ਕਾਂਗਰਸੀ ਆਗੂ ''ਤੇ ਜਾਨਲੇਵਾ ਹਮਲਾ, ਅੰਨ੍ਹੇਵਾਹ ਚਲਾਈਆਂ ਗੋਲੀਆਂ

Sunday, Dec 24, 2017 - 07:54 PM (IST)

ਕਾਂਗਰਸੀ ਆਗੂ ''ਤੇ ਜਾਨਲੇਵਾ ਹਮਲਾ, ਅੰਨ੍ਹੇਵਾਹ ਚਲਾਈਆਂ ਗੋਲੀਆਂ

ਗੋਇੰਦਵਾਲ ਸਾਹਿਬ (ਪੰਛੀ/ਗੁਲਸ਼ੇਰ) : ਸਥਾਨਕ ਕਸਬੇ ਵਿਖੇ ਪੁਰਾਣੀ ਰੰਜਿਸ਼ ਨੂੰ ਲੈ ਕੇ ਬੀਤੀ ਦੇਰ ਸ਼ਾਮ ਆਪਣੀ ਗੱਡੀ 'ਤੇ ਪਰਿਵਾਰ ਸਮੇਤ ਘਰ ਪਰਤ ਰਹੇ ਕਾਂਗਰਸੀ ਆਗੂ 'ਤੇ ਅਕਾਲੀ ਦਲ ਨਾਲ ਸਬੰਧਤ ਮੈਂਬਰ ਜ਼ਿਲਾ ਪੀ੍ਰਸ਼ਦ ਪ੍ਰੇਮ ਸਿੰਘ ਪੰਨੂੰ ਦੇ ਭਤੀਜੇ ਅਤੇ ਦੋਹਤੇ ਵੱਲੋਂ ਅੰਨੇਵਾਹ ਗੋਲੀਆ ਚਲਾ ਕੇ ਹਮਲਾ ਕਰ ਦਿੱਤਾ ਗਿਆ। ਇਸ ਹਮਲੇ ਵਿਚ ਪਰਿਵਾਰ ਵਾਲ-ਵਾਲ ਬਚ ਗਿਆ ਅਤੇ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਘਟਨਾ ਤੋਂ ਬਾਅਦ ਹਮਲਾਵਰਾਂ ਨੇ ਕਾਂਗਰਸੀ ਆਗੂ ਦੇ ਘਰ ਸਾਹਮਣੇ ਜਾ ਕੇ ਗੋਲੀਆਂ ਚਲਾਈਆ ਅਤੇ ਮੌਕੇ ਤੋਂ ਫਰਾਰ ਹੋ ਗਏ।
ਘਟਨਾ ਦੀ ਸੂਚਨਾ ਮਿਲਣ 'ਤੇ ਪੁਲਸ ਥਾਣਾ ਗੋਇੰਦਵਾਲ ਸਾਹਿਬ ਵੱਲੋਂ ਮੌਕੇ 'ਤੇ ਪੁੱਜ ਕੇ ਕਾਰਵਾਈ ਕਰਦਿਆਂ ਹੋਇਆਂ ਮੈਂਬਰ ਜ਼ਿਲਾ ਪੀ੍ਰਸ਼ਦ ਸਮੇਤ ਤਿੰਨ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਘਟਨਾ ਸੰਬੰਧੀ ਜਾਣਕਾਰੀ ਦਿਦਿੰਆਂ ਹੋਇਆਂ ਕਾਂਗਰਸੀ ਆਗੂ ਹਰਪੀ੍ਰਤ ਸਿੰਘ ਮਿੰਨਾ ਵਾਸੀ ਗੋਇੰਦਵਾਲ ਸਾਹਿਬ ਨੇ ਦੱਸਿਆ ਕਿ ਉਹ ਬੀਤੀ ਸ਼ਾਮ ਆਪਣੇ ਪਰਿਵਾਰਕ ਮੈਂਬਰਾਂ ਸਮੇਤ ਗੱਡੀ ਵਿਚ ਘਰ ਵਾਪਸ ਆ ਰਿਹਾ ਸੀ ।ਕਸਬੇ ਦੇ ਮੁੱਖ ਬਾਜ਼ਾਰ ਵਿਚ ਪੁੱਜਣ 'ਤੇ ਪਹਿਲਾਂ ਹੀ ਖੜ੍ਹੇ ਮੈਂਬਰ ਜ਼ਿਲਾ ਪੀ੍ਰਸ਼ਦ ਦਾ ਭਤੀਜਾ ਨਵਜੋਤ ਸਿੰਘ ਨੌਵੀ ਅਤੇ ਗੁਰਸਿਮਰ ਸਿੰਘ ਬੌਬੀ ਵੱਲੋਂ ਉਨ੍ਹਾਂ 'ਤੇ ਅੰਨੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਜਿਸ 'ਤੇ ਅਸੀ ਗੱਡੀ ਭਜਾ ਕੇ ਆਪਣੇ ਘਰ ਆ ਗਏ। ਇਸ ਤੋਂ ਬਾਅਦ ਹਮਲਾਵਰਾਂ ਨੇ ਸਾਡੇ ਘਰ ਦੇ ਸਾਹਮਣੇ ਫਿਰ ਲਲਕਾਰਾ ਮਾਰ ਕੇ ਗੋਲੀਆਂ ਚਲਾਈਆਂ ਅਤੇ ਫਰਾਰ ਹੋ ਗਏ।
ਇਸ ਮਾਮਲੇ ਦੀ ਤਫਤੀਸ਼ ਕਰ ਰਹੇ ਏ.ਐੱਸ.ਆਈ ਮਨਜੀਤ ਸਿੰਘ ਵੱਲੋਂ ਪੀੜਤ ਪਰਿਵਾਰ ਅਤੇ ਮੌਕੇ ਦੇ ਗਵਾਹਾਂ ਦੇ ਬਿਆਨਾਂ ਦੇ ਅਧਾਰ 'ਤੇ ਪ੍ਰੇਮ ਸਿੰਘ ਪੁੱਤਰ ਦਲੀਪ ਸਿੰਘ ਮੈਂਬਰ ਜ਼ਿਲਾ ਪੀ੍ਰਸ਼ਦ, ਭਤੀਜਾ ਨਵਜੋਤ ਸਿੰਘ ਅਤੇ ਦੋਹਤਰਾ ਗੁਰਸਿਮਰ ਸਿੰਘ ਦੇ ਖਿਲਾਫ ਪੁਲਸ ਥਾਣਾ ਗੋਇੰਦਵਾਲ ਸਾਹਿਬ ਵਿਖੇ ਮਾਮਲਾ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।


Related News