ਹੈਰੀ ਮਾਨ ਖਿਲਾਫ ਕਾਨੂੰਨੀ ਕਾਰਵਾਈ ਹੋਵੇ : ਅਮਨ ਅਰੋੜਾ

Tuesday, Jan 09, 2018 - 07:33 PM (IST)

ਹੈਰੀ ਮਾਨ ਖਿਲਾਫ ਕਾਨੂੰਨੀ ਕਾਰਵਾਈ ਹੋਵੇ : ਅਮਨ ਅਰੋੜਾ

ਚੰਡੀਗੜ੍ਹ (ਬਿਊਰੋ) : ਪਟਿਆਲਾ ਦੇ ਕਾਂਗਰਸੀ ਆਗੂ ਹੈਰੀ ਮਾਨ ਵਲੋਂ ਕਾਂਗਰਸੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਵਿਰੋਧੀ ਪਾਰਟੀਆਂ ਦੇ ਆਗੂਆਂ/ਵਰਕਰਾਂ ਖ਼ਿਲਾਫ਼ ਹਿੰਸਾ ਕਰਨ ਅਤੇ ਉਨ੍ਹਾਂ ਨੂੰ ਵੱਢਣ ਦੇ ਬਿਆਨ ਦੀ ਨਿਖੇਧੀ ਕਰਦਿਆਂ 'ਆਪ' ਨੇ ਮੰਗ ਕੀਤੀ ਹੈ ਕਿ ਅਜਿਹੇ ਆਗੂ ਨੂੰ ਬਿਨਾਂ ਕਿਸੇ ਦੇਰੀ ਤੋਂ ਪਾਰਟੀ 'ਚੋਂ ਕੱਢ ਕੇ ਉਸ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਪ੍ਰੈੱਸ ਵਿਚ ਜਾਰੀ ਬਿਆਨ ਵਿਚ ਆਮ ਆਦਮੀ ਪਾਰਟੀ ਦੇ ਸੂਬਾ ਸਹਿ-ਪ੍ਰਧਾਨ ਅਤੇ ਵਿਧਾਇਕ ਅਮਨ ਅਰੋੜਾ ਨੇ ਕਿਹਾ ਕਿ ਇਕ ਪਾਸੇ ਤਾਂ ਕੈਪਟਨ ਅਮਰਿੰਦਰ ਸਿੰਘ ਪੰਜਾਬ ਵਿਚੋਂ ਗੈਂਗਸਟਰ ਨੂੰ ਖ਼ਤਮ ਕਰਨ ਦੀਆਂ ਗੱਲਾਂ ਕਰਦੇ ਹਨ ਅਤੇ ਪਕੋਕਾ ਵਰਗੇ ਕਾਨੂੰਨ ਬਣਾ ਰਹੇ ਹਨ ਜਦਕਿ ਦੂਸਰੇ ਪਾਸੇ ਉਨ੍ਹਾਂ ਦੇ ਖ਼ੁਦ ਦੇ ਆਗੂ ਹੀ ਲੋਕਾਂ ਵਿਚ ਹਿੰਸਾ ਕਰਵਾਉਣ ਲਈ ਉਕਸਾ ਰਹੇ ਹਨ।
ਉਨ੍ਹਾਂ ਕਿਹਾ ਕਿ ਇਹ ਪ੍ਰਤੱਖ ਹੈ ਕਿ ਜੇਕਰ ਪੰਜਾਬ ਵਿਚ ਗੈਂਗ ਬਣੇ ਹਨ ਅਤੇ ਗੈਂਗਵਾਰ ਹੋ ਰਹੀਆਂ ਹਨ ਤਾਂ ਇਹ ਸਿਆਸੀ ਸ਼ਹਿ ਦੇ ਅਧੀਨ ਹੀ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿਛਲੇ 10 ਸਾਲ ਅਕਾਲੀ ਅਜਿਹੇ ਕਾਰਜ ਕਰਦੇ ਆਏ ਹਨ ਅਤੇ ਹੁਣ ਉਨ੍ਹਾਂ ਦੇ ਪਾਏ ਪੂਰਨਿਆਂ 'ਤੇ ਚਲਦੇ ਹੋਏ ਕਾਂਗਰਸੀ ਆਗੂ ਸਮਾਜ ਵਿਚ ਹਿੰਸਾ ਕਰਵਾਉਣ ਦੇ ਯਤਨ ਕਰ ਰਹੇ ਹਨ।


Related News