ਕੋਹਾੜ ਦਾ ਕਿਲਾ ਢਾਹੁਣ 'ਚ ਜੁਟੀ ਕਾਂਗਰਸ

Thursday, Mar 15, 2018 - 07:23 AM (IST)

ਕੋਹਾੜ ਦਾ ਕਿਲਾ ਢਾਹੁਣ 'ਚ ਜੁਟੀ ਕਾਂਗਰਸ

ਜਲੰਧਰ, (ਰਵਿੰਦਰ ਸ਼ਰਮਾ)— ਕਿਸਾਨ ਕਰਜ਼ਾ ਮੁਆਫੀ ਦਾ ਪ੍ਰੋਗਰਾਮ ਤਾਂ ਕਾਂਗਰਸ ਨੇ ਨਕੋਦਰ ਹਲਕੇ ਵਿਚ ਰੱਖਿਆ ਸੀ ਪਰ ਇਸ ਪ੍ਰੋਗਰਾਮ ਦਾ ਪੂਰਾ ਨਿਸ਼ਾਨਾ ਸ਼ਾਹਕੋਟ ਉਪ ਚੋਣ ਸੀ। ਪ੍ਰੋਗਰਾਮ ਦੀ ਪਹਿਲੀ ਨੀਂਹ ਸ਼ਾਹਕੋਟ ਹਲਕੇ ਵਿਚ ਰੱਖੀ ਗਈ ਸੀ ਤਾਂ ਜੋ ਸ਼ਾਹਕੋਟ ਉਪ ਚੋਣ ਨੂੰ ਭੁਨਾਇਆ ਜਾ ਸਕੇ ਪਰ ਅਚਾਨਕ ਨਾਜਾਇਜ਼ ਮਾਈਨਿੰਗ ਦਾ ਖੇਡ ਉਜਾਗਰ ਹੋਣ ਅਤੇ ਉਸ ਵਿਚ ਕਾਂਗਰਸੀ ਆਗੂਆਂ ਦਾ ਨਾਂ ਆਉਣ ਤੋਂ ਬਾਅਦ ਪਾਰਟੀ ਨੂੰ ਸ਼ਾਹਕੋਟ ਦੀ ਬਜਾਏ ਨਕੋਦਰ ਵਿਚ ਪ੍ਰੋਗਰਾਮ ਰੱਖਣਾ ਪਿਆ ਪਰ ਪਾਰਟੀ ਦਾ ਨਿਸ਼ਾਨਾ ਫਿਰ ਵੀ ਸ਼ਾਹਕੋਟ ਉਪ ਚੋਣ ਹੀ ਸੀ। 
ਸ਼ਾਹਕੋਟ ਵਿਚ ਲੰਮੇ ਸਮੇਂ ਤੋਂ ਅਕਾਲੀ ਦਲ ਦਾ ਰਾਜ ਰਿਹਾ ਹੈ। ਅਕਾਲੀ ਦਲ ਦੇ ਵੱਡੇ ਨੇਤਾ ਅਜੀਤ ਸਿੰਘ ਕੋਹਾੜ ਨੂੰ ਇਸ ਸੀਟ ਤੋਂ ਕਦੇ ਵੀ ਕਾਂਗਰਸ ਹਰਾ ਨਹੀਂ ਸਕੀ ਸੀ। ਚਾਹੇ ਅਕਾਲੀ ਦਲ ਦੀ ਲਹਿਰ ਹੋਵੇ ਜਾਂ ਫਿਰ ਕਾਂਗਰਸ ਦੀ ਲਹਿਰ, ਹਰ ਵਾਰ ਅਜੀਤ ਸਿੰਘ ਕੋਹਾੜ ਨੇ ਆਪਣਾ ਸਿੱਕਾ ਜਮਾਇਆ। 2017 ਵਿਧਾਨ ਸਭਾ ਚੋਣਾਂ ਵਿਚ ਜਦੋਂ ਸੂਬੇ ਭਰ ਵਿਚ ਕਾਂਗਰਸ ਦੀ ਹਨੇਰੀ ਚੱਲੀ ਅਤੇ ਪਾਰਟੀ ਨੂੰ 77 ਸੀਟਾਂ ਮਿਲੀਆਂ। 
