ਪ੍ਰਸ਼ਾਸਨ ਨੂੰ ‘ਜਗਾਉਣ’ ਲਈ ਚਿੱਕਡ਼ ’ਚ ਬੈਠੇ ਕਾਂਗਰਸੀ ਆਗੂ

Saturday, Jul 21, 2018 - 05:38 AM (IST)

ਪ੍ਰਸ਼ਾਸਨ ਨੂੰ ‘ਜਗਾਉਣ’ ਲਈ ਚਿੱਕਡ਼ ’ਚ ਬੈਠੇ ਕਾਂਗਰਸੀ ਆਗੂ

ਜਗਰਾਓਂ, (ਜਸਬੀਰ ਸ਼ੇਤਰਾ)– ਜਗਰਾਓਂ-ਰਾਏਕੋਟ ਮੁੱਖ ਮਾਰਗ ਦੀ ਇਕ ਥਾਂ ’ਤੇ ਅਤਿਅੰਤ ਖਸਤਾ ਹਾਸਤ ਵਿੱਚ ਲੰਮੇ ਸਮੇਂ ਤੋਂ ਕੋਈ ਸੁਧਾਰ ਨਾ ਹੋਣ ਦੇ ਰੋਸ ਵਿੱਚ ਅੱਜ ਇਥੇ ਨਿਵੇਕਲਾ ਰੋਸ ਪ੍ਰਦਰਸ਼ਨ ਦੇਖਣ ਨੂੰ ਮਿਲਿਆ। ਸਰਕਾਰੀ ਸਾਇੰਸ ਤੇ ਖੋਜ ਕਾਲਜ ਨੇਡ਼ੇ ਸਡ਼ਕ ਥੋਡ਼੍ਹਾ ਜਿਹਾ ਮੀਂਹ ਪੈਣ ’ਤੇ ਕਈ ਹਫ਼ਤੇ ਛੱਪਡ਼ ਦਾ ਰੂਪ ਧਾਰਨ ਕਰ ਜਾਣ ਦੇ ਬਾਵਜੂਦ ਪ੍ਰਸ਼ਾਸਨ ਦੀ ‘ਕੁੰਭਕਰਨੀ’ ਨੀਂਦ ਤੋਡ਼ਨ ਲਈ ਮੁਜ਼ਾਹਰਾਕਾਰੀ ਇਸੇ ਚਿੱਕਡ਼ ਵਿੱਚ ਬੈਠ ਗਏ। ਇਨ੍ਹਾਂ ਵਿੱਚ ਸੱਤਾਧਾਰੀ ਧਿਰ ਕਾਂਗਰਸ ਦੇ ਦੋ ਆਗੂ ਵੀ ਸ਼ਾਮਲ ਸਨ। ਪ੍ਰੀਤਮ ਸਿੰਘ ਅਖਾਡ਼ਾ ਤੇ ਸੁਖਪਾਲ ਖਹਿਰਾ ਨੇ ਕਿਹਾ ਕਿ ਕਾਂਗਰਸ ਪਾਰਟੀ ਵਿੱਚ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਤੋਂ ਨਿਰਾਸ਼ ਹੋ ਕੇ ਇਹ ਕਦਮ ਚੁੱਕਣਾ ਪਿਆ ਹੈ।
ਮੁਜ਼ਾਹਰੇ ਕਰਕੇ ਇਸ ਮਾਰਗ ’ਤੇ ਕੁਝ ਦੇਰ ਜਾਮ ਲੱਗ ਗਿਆ ਤੇ ਪ੍ਰਸ਼ਾਸਨ ਨੂੰ ਵੀ ਭਾਜਡ਼ਾਂ ਪੈ ਗਈਆਂ। ਜੀਵਨ ਬਚਾਓ ਸਮਾਜ ਬਚਾਓ ਦੇ ਕਨਵੀਨਰ ਪ੍ਰੀਤਮ ਸਿੰਘ ਅਖਾਡ਼ਾ ਨੇ ਕਿਹਾ ਕਿ ਇਸ ਸਮੱਸਿਆ ਲਈ ਇਹ ਕੋਈ ਪਹਿਲਾ ਧਰਨਾ ਨਹੀਂ ਤੇ ਨਾ ਹੀ ਆਖ਼ਰੀ ਹੈ। ਇਸ ਤੋਂ ਪਹਿਲਾਂ ਵੀ ਲੋਕ ਕਈ ਵਾਰ ਧਰਨਾ ਲਾ ਕੇ ਚੱਕਾ ਜਾਮ ਕਰ ਚੁੱਕੇ ਹਨ। ਅਧਿਕਾਰੀ ਆ ਕੇ ਧਰਨਾਕਾਰੀਆਂ ਨੂੰ ਕਾਰਵਾਈ ਦਾ ਭਰੋਸਾ ਦੇ ਕੇ ‘ਪਲੋਸ’ ਲੈਂਦੇ ਹਨ। ਐਤਕੀਂ ਅਜਿਹਾ ਨਹੀਂ ਹੋਵੇਗਾ ਜੇਕਰ ਦੋ ਹਫ਼ਤੇ ਅੰਦਰ ਸਮੱਸਿਆ ਦਾ ਕੋਈ ਠੋਸ ਹੱਲ ਨਾ ਕੀਤਾ ਗਿਆ ਤਾਂ ਇਹੋ ਚਿੱਕਡ਼ ਚੁੱਕ ਕੇ ਅਧਿਕਾਰੀਆਂ ਦੇ ਦਫ਼ਤਰਾਂ ਅੱਗੇ ਸੁੱਟਣਾ ਮਜਬੂਰੀ ਬਣ ਜਾਵੇਗਾ।
