ਜੇਲ੍ਹ 'ਚ ਬੰਦ ਕਾਂਗਰਸੀ ਆਗੂ ਨੇ ਵਿਆਹ 'ਚ ਪਾਇਆ ਭੰਗੜਾ, ਹੋਸ਼ ਉਡਾਉਣ ਵਾਲਾ ਹੈ ਪੂਰਾ ਮਾਮਲਾ

Tuesday, Dec 12, 2023 - 11:59 AM (IST)

ਜੇਲ੍ਹ 'ਚ ਬੰਦ ਕਾਂਗਰਸੀ ਆਗੂ ਨੇ ਵਿਆਹ 'ਚ ਪਾਇਆ ਭੰਗੜਾ, ਹੋਸ਼ ਉਡਾਉਣ ਵਾਲਾ ਹੈ ਪੂਰਾ ਮਾਮਲਾ

ਲੁਧਿਆਣਾ (ਰਾਜ) : ਕਈ ਸੰਗੀਨ ਮਾਮਲਿਆਂ ’ਚ ਜੇਲ੍ਹ ’ਚ ਬੰਦ ਯੂਥ ਕਾਂਗਰਸੀ ਨੇਤਾ ਸਰਵੋਤਮ ਸਿੰਘ ਉਰਫ਼ ਲੱਕੀ ਸੰਧੂ ਨੇ ਇਕ ਵੱਡਾ ਕਾਰਨਾਮਾ ਕਰ ਦਿੱਤਾ। ਬੀਮਾਰੀ ਦਾ ਬਹਾਨਾ ਬਣਾ ਕੇ ਉਸ ਨੇ ਜੇਲ੍ਹ ਪ੍ਰਸ਼ਾਸਨ ਨੂੰ ਬੇਵਕੂਫ ਬਣਾ ਦਿੱਤਾ। ਜੇਲ੍ਹ ਪ੍ਰਸ਼ਾਸਨ ਉਸ ਦੇ ਝਾਂਸੇ ’ਚ ਆ ਗਿਆ। ਉਨ੍ਹਾਂ ਨੇ ਪੀ. ਜੀ. ਆਈ. ਤੋਂ ਚੈੱਕਅਪ ਕਰਵਾਉਣ ਲਈ ਲੱਕੀ ਸੰਧੂ ਨੂੰ ਜ਼ਿਲ੍ਹਾ ਪੁਲਸ ਹਵਾਲੇ ਕਰ ਦਿੱਤਾ ਪਰ ਪੁਲਸ ਦੇ ਨਾਲ ਮਿਲੀਭੁਗਤ ਕਰ ਕੇ ਲੱਕੀ ਸੰਧੂ ਰਾਏਕੋਟ ਦੇ ਇਕ ਵਿਆਹ ਸਮਾਗਮ ’ਚ ਪੁੱਜ ਗਿਆ, ਜਿੱਥੇ ਉਸ ਨੇ ਨਾ ਸਿਰਫ ਵਿਆਹ ਅਟੈਂਡ ਕੀਤਾ, ਸਗੋਂ ਜੰਮ ਕੇ ਭੰਗੜਾ ਵੀ ਪਾਇਆ। ਉਸ ਸਮੇਂ ਉਸ ਦਾ ਭਰਾ ਵੀ ਵਿਆਹ ’ਚ ਮੌਜੂਦ ਸੀ। ਉਨ੍ਹਾਂ ਦੋਹਾਂ ਦੀ ਵੀਡੀਓ ਵੀ ਸਾਹਮਣੇ ਆਈ ਹੈ। ਇਸ ਮਾਮਲੇ ’ਚ ਗੁਰਵੀਰ ਸਿੰਘ ਗਰਚਾ ਨੇ ਸਾਰੇ ਸਬੂਤਾਂ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਡੀ. ਜੀ. ਪੀ. ਗੌਰਵ ਯਾਦਵ ਸਮੇਤ ਜੇਲ੍ਹ ਪ੍ਰਸ਼ਾਸਨ ਅਤੇ ਕਮਿਸ਼ਨਰੇਟ ਪੁਲਸ ਨੂੰ ਸ਼ਿਕਾਇਤ ਦਿੱਤੀ ਹੈ। ਹੁਣ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਪੁਲਸ ਅਧਿਕਾਰੀਆਂ ਦੇ ਹੱਥ-ਪੈਰ ਫੁੱਲ ਗਏ ਹਨ। ਹਾਲਾਂਕਿ ਜਦੋਂ ਸ਼ਿਕਾਇਤਕਰਤਾ ਨੇ ਜੇਲ੍ਹ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਪੱਲਾ ਝਾੜਦੇ ਹੋਏ ਇਹ ਜ਼ਿੰਮੇਵਾਰੀ ਜ਼ਿਲ੍ਹਾ ਕਮਿਸ਼ਨਰੇਟ ਪੁਲਸ ਦੀ ਦੱਸੀ ਹੈ।

