ਕਾਂਗਰਸ ਵਿਧਾਇਕ ਦਲ ਦਾ ਨੇਤਾ ਬਣ ਬਾਜਵਾ ਨੇ ਮਾਝਾ ਬ੍ਰਿਗੇਡ ਨੂੰ ਦਿੱਤੀ ਪਟਕਣੀ
Sunday, Apr 10, 2022 - 05:00 PM (IST)
ਲੁਧਿਆਣਾ (ਹਿਤੇਸ਼) : ਕਾਂਗਰਸ ਵਿਧਾਇਕ ਦਲ ਦੇ ਨੇਤਾ ਵਜੋਂ ਪ੍ਰਤਾਪ ਬਾਜਵਾ ਦੀ ਨਿਯੁਕਤੀ ਨੂੰ ਮਾਝਾ ਬ੍ਰਿਗੇਡ ਨੂੰ ਪਟਕਣੀ ਦੇਣ ਦੇ ਰੂਪ 'ਚ ਦੇਖਿਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਮਾਝੇ ਤੋਂ ਆਉਣ ਵਾਲੇ ਬਾਜਵਾ ਦਾ ਇਸ ਇਲਾਕੇ ਦੇ ਦਿੱਗਜ ਆਗੂਆਂ ਸੁਖਜਿੰਦਰ ਰੰਧਾਵਾ, ਤ੍ਰਿਪਤ ਰਾਜਿੰਦਰ ਬਾਜਵਾ ਤੇ ਸੁਖਵਿੰਦਰ ਸਿੰਘ ਸਰਕਾਰੀਆ ਨਾਲ 36 ਦਾ ਅੰਕੜਾ ਰਿਹਾ ਹੈ, ਜਿਸ ਦਾ ਸਬੂਤ ਇਹ ਹੈ ਕਿ ਬਾਜਵਾ ਨੂੰ ਹਟਾ ਕੇ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਉਣ 'ਚ ਮਾਝਾ ਬ੍ਰਿਗੇਡ ਨੇ ਅਹਿਮ ਭੂਮਿਕਾ ਨਿਭਾਈ ਸੀ ਅਤੇ ਜਦੋਂ ਤੱਕ ਮਾਝਾ ਬ੍ਰਿਗੇਡ ਕੈਪਟਨ ਦੇ ਨਾਲ ਸੀ, ਉਦੋਂ ਤੱਕ ਬਾਜਵਾ ਵਿਰੋਧ 'ਚ ਖੜ੍ਹੇ ਰਹੇ ਪਰ ਜਦੋਂ ਮਾਝਾ ਬ੍ਰਿਗੇਡ ਨੇ ਬਗਾਵਤ ਕੀਤੀ ਤਾਂ ਬਾਜਵਾ ਕੈਪਟਨ ਦੇ ਨਾਲ ਖੜ੍ਹੇ ਹੋ ਗਏ ਸਨ। ਹੁਣ ਬਾਜਵਾ ਤੋਂ ਇਲਾਵਾ ਮਾਝਾ ਬ੍ਰਿਗੇਡ ਦੇ ਉਪਰੋਕਤ ਆਗੂਆਂ ਸਮੇਤ ਹੋਰ ਮੈਂਬਰ ਵੀ ਵਿਧਾਇਕ ਬਣ ਗਏ ਹਨ।
ਇਹ ਵੀ ਪੜ੍ਹੋ : ਕਲਯੁੱਗੀ ਸਹੁਰੇ ਦੀਆਂ ਸ਼ਰਮਨਾਕ ਕਰਤੂਤਾਂ ਤੋਂ ਅੱਕੀ ਨੂੰਹ, ਵੱਡਾ ਜਿਗਰਾ ਕਰਕੇ ਅੰਤ ਖੋਲ੍ਹ ਦਿੱਤੀ ਪੋਲ
ਨਵਜੋਤ ਸਿੱਧੂ ਦੀ ਥਾਂ ਜਿਨ੍ਹਾਂ ਆਗੂਆਂ ਵੱਲੋਂ ਪੰਜਾਬ ਕਾਂਗਰਸ ਪ੍ਰਧਾਨ ਦੀ ਕੁਰਸੀ 'ਤੇ ਬੈਠਣ ਤੋਂ ਇਲਾਵਾ ਵਿਧਾਇਕ ਦਲ ਦਾ ਨੇਤਾ ਬਣਨ ਲਈ ਪਿਛਲੇ ਦਿਨਾਂ 'ਚ ਕਾਫੀ ਜ਼ੋਰ-ਅਜ਼ਮਾਇਸ਼ ਦੇਖਣ ਨੂੰ ਮਿਲੀ, ਉਨ੍ਹਾਂ 'ਚ ਮੁੱਖ ਤੌਰ 'ਤੇ ਸੁਖਜਿੰਦਰ ਰੰਧਾਵਾ ਦਾ ਨਾਂ ਸ਼ਾਮਲ ਹੈ, ਜੋ ਦੋਵੇਂ ਅਹੁਦਿਆਂ ਲਈ ਦਾਅਵੇਦਾਰੀ ਪੇਸ਼ ਕਰ ਰਹੇ ਸਨ ਪਰ ਕਾਮਯਾਬੀ ਬਾਜਵਾ ਦੇ ਹੱਥ ਲੱਗ ਗਈ, ਜਿਸ ਨੂੰ ਪੰਜਾਬ ਕਾਂਗਰਸ ਪ੍ਰਧਾਨ ਤੇ ਰਾਜ ਸਭਾ ਮੈਂਬਰ ਹੁੰਦਿਆਂ ਹਾਈਕਮਾਂਡ ਨਾਲ ਬਣਾਈਆਂ ਨਜ਼ਦੀਕੀਆਂ ਦੇ ਸਿੱਟੇ ਵਜੋਂ ਦੇਖਿਆ ਜਾ ਸਕਦਾ ਹੈ।
ਇਹ ਵੀ ਪੜ੍ਹੋ : ਕੈਨੇਡਾ ਤੇ ਜਰਮਨ ਦਾ ਵੀਜ਼ਾ ਲਵਾਉਣ ਦਾ ਝਾਂਸਾ ਦੇ ਕੇ ਟਰੈਵਲ ਏਜੰਟਾਂ ਨੇ ਠੱਗੇ 23 ਲੱਖ
ਸੰਗਠਨ 'ਚ ਮਾਲਵਾ ਦਾ ਦਬਦਬਾ, ਵਿਧਾਇਕ ਦਲ 'ਚ ਮਾਝਾ ਤੇ ਦੋਆਬਾ ਨੂੰ ਕੀਤਾ ਗਿਆ ਐਡਜਸਟ
ਕਾਂਗਰਸ ਵੱਲੋਂ ਪੰਜਾਬ ਕਾਂਗਰਸ ਪ੍ਰਧਾਨ ਅਤੇ ਵਿਧਾਇਕ ਦਲ ਦਾ ਨੇਤਾ ਚੁਣਨ ਦੌਰਾਨ ਮਾਲਵਾ, ਮਾਝਾ ਤੇ ਦੋਆਬਾ ਨੂੰ ਐਡਜਸਟ ਕੀਤਾ ਗਿਆ ਹੈ ਪਰ ਸੰਗਠਨ 'ਚ ਮਾਲਵਾ ਦਾ ਦਬਦਬਾ ਰਹੇਗਾ ਕਿਉਂਕਿ ਪੰਜਾਬ ਪ੍ਰਧਾਨ ਬਣਾਏ ਗਏ ਰਾਜਾ ਵੜਿੰਗ ਤੇ ਆਸ਼ੂ ਦੋਵੇਂ ਮਾਲਵਾ ਨਾਲ ਸਬੰਧਿਤ ਹਨ, ਜਦਕਿ ਮਾਝੇ ਤੋਂ ਆਉਣ ਵਾਲੇ ਪ੍ਰਤਾਪ ਬਾਜਵਾ ਨੂੰ ਵਿਧਾਇਕ ਦਲ ਦਾ ਨੇਤਾ ਅਤੇ ਦੋਆਬਾ ਤੋਂ ਵਿਧਾਇਕ ਰਾਜ ਕੁਮਾਰ ਚੱਬੇਵਾਲ ਨੂੰ ਉਪ ਨੇਤਾ ਬਣਾਇਆ ਗਿਆ ਹੈ।
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