''ਹਰ ਘਰ ਰੋਜ਼ਗਾਰ'' ਤਹਿਤ ਮੁਲਾਹਜ਼ੇਦਾਰੀਆਂ ਪੁਗਾ ਰਹੀ ਕਾਂਗਰਸ

Wednesday, Oct 10, 2018 - 09:11 AM (IST)

''ਹਰ ਘਰ ਰੋਜ਼ਗਾਰ'' ਤਹਿਤ ਮੁਲਾਹਜ਼ੇਦਾਰੀਆਂ ਪੁਗਾ ਰਹੀ ਕਾਂਗਰਸ

ਚੰਡੀਗੜ੍ਹ : 'ਹਰ ਘਰ ਰੋਜ਼ਗਾਰ' ਦੇਣ ਦਾ ਗਰੀਬ ਜਨਤਾ ਨਾਲ ਕੀਤਾ ਗਿਆ ਵਾਅਦਾ ਕਾਂਗਰਸ ਸਰਕਾਰ ਆਪਣੇ ਮੁਲਾਹਜ਼ੇਦਾਰਾਂ ਨੂੰ ਨੌਕਰੀਆਂ ਦੇ ਕੇ ਪੁਗਾ ਰਹੀ ਹੈ। ਆਪਣੇ ਡੇਢ ਸਾਲ ਦੇ ਕਾਰਜਕਾਲ ਦੌਰਾਨ ਕਾਂਗਰਸ ਨੇ ਹੁਣ ਤੱਕ ਦਰਜਨ ਦੇ ਕਰੀਬ ਅਫਸਰਾਂ ਨੂੰ ਸੇਵਾਮੁਕਤੀ ਤੋਂ ਬਾਅਦ ਅਤੇ ਸਿਆਸੀ ਤੌਰ 'ਤੇ ਹਾਸ਼ੀਏ 'ਤੇ ਜਾ ਚੁੱਕੇ ਇੰਨੇ ਹੀ ਕਾਂਗਰਸੀ ਆਗੂਆਂ ਨੂੰ ਨਵੀਆਂ ਨੌਕਰੀਆਂ ਨਾਲ ਨਿਵਾਜਿਆ ਹੈ। ਸੂਤਰਾਂ ਮੁਤਾਬਕ ਤਿੰਨ ਦਹਾਕੇ ਤੋਂ ਵੱਧ ਸਮਾਂ ਚੰਗੇ ਅਹੁਦੇ ਮਾਣਨ ਵਾਲੇ ਕੁਝ ਹੋਰ ਅਫਸਰਾਂ ਨੂੰ ਰੋਜ਼ਗਾਰ ਦੇਣਾ ਵੀ ਕੈਪਟਨ ਸਰਕਾਰ ਦੇ ਏਜੰਡੇ 'ਚ ਸ਼ਾਮਲ ਹੈ।

ਮੁੱਖ ਮੰਤਰੀ ਦੇ ਨੇੜਲੇ ਸੂਤਰਾਂ ਦਾ ਕਹਿਣਾ ਹੈ ਕਿ ਪੰਜਾਬ ਪੁਲਸ ਦੇ ਮੁਖੀ ਸੁਰੇਸ਼ ਅਰੋੜਾ ਜੋ ਕਿ ਆਉਣ ਵਾਲੀ 31 ਦਸੰਬਰ ਨੂੰ ਸੇਵਾਮੁਕਤ ਹੋਣਗੇ, ਉਨ੍ਹਾਂ ਨੂੰ ਵੀ ਸਰਕਾਰ ਵਲੋਂ ਰੋਜ਼ਗਾਰ ਦੇਣ 'ਤੇ ਵਿਚਾਰ ਕੀਤਾ ਜਾ ਰਿਹਾ ਹੈ। ਪੰਜਾਬ ਸਰਕਾਰ ਵਲੋਂ ਜਿਨ੍ਹਾਂ ਅਧਿਕਾਰੀਆਂ ਨੂੰ ਹੁਣ ਤੱਕ ਸੇਵਾਮੁਕਤੀ ਤੋਂ ਬਾਅਦ ਮੁੜ ਰੋਜ਼ਗਾਰ ਦਿੱਤਾ ਗਿਆ ਹੈ, ਉਨ੍ਹਾਂ 'ਚ ਕੈਪਟਨ ਅਮਰਿੰਦਰ ਸਿੰਘ ਦੇ ਪਿਛਲੇ ਕਾਰਜਕਾਲ ਦੌਰਾਨ ਮੁੱਖ ਸਕੱਤਰ ਅਤੇ ਬਿਜਲੀ ਬੋਰਡ ਦੇ ਚੇਅਰਮੈਨ ਰਹੇ ਵਾਈ. ਐੱਸ. ਰੱਤੜਾ ਨੂੰ ਪਨਗਰੇਨ ਦਾ ਚੇਅਰਮੈਨ ਲਾਇਆ ਗਿਆ ਸੀ।

ਜੈ ਸਿੰਘ ਗਿੱਲ ਵੀ ਮੌਜੂਦਾ ਮੁੱਖ ਮੰਤਰੀ ਦੇ ਪਹਿਲਾਂ ਮੁੱਖ ਸਕੱਤਰ ਰਹੇ ਤੇ ਉਸ ਤੋਂ ਬਾਅਦ ਬਿਜਲੀ ਰੈਗੂਲੇਟਰੀ ਕਮਿਸ਼ਨ ਦੇ 5 ਸਾਲ ਚੇਅਰਮੈਨ ਨੂੰ ਤਨਖਾਹ ਕਮਿਸ਼ਨ ਦਾ ਮੁਖੀ ਲਾਇਆ ਗਿਆ ਹੈ। ਕੈਪਟਨ ਦੇ ਨਾਲ ਹੀ ਮੁੱਖ ਸਕੱਤਰ ਰਹੇ ਕੇ. ਆਰ. ਲਖਨਪਾਲ ਨੂੰ ਪ੍ਰਸ਼ਾਸਕੀ ਸੁਧਾਰ ਕਮਿਸ਼ਨ ਦਾ ਮੁਖੀ, ਇਸੇ ਤਰ੍ਹਾਂ ਮਨਦੀਪ ਸਿੰਘ ਸੰਧੂ ਨੂੰ ਜਵਾਬਦੇਹੀ ਕਮਿਸ਼ਨ ਦਾ ਚੇਅਰਮੈਨ ਲਾਇਆ ਗਿਆ ਹੈ।


Related News