ਕਾਂਗਰਸੀ ਆਗੂ ਪੰਮਾ ਨੂੰ ਮਿਲੀ ਵਾਰਡ ਨੰ. 42 ਦੀ ਬਜਾਏ 41 ਤੋਂ ਟਿਕਟ, ਮੋੜੀ ਵਾਪਸ
Thursday, Feb 04, 2021 - 12:50 AM (IST)
ਬਟਾਲਾ, (ਬੇਰੀ)- ਕਾਰਪੋਰੇਸ਼ਨ ਚੋਣਾਂ ਦੇ ਮੱਦੇਨਜ਼ਰ ਅੱਜ ਉਸ ਵੇਲੇ ਬਟਾਲਾ ਦੀ ਸਿਆਸਤ ਗਰਮਾ ਗਈ, ਜਦੋਂ ਕਾਂਗਰਸ ਪਾਰਟੀ ਦੇ ਸਾਬਕਾ ਕੌਂਸਲਰ ਰਹਿ ਚੁੱਕੇ ਪਵਨ ਕੁਮਾਰ ਪੰਮਾ ਨੇ ਵਾਰਡ ਨੰ-42 ਤੋਂ ਟਿਕਟ ਨਾ ਮਿਲਣ ਦੇ ਰੋਸ ਵਜੋਂ ਆਪਣੇ ਗ੍ਰਹਿ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਅਤੇ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ’ਤੇ ਨਿਸ਼ਾਨਾ ਵਿੰਨ੍ਹ ਦਿੱਤਾ।
ਸਾਬਕਾ ਕੌਂਸਲਰ ਪਵਨ ਕੁਮਾਰ ਪੰਮਾ ਮੁੱਖ ਟਰੱਸਟੀ ਸ਼੍ਰੀ ਅੱਚਲੇਸ਼ਵਰ ਮੰਦਰ ਕਾਰ ਸੇਵਾ ਟਰੱਸਟ ਬਟਾਲਾ ਨੇ ਕਿਹਾ ਕਿ ਉਹ ਪਿਛਲੇ ਕਰੀਬ 40 ਸਾਲਾਂ ਤੋਂ ਕਾਂਗਰਸ ਪਾਰਟੀ ਦੀ ਸੇਵਾ ਕਰਦੇ ਆ ਰਹੇ ਹਨ, ਜਿਸ ਤਹਿਤ ਉਹ ਤਿੰਨ ਵਾਰ ਕੌਂਸਲਰ ਰਹੇ ਹਨ ਪਰ ਇਸਦੇ ਬਾਵਜੂਦ ਪਾਰਟੀ ਨੇ ਉਨ੍ਹਾਂ ਦੀ ਕੋਈ ਕਦਰ ਨਾ ਕਰਦੇ ਹੋਏ ਵਾਰਡ ਨੰ-42 ਤੋਂ ਕਿਸੇ ਹੋਰ ਉਮੀਦਵਾਰ ਨੂੰ ਟਿਕਟ ਦੇ ਦਿੱਤੀ ਹੈ, ਜੋ ਕਿ ਮੰਦਭਾਗੀ ਗੱਲ ਹੈ। ਉਨ੍ਹਾਂ ਕਿਹਾ ਕਿ ਬੀਤੀ ਰਾਤ ਹਾਈਕਮਾਂਡ ਵੱਲੋਂ ਉਨ੍ਹਾਂ ਨੂੰ ਵਾਰਡ ਨੰ-41 ਤੋਂ ਕਾਂਗਰਸ ਪਾਰਟੀ ਵਲੋਂ ਚੋਣ ਲੜਨ ਲਈ ਉਨ੍ਹਾਂ ਦੀ ਪਤਨੀ ਪਿੰਕੀ ਪੰਮਾ ਦੇ ਨਾਂ ’ਤੇ ਟਿਕਟ ਭੇਜੀ ਗਈ ਹੈ , ਜਿਸ ਨੂੰ ਉਨ੍ਹਾਂ ਨੇ ਅੱਜ ਪੂਰੇ ਸਨਮਾਨ ਸਮੇਤ ਹਾਈਕਮਾਂਡ ਨੂੰ ਵਾਪਸ ਭੇਜ ਰਹੇ ਹਨ ਕਿਉਂਕਿ ਵਾਰਡ ਨੰ-41 ਤੋਂ ਚੋਣ ਲੜਨਾ ਨਹੀਂ ਚਾਹੁੰਦੇ।
ਪੰਮਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮੁਖਾਤਿਬ ਹੁੰਦਿਆਂ ਕਿਹਾ ਕਿ ਕੈਪਟਨ ਸਾਹਿਬ! ਤੁਹਾਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ ਅਤੇ ਬਟਾਲਾ ’ਚ ਕਾਂਗਰਸ ਨੂੰ ਖਤਮ ਕਰਨ ਦੀ ਸਾਜ਼ਿਸ਼ ਚੱਲ ਰਹੀ ਹੈ, ਜੋ ਲੋਕ ਅਕਾਲੀ ਦਲ ਛੱਡ ਕੇ ਕੁਝ ਦਿਨ ਪਹਿਲਾਂ ਹੀ ਕਾਂਗਰਸ ’ਚ ਆਏ ਹਨ, ਉਨ੍ਹਾਂ ਨੂੰ ਦੋ-ਦੋ ਟਿਕਟਾਂ ਦਿੱਤੀਆਂ ਗਈਆਂ ਹਨ, ਜੋ ਕਿ ਕਾਂਗਰਸ ਪਾਰਟੀ ਦੇ ਇਤਿਹਾਸ ’ਚ ਇਕ ਕਾਲਾ ਧੱਬਾ ਹੈ। ਉਨ੍ਹਾਂ ਦੀ ਟਿਕਟ ਲਈ ਰਾਹੁਲ ਗਾਂਧੀ ਵੱਲੋਂ ਵੀ ਮੁੱਖ ਮੰਤਰੀ ਦਫਤਰ ਨੂੰ ਸਿਫਾਰਸ਼ ਕੀਤੀ ਗਈ ਸੀ ਪਰ ਪ੍ਰਦੇਸ਼ ਸਰਕਾਰ ਨੇ ਉਨ੍ਹਾਂ ਦੀ ਵੀ ਨਹੀਂ ਸੁਣੀ।
ਪੰਮਾ ਨੇ ਪ੍ਰਦੇਸ਼ ਕਾਂਗਰਸ ਪਾਰਟੀ ਦੇ ਪ੍ਰਧਾਨ ਸੁਨੀਲ ਜਾਖੜ ਨੂੰ ਦੋ ਟੁੱਕ ਸ਼ਬਦਾਂ ’ਚ ਸਪੱਸ਼ਟ ਤੌਰ ’ਤੇ ਕਹਿ ਦਿੱਤਾ ਕਿ ਜਾਖੜ ਸਾਹਿਬ! ਆਪਣੀਆਂ ਅੱਖਾਂ ਖੋਲ੍ਹ ਕੇ ਫੈਸਲਾ ਲਵੋ, ਕਿਸੇ ਦੇ ਦਬਾਅ ਹੇਠ ਨਾ ਆਓ, ਨਹੀਂ ਤਾਂ ਕਾਂਗਰਸ ਪਾਰਟੀ ਦਾ ਬਟਾਲਾ ’ਚ ਵੱਡਾ ਨੁਕਸਾਨ ਹੋਵੇਗਾ। ਉਨ੍ਹਾਂ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ’ਤੇ ਵੀ ਸਿਆਸੀ ਪ੍ਰਹਾਰ ਕਰਦਿਆਂ ਕਿਹਾ ਕਿ ਜਿਸ ਨੇ ਵੀ ਮੰਤਰੀ ਬਾਜਵਾ ਦੀ ਜੀ ਹਜ਼ੂਰੀ ਕੀਤੀ ਹੈ, ਉਸ-ਉਸ ਨੂੰ ਹੀ ਟਿਕਟਾਂ ਦਿੱਤੀਆਂ ਗਈਆਂ ਹਨ। ਇਸ ਮੌਕੇ ਪਿੰਕੀ ਪੰਮਾ, ਸਾਬਕਾ ਕੌਂਸਲਰ ਰਛਪਾਲ ਸਿੰਘ ਭੋਲਾ, ਵਰਿੰਦਰ ਸ਼ਰਮਾ, ਸਾਬਕਾ ਕੌਂਸਲਰ ਪ੍ਰਵੀਨ ਸਾਨਨ, ਮੁਕੇਸ਼ ਮਹੰਤ, ਵਿਨੈ ਅਬਰੋਲ, ਸੰਨੀ ਸ਼ੈਰੀ ਅਤੇ ਹੋਰ ਹਾਜ਼ਰ ਸਨ।
ਉਨ੍ਹਾਂ ਕਿਸੇ ਵੀ ਕਾਂਗਰਸੀ ਵਰਕਰ ਨਾਲ ਵਿਕਤਰਾ ਨਹੀਂ ਕੀਤਾ : ਬਾਜਵਾ
ਓਧਰ ਜਦੋਂ ਦੂਜੇ ਪਾਸੇ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਜੇਕਰ ਪਵਨ ਕੁਮਾਰ ਪੰਮਾ ਨੂੰ ਟਿਕਟ ਦੇਣਾ ਉਨ੍ਹਾਂ ਦੇ ਹੱਥ ਵਿਚ ਹੁੰਦਾ ਤਾਂ ਉਹ ਜ਼ਰੂਰ ਪਹਿਲ ਦੇ ਆਧਾਰ ’ਤੇ ਪੰਮਾ ਨੂੰ ਹੀ ਟਿਕਟ ਦਿੰਦੇ। ਉਨ੍ਹਾਂ ਕਿਸੇ ਵੀ ਤਰ੍ਹਾਂ ਦਾ ਵਿਕਤਰਾ ਕਿਸੇ ਵੀ ਕਾਂਗਰਸੀ ਵਰਕਰ ਜਾਂ ਆਗੂ ਨਾਲ ਨਹੀਂ ਕੀਤਾ।