ਇਹ ਵੀ ਪੜ੍ਹੋ : ਭਾਰਤੀ ਸਰਹੱਦ ਅੰਦਰ ਫਿਰ ਪਾਕਿਸਤਾਨੀ ਡਰੋਨ ਦੀ ਹਰਕਤ, BSF ਨੇ ਕੀਤੀ ਫਾਇਰਿੰਗ

ਉੱਧਰ, ਕਮਿਸ਼ਨਰੇਟ ਪੁਲਸ ਕੋਲ ਵੀ ਇਸ ਦੀ ਸ਼ਿਕਾਇਤ ਪੁੱਜ ਗਈ ਹੈ। ਸ਼ਿਕਾਇਤਕਰਤਾ ਗੁਰਵੀਰ ਸਿੰਘ ਗਰਚਾ ਨੇ ਦੱਸਿਆ ਕਿ ਉਸ ਦੇ ਬਿਆਨਾਂ ’ਤੇ ਸਰਵੋਤਮ ਸਿੰਘ ਉਰਫ਼ ਲੱਕੀ ਸੰਧੂ ਦੇ ਖ਼ਿਲਾਫ਼ 2 ਕੇਸ ਦਰਜ ਕਰਵਾਏ ਸਨ। ਇਕ ਮੋਹਾਲੀ ਅਤੇ ਦੂਜਾ ਲੁਧਿਆਣਾ ਦੇ ਮਾਡਲ ਟਾਊਨ ’ਚ ਦਰਜ ਹੈ, ਜਿਸ ਵਿਚ ਇਕ ਕੇਸ ਹਨੀ ਟਰੈਪ ਦਾ ਹੈ, ਜਦੋਂਕਿ ਦੂਜੇ ’ਚ ਉਸ ਨੇ ਗੈਂਗਸਟਰਾਂ ਜ਼ਰੀਏ ਉਸ ਨੂੰ ਧਮਕਾਇਆ ਸੀ। ਇਸ ਤੋਂ ਇਲਾਵਾ ਉਸ ਦੇ ਖ਼ਿਲਾਫ਼ ਵੱਖ-ਵੱਖ ਥਾਣਿਆਂ ’ਚ ਕੁੱਲ 9 ਕੇਸ ਦਰਜ ਹਨ, ਜਿਨ੍ਹਾਂ ’ਚ ਸਤੰਬਰ 2023 ਨੂੰ ਥਾਣਾ ਸਾਹਨੇਵਾਲ ’ਚ ਉਸ ਦੇ ਇਕ ਕੇਸ ’ਚ ਗਵਾਹ ਨੂੰ ਗੰਨ ਪੁਆਇੰਟ ’ਤੇ ਕਿਡਨੈਪ ਕਰ ਕੇ ਉਸ ਨਾਲ ਕੁੱਟ-ਮਾਰ ਅਤੇ ਲੁੱਟਣ ਦਾ ਕੇਸ ਦਰਜ ਹੈ। ਉਸ ਕੇਸ ’ਚ ਉਸ ਦਾ ਭਰਾ ਵੀ ਨਾਮਜ਼ਦ ਸੀ, ਜੋ ਜ਼ਮਾਨਤ ’ਤੇ ਬਾਹਰ ਹੈ ਪਰ ਅਜੇ ਲੱਕੀ ਸੰਧੂ ਜੇਲ੍ਹ ’ਚ ਬੰਦ ਹੈ। ਉਸ ਨੇ ਜ਼ਮਾਨਤ ਦੀ ਅਰਜ਼ੀ ਪਾਈ ਹੋਈ ਹੈ, ਜਿਸ ਦੀ ਸੁਣਵਾਈ 9 ਜਨਵਰੀ, 2024 ਦੀ ਹੈ। ਇਸ ਤੋਂ ਇਲਾਵਾ ਕੁੱਝ ਦਿਨ ਪਹਿਲਾਂ ਉਸ ਨੇ ਜੇਲ੍ਹ ਪ੍ਰਸ਼ਾਸਨ ਨੂੰ ਅਰਜ਼ੀ ਦਿੱਤੀ ਸੀ ਕਿ ਉਹ ਬੀਮਾਰ ਹੈ। ਉਸ ਦਾ ਇਲਾਜ ਅਤੇ ਚੈੱਕਅਪ ਪੀ. ਜੀ. ਆਈ. ਚੰਡੀਗੜ੍ਹ ਤੋਂ ਕਰਵਾਇਆ ਜਾਵੇ, ਜਿਸ ਦੀ ਉਸ ਨੂੰ ਇਜਾਜ਼ਤ ਮਿਲ ਗਈ ਸੀ। ਫਿਰ 8 ਦਸੰਬਰ ਨੂੰ ਉਸ ਨੂੰ ਜ਼ਿਲ੍ਹਾ ਕਮਿਸ਼ਨਰੇਟ ਪੁਲਸ ਦੇ ਮੁਲਾਜ਼ਮਾਂ ਦੇ ਹਵਾਲੇ ਕਰ ਦਿੱਤਾ ਗਿਆ, ਤਾਂ ਕਿ ਉਹ ਉਸ ਨੂੰ ਪੀ. ਜੀ. ਆਈ. ਲਿਜਾ ਸਕਣ। 
ਫਾਰਚਿਊਨਰ ਕਾਰ ’ਚ ਰਾਏਕੋਟ ਰੋਡ ਸਥਿਤ ਪੈਲੇਸ ’ਚ ਚੱਲ ਰਹੇ ਵਿਆਹ ’ਚ ਪੁੱਜਾ
ਗੁਰਬੀਰ ਸਿੰਘ ਗਰਚਾ ਨੇ ਦੱਸਿਆ ਕਿ 8 ਦਸੰਬਰ ਨੂੰ ਲੱਕੀ ਸੰਧੂ 2 ਪੁਲਸ ਮੁਲਾਜ਼ਮਾਂ ਨਾਲ ਪੀ. ਜੀ. ਆਈ. ਚੰਡੀਗੜ੍ਹ ਗਿਆ ਸੀ, ਜਿੱਥੇ ਉਸ ਨੇ ਉਨ੍ਹਾਂ ਨਾਲ ਮਿਲੀਭੁਗਤ ਕਰ ਲਈ। ਇਸ ਤੋਂ ਬਾਅਦ ਉਹ ਸਾਹਨੇਵਾਲ ਸਥਿਤ ਆਪਣੇ ਘਰ ਪੁੱਜਾ, ਜਿੱਥੋਂ ਉਹ ਤਿਆਰ ਹੋ ਕੇ ਆਪਣੇ ਭਰਾ ਨਾਲ ਫਾਰਚਿਊਨਰ ਕਾਰ ’ਚ ਰਾਏਕੋਟ ਰੋਡ ਸਥਿਤ ਮਹਿਲ ਮੁਬਾਰਕ ਪੈਲੇਸ ’ਚ ਚੱਲ ਰਹੇ ਵਿਆਹ ’ਚ ਪੁੱਜ ਗਿਆ। ਗੁਰਵੀਰ ਸਿੰਘ ਦਾ ਕਹਿਣਾ ਹੈ ਕਿ ਉਸ ਦਾ ਇਕ ਵਿਅਕਤੀ ਮੁਲਜ਼ਮਾਂ ਦੇ ਪਿੱਛੇ ਲੱਗਾ ਹੋਇਆ ਸੀ, ਜਿਸ ਨੇ ਇਹ ਸਭ ਕੁੱਝ ਆਪਣੀਆਂ ਅੱਖਾਂ ਨਾਲ ਦੇਖਿਆ ਸੀ।

