ਜਲੰਧਰ 'ਚ ਵੱਡੀ ਵਾਰਦਾਤ, ਕਾਂਗਰਸ ਨੇਤਰੀ ਕਮਲਜੀਤ ਮੁਲਤਾਨੀ ਦੇ ਬੇਟੇ ਦਾ ਸ਼ੱਕੀ ਹਾਲਾਤ 'ਚ ਕਤਲ
Thursday, Apr 06, 2023 - 01:03 PM (IST)
ਜਲੰਧਰ (ਵਰੁਣ)–ਕੈਂਟ ਰੋਡ ’ਤੇ ਕਾਂਗਰਸ ਪਾਰਟੀ ਦੀ ਨੇਤਰੀ ਕਮਲਜੀਤ ਕੌਰ ਮੁਲਤਾਨੀ ਦੇ ਬੇਟੇ ਦੀ ਲਾਸ਼ ਉਸੇ ਦੀ ਗੱਡੀ ਵਿਚ ਮਿਲੀ। ਮੁਲਤਾਨੀ ਨੇ ਦੋਸ਼ ਲਗਾਇਆ ਕਿ ਉਸ ਦੇ ਬੇਟੇ ਨੂੰ ਜ਼ਹਿਰ ਦੇ ਕੇ ਮਾਰਿਆ ਗਿਆ ਹੈ, ਜਿਸ ਦੀ ਸ਼ਿਕਾਇਤ ਥਾਣਾ ਨੰਬਰ 7 ਦੀ ਪੁਲਸ ਨੂੰ ਦਿੱਤੀ ਗਈ ਹੈ। ਪੁਲਸ ਨੇ ਲਵਪ੍ਰੀਤ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਕਮਲਜੀਤ ਕੌਰ ਮੁਲਤਾਨੀ ਵਾਸੀ ਨਿਊ ਰਾਜਾ ਗਾਰਡਨ ਨੇ ਦੱਸਿਆ ਕਿ ਉਸ ਦੇ ਬੇਟੇ ਨੂੰ 4 ਅਪ੍ਰੈਲ ਨੂੰ ਇਕ ਕਾਲ ਆਈ ਸੀ, ਜਿਸ ਤੋਂ ਬਾਅਦ ਉਹ ਤਿਆਰ ਹੋ ਕੇ 12 ਵਜੇ ਆਪਣੀ ਗੱਡੀ ਵਿਚ ਘਰੋਂ ਨਿਕਲਿਆ। ਉਨ੍ਹਾਂ ਕਿਹਾ ਕਿ ਉਹ ਫੋਨ ’ਤੇ ਆਪਣੇ ਬੇਟੇ ਨਾਲ ਸੰਪਰਕ ਵਿਚ ਰਹੇ ਪਰ 5 ਅਪ੍ਰੈਲ ਨੂੰ ਸਵੇਰੇ 3 ਵਜੇ ਸਤਿੰਦਰਪਾਲ ਨੂੰ ਉਸ ਨੇ ਫੋਨ ਕੀਤਾ ਪਰ ਉਹ ਨਹੀਂ ਆਇਆ। ਇਸ ਤੋਂ ਬਾਅਦ ਸਵੇਰੇ 9.30 ਵਜੇ ਕਮਲਜੀਤ ਕੌਰ ਦੇ ਘਰ ਪਰਮਜੀਤ ਕੌਰ ਵਾਸੀ ਪੰਜਾਬ ਐਵੇਨਿਊ ਅਤੇ ਉਸ ਦਾ ਬੇਟਾ ਆਏ ਅਤੇ ਦੱਸਿਆ ਕਿ ਉਸ ਦੇ ਬੇਟੇ ਨੇ ਕੋਈ ਜ਼ਹਿਰੀਲਾ ਪਦਾਰਥ ਨਿਗਲ ਲਿਆ ਹੈ, ਜਿਸ ਨਾਲ ਉਸ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ : ਪੰਜਾਬ 'ਚ ਸਸਤੀ ਹੋਈ ਬੀਅਰ, ਅੱਜ ਤੋਂ ਲਾਗੂ ਹੋਈਆਂ ਨਵੀਆਂ ਕੀਮਤਾਂ
ਕਮਲਜੀਤ ਕੌਰ ਮੁਲਤਾਨੀ ਆਪਣੀ ਬੇਟੀ ਨਾਲ ਕੰਟਰੀ ਰੋਡ ’ਤੇ ਪਹੁੰਚੀ ਤਾਂ ਵੇਖਿਆ ਕਿ ਬੇਟੇ ਦੀ ਗੱਡੀ ਵਿਚ ਲਾਸ਼ ਪਈ ਸੀ, ਜੋ ਡਰਾਈਵਿੰਗ ਸੀਟ ਦੇ ਨਾਲ ਵਾਲੀ ਸੀਟ ’ਤੇ ਸੀ। ਉਸ ਨੇ ਦੋਸ਼ ਲਾਇਆ ਕਿ ਉਸ ਦੇ ਬੇਟੇ ਦਾ ਕਤਲ ਲਵਪ੍ਰੀਤ ਸਿੰਘ ਨੇ ਕੀਤਾ ਹੈ। ਦੋਸ਼ ਹੈ ਕਿ ਲਵਪ੍ਰੀਤ ਨੇ ਜ਼ਹਿਰੀਲਾ ਪਦਾਰਥ ਦੇ ਕੇ ਸਤਿੰਦਰਪਾਲ ਮੁਲਤਾਨੀ ਦਾ ਕਤਲ ਕੀਤਾ ਹੈ। ਥਾਣਾ ਨੰਬਰ 7 ਦੇ ਮੁਖੀ ਐਡੀਸ਼ਨਲ ਐੱਸ. ਐੱਚ. ਓ. ਪਵਿੱਤਰ ਸਿੰਘ ਨੇ ਕਿਹਾ ਕਿ ਕਮਲਜੀਤ ਕੌਰ ਦੇ ਬਿਆਨਾਂ ’ਤੇ ਲਵਪ੍ਰੀਤ ਸਿੰਘ ਖ਼ਿਲਾਫ਼ 302 ਦਾ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਕਤਲ ਦਾ ਕਾਰਨ ਅਜੇ ਸਪੱਸ਼ਟ ਨਹੀਂ ਹੋ ਸਕਿਆ। ਦੇਰ ਰਾਤ ਪੁਲਸ ਪੁੱਛਗਿੱਛ ਕਰਨ ਵਿਚ ਜੁਟੀ ਹੋਈ ਸੀ।
ਇਹ ਵੀ ਪੜ੍ਹੋ : ਜਲੰਧਰ ਵੈਸਟ ਹਲਕੇ ਦੀ ਵਾਰਡਬੰਦੀ ਹੁਣ ਹੋਵੇਗੀ ਦੋਬਾਰਾ, ਨਿਗਮ ਚੋਣਾਂ ’ਚ ਵੀ ਬਣਨਗੇ ਨਵੇਂ-ਨਵੇਂ ਸਮੀਕਰਨ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।