਂ ਗਰੀਬਾਂ ਤੇ ਅਨੁਸੂਚਿਤ ਜਾਤੀ ਭਾਈਚਾਰੇ ਲਈ ਸ਼ੁਰੂ ਕੀਤੀਆਂ ਸਾਰੀਆਂ ਸਕੀਮਾਂ ਕਾਂਗਰਸ ਸਰਕਾਰ ਨੇ ਬੰਦ ਕਰ ਦਿੱਤੀਆਂ। 

ਇਹ ਵੀ ਪੜ੍ਹੋ : ਲੁਧਿਆਣਾ ’ਚ ਕਾਂਗਰਸ ਤੇ ਲਿਪ ਵਰਕਰਾਂ ਵਿਚਾਲੇ ਹੋਈ ਜ਼ਬਰਦਸਤ ਝੜਪ, ਭੰਨੀਆਂ ਗੱਡੀਆਂ (ਵੀਡੀਓ) 

ਉਨ੍ਹਾਂ ਕਿਹਾ ਕਿ ਅਕਾਲੀ ਦਲ-ਬਸਪਾ ਸਰਕਾਰ ਬਣਨ ’ਤੇ ਪੰਜਾਬ ’ਚ ਜਿੰਨੀਆਂ ਵੀ ਸਕੀਮਾਂ ’ਚੋਂ ਲੋਕਾਂ ਦੇ ਨਾਂ ਕੱਟੇ ਗਏ, ਉਨ੍ਹਾਂ ਦੇ ਨਾਂ ਮੁੜ ਸ਼ਾਮਲ ਕੀਤੇ ਜਾਣਗੇ। ਕਾਂਗਰਸ ਸਰਕਾਰ ਨੂੰ ਲੋਕਾਂ ਦੇ ਦੁੱਖ-ਸੁੱਖ ਦਾ ਕੁਝ ਨਹੀਂ ਪਤਾ। ਇਸ ਦੌਰਾਨ ਉਨ੍ਹਾਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ’ਤੇ ਬੋਲਦਿਆਂ ਬਾਦਲ ਨੇ ਕਿਹਾ ਕਿ ਉਨ੍ਹਾਂ ਨੇ ਕੋਰੋਨਾ ਕਾਲ ਦੌਰਾਨ ਪੰਜਾਬੀਆਂ ਦਾ ਹਾਲ ਨਹੀਂ ਪੁੱਛਿਆ। ਉਨ੍ਹਾਂ ਕਿਹਾ ਕਿ ਦਿੱਲੀ ਦੇ ਲੋਕ ਇਲਾਜ ਲਈ ਪੰਜਾਬ ਆਉਂਦੇ ਸਨ। ਚੋਣਾਂ ਦੌਰਾਨ ਪੰਜਾਬ ਲਈ ਗਾਰੰਟੀਆਂ ਲਿਆਉਣ ਵਾਲੇ ਅਰਵਿੰਦ ਕੇਜਰੀਵਾਲ ਨੇ ਸੁਪਰੀਮ ਕੋਰਟ ’ਚ ਪਟੀਸ਼ਨ ਪਾਈ ਹੋਈ ਹੈ ਕਿ ਪੰਜਾਬ ਦਾ ਪਾਣੀ ਦਿੱਲੀ ਜਾਣਾ ਚਾਹੀਦਾ ਹੈ ਤੇ ਥਰਮਲ ਪਲਾਂਟਾਂ ਨੂੰ ਲੈ ਕੇ ਵੀ ਪਟੀਸ਼ਨ ਪਾਈ ਹੋਈ ਹੈ ਕਿ ਇਨ੍ਹਾਂ ਨਾਲ ਦਿੱਲੀ ’ਚ ਪ੍ਰਦੂਸ਼ਣ ਫੈਲਦਾ ਹੈ। ਇਸ ਦੌਰਾਨ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਗੱਠਜੋੜ ਦਾ ਜਿਹੜਾ ਸਾਡਾ ਤੂਫ਼ਾਨ ਪੰਜਾਬ ’ਚ ਚੱਲਿਆ ਹੋਇਆ ਸੀ, ਉਹ ਭੈਣ ਮਾਇਆਵਤੀ ਦੇ ਆਉਣ ਨਾਲ ਸੁਨਾਮੀ ’ਚ ਬਦਲ ਗਿਆ ਹੈ। ਇਸ ਦੌਰਾਨ ਉਨ੍ਹਾਂ ਕਿਹਾ ਕਿ ਭੈਣ ਮਾਇਆਵਤੀ ਚਾਰ ਵਾਰ ਯੂ. ਪੀ. ਦੇ ਮੁੱਖ ਮੰਤਰੀ ਬਣੇ ਤੇ ਆਪਣੀ ਸਰਕਾਰ ਦੌਰਾਨ ਉਨ੍ਹਾਂ ਨੇ ਗੁੰਡਾਗਰਦੀ, ਵੱਡੇ-ਵੱਡੇ ਮਾਫ਼ੀਆ ਖ਼ਤਮ ਕਰਕੇ ਗੈਂਗਸਟਰਾਂ ਨੂੰ ਜੇਲ੍ਹਾਂ ’ਚ ਸੁੱਟਿਆ। ਉਨ੍ਹਾਂ ਨੇ ਉੱਤਰ ਪ੍ਰਦੇਸ਼ ਵਿਚ ਸ਼ਾਂਤੀ ਲਿਆਂਦੀ। ਯੂ. ਪੀ. ਵਿਚ ਜੇ ਸਹੀ ਮਾਅਨਿਆਂ ’ਚ ਸਰਕਾਰ ਬਣੀ ਤੇ ਚੱਲੀ, ਉਹ ਭੈਣ ਮਾਇਆਵਤੀ ਦੀ ਹੀ ਸੀ। ਇਸੇ ਤਰ੍ਹਾਂ ਹੀ ਪੰਜਾਬ ’ਚ ਅਕਾਲੀ ਦਲ ਤੇ ਬਸਪਾ ਦੇ ਵਰਕਰਾਂ ਦੀ ਮਿਹਨਤ ਨਾਲ ਪੰਜਾਬ ’ਚ ਗਰੀਬਾਂ ਦੀ ਹਿਤੈਸ਼ੀ ਸਰਕਾਰ ਬਣੇਗੀ। ਜ਼ਿਕਰਯੋਗ ਹੈ ਕਿ ਇਸ ਰੈਲੀ ’ਚ ਯੂ. ਪੀ. ਦੇ ਸਾਬਕਾ ਮੁੱਖ ਮੰਤਰੀ ਕੁਮਾਰੀ ਮਾਇਆਵਤੀ ਚੋਣ ਪ੍ਰਚਾਰ ਤਹਿਤ ਅੱਜ ਨਵਾਂਸ਼ਹਿਰ ’ਚ ਆਏ ਹਨ।


Manoj

Content Editor

Related News