ਉਦੋਂ ਵੀ ਸ਼ਾਹਕੋਟ ਤੋਂ ਕੋਹਾੜ ਨੇ ਜਿੱਤ ਹਾਸਲ ਕੀਤੀ। ਅਚਾਨਕ ਕੋਹਾੜ ਦੇ ਦਿਹਾਂਤ ਹੋ ਜਾਣ ਤੋਂ ਬਾਅਦ ਹੁਣ ਇਹ ਸੀਟ ਖਾਲੀ ਹੋ ਚੁੱਕੀ ਹੈ।
ਕਾਂਗਰਸ ਹੁਣ ਤੋਂ ਇਸ ਉਪ ਚੋਣ ਨੂੰ ਜਿੱਤਣ ਦੀ ਨੀਂਹ ਤਿਆਰ ਕਰ ਰਹੀ ਹੈ। ਇਕ ਤਾਂ ਸੂਬੇ ਵਿਚ ਕਾਂਗਰਸ ਦੀ ਸਰਕਾਰ ਹੈ ਅਤੇ ਕੋਹਾੜ ਦੇ ਦਿਹਾਂਤ ਤੋਂ ਕਾਂਗਰਸ ਨੂੰ ਲੱਗ ਰਿਹਾ ਹੈ ਕਿ ਅਕਾਲੀ ਦਲ ਦੇ ਇਸ ਕਿਲੇ ਨੂੰ ਇਸ ਵਾਰ ਢਾਹਿਆ ਜਾ ਸਕਦਾ ਹੈ। ਇਹੀ ਕਾਰਨ ਹੈ ਕਿ ਵਿਧਾਨ ਸਭਾ ਸੀਟ ਤੋਂ ਕਾਂਗਰਸ ਦੇ ਕਈ ਆਗੂ ਮੈਦਾਨ ਵਿਚ ਉਤਰਨ ਨੂੰ ਤਿਆਰ ਦਿਖਾਈ ਦੇ ਰਹੇ ਹਨ। ਕਈ ਵਾਰੀ ਹਾਰੇ ਹੋਏ ਆਗੂ ਦੁਬਾਰਾ ਤੋਂ ਫਿਰ ਜਾਗ ਚੁੱਕੇ ਹਨ।  ਹੁਣ ਤੋਂ ਨੁੱਕੜ ਮੀਟਿੰਗਾਂ ਦਾ ਦੌਰ ਸ਼ੁਰੂ ਹੋ ਚੁੱਕਾ ਹੈ। ਨਕੋਦਰ ਵਿਚ ਬੁੱਧਵਾਰ ਨੂੰ ਹੋਏ ਕਰਜ਼ੇ ਮੁਆਫੀ ਪ੍ਰੋਗਰਾਮ ਦੌਰਾਨ ਟਿਕਟ ਦੇ ਕਈ ਦਾਅਵੇਦਾਰਾਂ ਨੇ ਆਪਣਾ ਸ਼ਕਤੀ ਪ੍ਰਦਰਸ਼ਨ ਮੁੱਖ ਮੰਤਰੀ ਦੇ ਸਾਹਮਣੇ ਦਿਖਾਇਆ। ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ ਵਿਚ ਕਾਂਗਰਸ ਦੇ ਕਿਸ ਦਾਅਵੇਦਾਰ ਦੀ ਸ਼ਕਤੀ ਕੰਮ ਆਵੇਗੀ। 
'ਆਪ' ਦੇ ਕੈਪਟਨ ਦਾ ਕਾਲੀਆਂ ਝੰਡੀਆਂ ਨਾਲ ਸਵਾਗਤ ਕਰਨ ਦੇ ਐਲਾਨ ਦੀ ਨਿਕਲੀ ਹਵਾ 
ਨਕੋਦਰ ਤੋਂ ਨਹੀਂ ਪਹੁੰਚਿਆ ਕੋਈ ਵਾਲੰਟੀਅਰ