ਉਨ੍ਹਾਂ ਕਿਹਾ ਕਿ ਉਪ ਮੰਡਲ ਮੈਜਿਸਟਰੇਟ ਤੋਂ ਲੈ ਕੇ ਨਗਰ ਕੌਂਸਲ ਦੇ ਅਧਿਕਾਰੀ ਤੱਕ ਹਰ ਮੁਜ਼ਾਹਰੇ ਮੌਕੇ ਸਮੱਸਿਆ ਨੂੰ ਹੱਲ ਕਰਨ ਦਾ ਭਰੋਸਾ ਦੇ ਕੇ ਤੁਰਦੇ ਬਣੇ ਹਨ ਪਰ ਅਮਲੀ ਰੂਪ ਵਿੱਚ ਕੁਝ ਨਹੀਂ ਹੋਇਆ। ਉਂਜ ਤਾਂ ਜਗਰਾਓਂ ਤੋਂ ਰਾਏਕੋਟ ਰੋਡ ਸਾਰੀ ਟੁੱਟੀ ਪਈ ਹੈ ਪਰ ਜਗਰਾਓਂ ਤੋਂ ਨਿਕਲਦੇ ਹੀ ਸਡ਼ਕ ਦਾ ਇਹ ਟੋਟਾ ਵੱਡੀ ਮੁਸੀਬਤ ਬਣਿਆ ਹੋਇਆ ਹੈ। ਇਥੋਂ ਲੰਘਣ ਵਾਲੇ ਲੋਕੀਂ, ਸਕੂਲ ਤੇ ਕਾਲਜ ਵਿਦਿਆਰਥੀਆਂ ਤੋਂ ਇਲਾਵਾ ਇਸ ਮਾਰਗ ’ਤੇ ਰਹਿੰਦੇ ਲੋਕਾਂ ਦਾ ਜਿਉਣਾ ਦੁੱਭਰ ਹੋਇਆ ਪਿਆ ਹੈ।
ਇਸ ਤੋਂ ਇਲਾਵਾ ਇਸ ਮਾਰਗ ’ਤੇ ਸਥਿਤ ਦਰਜਨਾਂ ਪਿੰਡਾਂ ਦੇ ਲੋਕ ਵੀ ਡਾਢੇ ਪ੍ਰੇਸ਼ਾਨ ਹਨ। ਮਿੰਨੀ ਬੱਸਾਂ, ਟੈਂਪੂ ਤੇ ਹੋਰ ਵਾਹਨਾਂ ਲਈ ਵੀ ਇਹ ਸਡ਼ਕ ਮੁਸੀਬਤ ਬਣ ਚੁੱਕੀ ਹੈ। ਧਰਨੇ ’ਤੇ ਉਨ੍ਹਾਂ ਨਾਲ ਹਰਜਿੰਦਰ ਸਿੰਘ ਗੁਡ਼ੇ, ਹਰਮੰਦਰ ਸਿੰਘ ਤੇ ਹਰਮੇਲ ਸਿੰਘ ਉਪਲ ਬੈਠੇ ਸਨ ਪਰ ਬਾਅਦ ਵਿੱਚ ਹੋਰ ਲੋਕ ਤੇ ਕੁਝ ਅੌਰਤਾਂ ਨੇ ਵੀ ਸਾਥ ਦਿੱਤਾ। ਧਰਨੇ ਬਾਰੇ ਪਤਾ ਲੱਗਣ ’ਤੇ ਨਾਇਬ ਤਹਿਸੀਲਦਾਰ ਗੁਰਮੀਤ ਸਿੰਘ ਮੌਕੇ ’ਤੇ ਪਹੁੰਚੇ। ਉਨ੍ਹਾਂ ਧਰਨਾਕਾਰੀਆਂ ਨੂੰ ਜਲਦ ਹੀ ਹੋਰਨਾਂ ਅਧਿਕਾਰੀਆਂ ਨਾਲ ਗੱਲਬਾਤ ਕਰਦਿਆਂ ਸਮੱਸਿਆ ਦਾ ਹੱਲ ਕਰਨ ਦਾ ਭਰੋਸਾ ਦੇ ਕੇ ਧਰਨਾ ਚੁਕਾਇਆ ਜਿਸ ਤੋਂ ਬਾਅਦ ਆਵਾਜਾਈ ਬਹਾਲ ਹੋ ਸਕੀ।


Related News