ਇਹ ਵੀ ਪੜ੍ਹੋ : ਜਲੰਧਰ ਜ਼ਿਲ੍ਹੇ ਦੇ ਲੋਕਾਂ ਲਈ ਜ਼ਰੂਰੀ ਖ਼ਬਰ, ਇਸ ਬੀਮਾਰੀ ਨੂੰ ਲੈ ਕੇ ਜਾਰੀ ਕੀਤੇ ਗਏ ਨਵੇਂ ਹੁਕਮ
ਪੰਜਾਬੀ ਸਿੰਗਰ ਅੰਗਰੇਜ਼ ਅਲੀ ਦੇ ਗਾਣਿਆਂ ’ਤੇ ਪਾਇਆ ਭੰਗੜਾ, ਪੈਸੇ ਵੀ ਲੁਟਾਏ
ਗੁਰਵੀਰ ਸਿੰਘ ਦਾ ਦੋਸ਼ ਹੈ ਕਿ ਲੱਕੀ ਸੰਧੂ ਵਿਆਹ ਸਮਾਗਮ ’ਚ ਆਪਣੇ ਭਰਾ ਨਾਲ ਪੁੱਜਾ ਸੀ। ਉਨ੍ਹਾਂ ਦੇ ਨਾਲ ਪੁਲਸ ਮੁਲਾਜ਼ਮ ਵੀ ਮੌਜੂਦ ਸਨ। ਵਿਆਹ ਸਮਾਗਮ ’ਚ ਪੰਜਾਬੀ ਸਿੰਗਰ ਅੰਗਰੇਜ਼ ਅਲੀ ਨੇ ਸਟੇਜ ਸੰਭਾਲ ਰੱਖੀ ਸੀ। ਲੱਕੀ ਸੰਧੂ ਨੇ ਆਪਣੇ ਭਰਾ ਨਾਲ ਵਿਆਹ ’ਚ ਭੰਗੜਾ ਪਾਇਆ ਅਤੇ ਪੈਸੇ ਵੀ ਲੁਟਾਏ ਸਨ। ਇਸ ਦੌਰਾਨ ਸਿੰਗਰ ਵੀ ਗਾਣੇ ’ਚ ਮੁਲਜ਼ਮ ਲੱਕੀ ਅਤੇ ਉਸ ਦੇ ਭਰਾ ਦਾ ਨਾਂ ਲੈ ਰਿਹਾ ਸੀ। ਇਸ ਸਭ ਦੀ ਵੀਡੀਓ ਵਿਆਹ ’ਚ ਬਣ ਗਈ ਸੀ, ਜੋ ਵੀਡੀਓ ਉਸ ਕੋਲ ਆ ਗਈ ਹੈ।
ਮੁੱਖ ਮੰਤਰੀ, ਡੀ. ਜੀ. ਪੀ. ਅਤੇ ਹੋਰਨਾਂ ਅਧਿਕਾਰੀਆਂ ਨੂੰ ਭੇਜੀ ਸ਼ਿਕਾਇਤ
ਗੁਰਵੀਰ ਸਿੰਘ ਗਰਚਾ ਨੇ ਕਿਹਾ ਕਿ ਉਸ ਨੇ ਇਸ ਸਬੰਧੀ ਇਕ ਸ਼ਿਕਾਇਤ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਪੰਜਾਬ ਦੇ ਡੀ. ਜੀ. ਪੀ. ਗੌਰਵ ਯਾਦਵ, ਜੇਲ੍ਹ ਅਧਿਕਾਰੀਆਂ ਅਤੇ ਲੁਧਿਆਣਾ ਦੇ ਸੀ. ਪੀ. ਨੂੰ ਆਨਲਾਈਨ ਕੀਤੀ ਹੈ। ਮੁੱਖ ਮੰਤਰੀ ਅਤੇ ਡੀ. ਜੀ. ਪੀ. ਨੂੰ ਸ਼ਿਕਾਇਤ ਦੀ ਉਸ ਨੂੰ ਵਾਪਸ ਕਾਲ ਆ ਗਈ ਹੈ ਕਿ ਜੋ ਅੱਗੇ ਜਾਂਚ ਲਈ ਭੇਜ ਦਿੱਤੀ ਗਈ ਹੈ ਪਰ ਜੇਲ੍ਹ ਅਧਿਕਾਰੀਆਂ ਨੇ ਆਪਣਾ ਪੱਲਾ ਝਾੜ ਲਿਆ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਜ਼ਿੰਮੇਵਾਰੀ ਜ਼ਿਲ੍ਹਾ ਪੁਲਸ ਦੀ ਹੈ। ਉਨ੍ਹਾਂ ਨੇ ਹਵਾਲਾਤੀ ਜ਼ਿਲ੍ਹਾ ਪੁਲਸ ਨੂੰ ਸੌਂਪ ਦਿੱਤਾ ਸੀ।