ਨਕੋਦਰ , (ਪਾਲੀ)¸ ਅੱਜ ਪੰਜਾਬ ਦੀ ਕੈਪਟਨ ਸਰਕਾਰ ਵਲੋਂ ਨਵੀਂ ਦਾਣਾ ਮੰਡੀ ਨਕੋਦਰ ਵਿਚ ਕਿਸਾਨਾਂ ਦਾ ਕਰਜ਼ਾ ਮੁਆਫ ਕਰਨ ਲਈ ਰੱਖੇ ਸਮਾਗਮ ਵਿਚ ਪਹੁੰਚੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਆਮ ਆਦਮੀ ਪਾਰਟੀ ਦੇ ਆਗੂਆਂ ਵਲੋਂ ਕਾਲੀਆਂ ਝੰਡੀਆਂ ਨਾਲ ਸਵਾਗਤ ਕਰਨ ਦਾ ਕੀਤੇ ਐਲਾਨ ਦੀ ਹਵਾ ਨਿਕਲ ਗਈ ਜਦ ਕਿ ਆਗੂ ਤੇ ਵਰਕਰ ਸਮਾਗਮ ਦੇ ਨਜ਼ਦੀਕ ਵੀ ਨਹੀਂ ਫੜਕ ਸਕੇ। ਉਹ ਸਮਾਗਮ ਤੋਂ ਕਰੀਬ 3 ਕਿਲੋਮੀਟਰ ਦੂਰ ਜਲੰਧਰ ਰੋਡ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਮੰਗ-ਪੱਤਰ ਕੇ ਚਲੇ ਗਏ। ਵਰਣਨਯੋਗ ਹੈ ਕਿ ਉਕਤ ਸਮਾਗਮ ਨੂੰ ਲੈ ਕੇ ਬੀਤੇ ਦਿਨੀਂ ਆਮ ਆਦਮੀ ਪਾਰਟੀ ਵਲੋਂ ਸ਼ਾਹਕੋਟ ਤੋਂ ਚੋਣ ਲੜ ਚੁੱਕੇ ਡਾ. ਅਮਰਜੀਤ ਸਿੰਘ ਥਿੰਦ, ਨੌਜਵਾਨ 'ਆਪ' ਆਗੂ ਐੱਚ. ਐੱਸ. ਵਾਲੀਆ ਆਦਿ ਨੇ ਪ੍ਰੈੱਸ ਕਾਨਫਰੰਸ ਦੌਰਾਨ ਐਲਾਨ ਕੀਤਾ ਕਿ ਉਹ ਕੈਪਟਨ ਦਾ ਕਾਲੀਆਂ ਝੰਡੀਆਂ ਨਾਲ ਸਵਾਗਤ ਕਰ ਕੇ ਰੋਸ ਪ੍ਰਦਰਸ਼ਨ ਕਰਨਗੇ। ਉਨ੍ਹਾਂ ਕਿਹਾ ਕਿ ਸ਼ਾਹਕੋਟ ਵਿਚ ਵੱਡੇ ਪੱਧਰ 'ਤੇ ਰੇਤਾ ਦੀ ਨਾਜਾਇਜ਼ ਮਾਈਨਿੰਗ ਹੋ ਰਹੀ ਹੈ। ਸਰਕਾਰ ਨੇ ਵਿਰੋਧ ਡਰੋਂ ਸਮਾਗਮ ਸ਼ਾਹਕੋਟ ਤੋਂ ਬਦਲ ਕੇ ਨਕੋਦਰ ਰੱਖ ਲਿਆ। 