ਇਹ ਵੀ ਪੜ੍ਹੋ : ਪੰਜਾਬ ਭਾਜਪਾ ਇੰਚਾਰਜ ਵਿਜੇ ਰੂਪਾਣੀ ਕਰਨਗੇ ਅਹਿਮ ਬੈਠਕਾਂ, ਸੁਨੀਲ ਜਾਖੜ ਵੀ ਰਹਿਣਗੇ ਮੌਜੂਦ
ਮੁਲਜ਼ਮ ਲੱਕੀ ਦੇ ਲਾਰੈਂਸ ਬਿਸ਼ਨੋਈ ਦੇ ਸਾਥੀਆਂ ਨਾਲ ਹਨ ਸਬੰਧ!
ਗੁਰਵੀਰ ਸਿੰਘ ਨੇ ਦੱਸਿਆ ਕਿ ਜਦੋਂ ਉਸ ਨੇ ਮੁਲਜ਼ਮ ਲੱਕੀ ਸੰਧੂ ’ਤੇ ਕੇਸ ਦਰਜ ਕਰਵਾਏ ਸਨ ਤਾਂ ਉਸ ਨੂੰ ਲਗਾਤਾਰ ਗੈਂਗਸਟਰ ਗਰੁੱਪਾਂ ਤੋਂ ਧਮਕੀਆਂ ਮਿਲਣੀਆਂ ਸ਼ੁਰੂ ਹੋ ਗਈਆਂ ਸਨ ਕਿਉਂਕਿ ਲੱਕੀ ਸੰਧੂ ਦੇ ਕੁਝ ਸਾਥੀ ਅਜਿਹੇ ਹਨ, ਜਿਨ੍ਹਾਂ ਦਾ ਲਾਰੈਂਸ ਬਿਸ਼ਨੋਈ ਨਾਲ ਸਿੱਧਾ ਸੰਪਰਕ ਹੈ, ਜਦੋਂਕਿ ਉਸ ਨੇ ਇਸ ਸਬੰਧੀ ਪਹਿਲਾਂ ਪੁਲਸ ਨੂੰ ਦੱਸਿਆ ਵੀ ਹੋਇਆ ਹੈ। ਪਹਿਲਾਂ ਉਸ ਨੂੰ ਲਗਾਤਾਰ ਮਾਰਨ ਦੀਆਂ ਧਮਕੀਆਂ ਵੀ ਮਿਲਦੀਆਂ ਰਹੀਆਂ ਹਨ। ਗੁਰਵੀਰ ਸਿੰਘ ਦਾ ਕਹਿਣਾ ਹੈ ਕਿ ਉਕਤ ਮੁਲਜ਼ਮ ਲੱਕੀ ਬਹੁਤ ਸ਼ਾਤਰ ਅਪਰਾਧੀ ਹੈ। ਉਸ ਦੇ ਖ਼ਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।
ਜੇਲ੍ਹ ’ਚ ਵੀ ਸੈਟਿੰਗ, ਹਫ਼ਤੇ ’ਚ 2 ਵਾਰ ਚੈੱਕਅਪ ਲਈ ਆਉਂਦਾ ਹੈ ਬਾਹਰ
ਗੁਰਵੀਰ ਸਿੰਘ ਨੇ ਦੋਸ਼ ਲਾਇਆ ਕਿ ਲੱਕੀ ਸੰਧੂ ਦਾ ਜੇਲ੍ਹ ’ਚ ਬਹੁਤ ਵੱਡਾ ਨੈੱਟਵਰਕ ਹੈ। ਉਸ ਦੀ ਅੰਦਰ ਮੁਲਾਜ਼ਮਾਂ ਨਾਲ ਸੈਟਿੰਗ ਹੈ। ਇਸ ਲਈ ਉਹ ਕਿਸੇ ਨਾ ਕਿਸੇ ਬੀਮਾਰੀ ਦਾ ਬਹਾਨਾ ਬਣਾ ਕੇ ਜੇਲ੍ਹ ਤੋਂ ਬਾਹਰ ਚੈੱਕਅਪ ਲਈ ਨਿਕਲ ਜਾਂਦਾ ਹੈ। ਆਮ ਹਵਾਲਾਤੀਆਂ ਨੂੰ ਜੇਲ੍ਹ ਪ੍ਰਸ਼ਾਸਨ ਅੰਦਰ ਹੀ ਦਵਾਈ ਦਿੰਦਾ ਹੈ ਪਰ ਲੱਕੀ ਨੂੰ ਹਫ਼ਤੇ ’ਚ 2 ਵਾਰ ਬਾਹਰ ਚੈੱਕਅਪ ਲਈ ਭੇਜਿਆ ਜਾਂਦਾ ਹੈ। ਜੇਕਰ ਪੁਲਸ ਇਸ ਦੀ ਗੰਭੀਰਤਾ ਨਾਲ ਜਾਂਚ ਕਰਵਾਏ ਤਾਂ ਬਹੁਤ ਵੱਡਾ ਨੈੱਟਵਰਕ ਸਾਹਮਣੇ ਆ ਸਕਦਾ ਹੈ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


 


author

Babita

Content Editor

Related News