'ਆਪ' ਆਗੂਆਂ ਵਿਚ ਧੜੇਬੰਦੀ ਸਾਫ ਦੇਖਣ ਨੂੰ ਮਿਲੀ। ਅੱਜ ਨਕੋਦਰ ਵਿਚ ਕੈਪਟਨ ਦਾ ਘੇਰਾਓ ਕਰਨ ਦਾ ਪਾਰਟੀ ਆਗੂਆਂ ਵਲੋਂ ਉਲੀਕੇ ਪ੍ਰੋਗਰਾਮ ਵਿਚ ਜਲੰਧਰ ਦਿਹਾਤੀ ਦੇ ਪ੍ਰਧਾਨ ਅਤੇ ਹਲਕਾ ਇੰਚਾਰਜ ਨਕੋਦਰ ਸਰਵਨ ਸਿੰਘ ਹੇਅਰ ਸਮੇਤ ਨਕੋਦਰ ਤੋਂ ਕੋਈ ਵੀ 'ਆਪ' ਵਾਲੰਟੀਅਰ ਨਹੀਂ ਪਹੁੰਚਿਆ। ਸਿਰਫ 'ਆਪ' ਆਗੂ ਐੱਚ. ਐੱਸ. ਵਾਲੀਆ ਸਪੋਕਸਮੈਨ ਜਲੰਧਰ, ਨੀਲ ਕੰਠ ਬੱਬੂ, ਡਾ. ਅਮਰਜੀਤ ਸਿੰਘ ਥਿੰਦ, ਹੰਸ ਰਾਜ ਰਾਣਾ, ਰਾਜ ਕੁਮਾਰ, ਮੋਦੀ ਪ੍ਰਧਾਨ, ਸੁੱਖ ਦਿਆਲ ਸੰਧੂ, ਗੁਰਿੰਦਰਪਾਲ ਗਿੰਦਾ ਆਦਿ ਹਾਜ਼ਰ ਸਨ।

ਸ਼ਾਹਕੋਟ ਦੇ ਪਿੰਡ ਸਾਰੰਗਵਾਲ 'ਚ ਬਣੇਗਾ ਸਰਕਾਰੀ ਡਿਗਰੀ ਕਾਲਜ 
ਜ਼ਿਮਨੀ ਚੋਣ ਤੋਂ ਪਹਿਲਾਂ ਮੁੱਖ ਮੰਤਰੀ ਵੱਲੋਂ ਹਲਕੇ ਲਈ 113 ਕਰੋੜ ਰੁਪਏ ਦੀਆਂ ਗ੍ਰਾਂਟਾਂ ਦੇਣ ਦਾ ਐਲਾਨ
ਸ਼ਾਹਕੋਟ, (ਅਰੁਣ, ਮਰਵਾਹਾ, ਤ੍ਰੇਹਨ)— ਸੂਬਾ ਸਰਕਾਰ ਦੇ ਕਰਜ਼ਾ ਮੁਆਫੀ ਦੇ ਵਾਅਦੇ ਨੂੰ ਪੂਰਾ ਕਰਨ ਲਈ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ ਅੱਜ ਨਕੋਦਰ 'ਚ ਹੋਇਆ ਕਰਜ਼ਾ ਮੁਆਫੀ ਸਮਾਗਮ ਕਾਂਗਰਸ ਪਾਰਟੀ ਵਲੋਂ ਸ਼ਾਹਕੋਟ ਉਪ ਚੋਣ ਲਈ ਬਿਗੁਲ ਵਜਾਉਂਦਾ ਹੋਇਆ ਪ੍ਰਤੀਤ ਹੋਇਆ। 29,192 ਕਿਸਾਨਾਂ ਦੇ ਲਗਭਗ 162.16 ਕਰੋੜ ਰੁਪਏ ਦੀ ਕਰਜ਼ਾ ਮੁਆਫੀ ਦੇ ਸਰਟੀਫਿਕੇਟ ਵੰਡ ਲਈ ਰੱਖੇ ਗਏ ਸਮਾਗਮ 'ਚ ਮੁੱਖ ਮੰਤਰੀ ਸ਼ਾਹਕੋਟ ਲਈ 113 ਕਰੋੜ ਰੁਪਏ ਦੀ ਗ੍ਰਾਂਟ ਜਾਰੀ ਕਰ ਗਏ। 
ਸ਼ਾਹਕੋਟ ਇਲਾਕੇ ਦੀ ਸਭ ਤੋਂ ਵੱਡੀ ਸਮੱਸਿਆ ਸਰਕਾਰੀ ਸਿੱਖਿਆ ਸੰਸਥਾ ਦੀ ਕਮੀ ਨੂੰ ਦੂਰ ਕਰਦਿਆਂ ਮੁੱਖ ਮੰਤਰੀ ਪੰਜਾਬ ਵਲੋਂ ਸ਼ਾਹਕੋਟ ਇਲਾਕੇ ਦੇ ਪਿੰਡ ਸਾਰੰਗਵਾਲ 'ਚ ਡਿਗਰੀ ਕਾਲਜ ਦੇ ਨਿਰਮਾਣ ਲਈ 15 ਕਰੋੜ ਰੁਪਏ ਦੀ ਰਾਸ਼ੀ ਦਾ ਐਲਾਨ ਕੀਤਾ ਗਿਆ। ਇਸੇ ਤਰ੍ਹਾਂ ਹਲਕੇ ਦੇ 232 ਪਿੰਡਾਂ ਦੇ ਵਿਕਾਸ ਕਾਰਜਾਂ ਲਈ 20 ਕਰੋੜ ਰੁਪਏ, ਵਾਟਰ ਸਪਲਾਈ ਲਈ 14 ਕਰੋੜ, ਮੰਡੀਆਂ ਲਈ 11 ਕਰੋੜ, ਲਿੰਕ ਸੜਕਾਂ ਦੀ ਮੁਰੰਮਤ ਲਈ 30 ਕਰੋੜ, ਯੱਕੋਪੁਰ ਪਿੰਡ ਦੇ ਪੁਲ ਲਈ 8.50 ਕਰੋੜ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਗਈ।  ਸ਼ਾਹਕੋਟ ਤੋਂ ਸੀਨੀਅਰ ਕਾਂਗਰਸੀ ਆਗੂ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਤੇ ਨਕੋਦਰ ਤੋਂ ਜਗਬੀਰ ਬਰਾੜ ਨੇ ਨਕੋਦਰ ਅਤੇ ਸ਼ਾਹਕੋਟ ਹਲਕੇ ਲਈ ਗ੍ਰਾਂਟਾਂ ਜਾਰੀ ਕਰਨ 'ਤੇ ਧੰਨਵਾਦ ਕੀਤਾ ਹੈ। ਮੁੱਖ ਮੰਤਰੀ ਦੀ ਨਕੋਦਰ ਫੇਰੀ ਤੋਂ ਸ਼ਾਹਕੋਟ ਹਲਕੇ ਦੇ ਲੋਕ ਪਹਿਲਾਂ ਤੋਂ ਹੀ ਕਈ ਆਸਾਂ ਲਗਾਈ ਬੈਠੇ ਸਨ। ਅਗਲੇ ਕੁਝ ਮਹੀਨਿਆਂ 'ਚ ਹੋਣ ਜਾ ਰਹੀ ਸ਼ਾਹਕੋਟ ਦੀ ਜ਼ਿਮਨੀ ਚੋਣ ਤੋਂ ਐਨ ਪਹਿਲਾਂ ਕੈਪਟਨ ਵਲੋਂ ਕੀਤੇ ਗਏ ਗ੍ਰਾਂਟਾਂ ਦੇ ਐਲਾਨ ਤੋਂ ਇਹ ਸਾਫ ਹੈ ਕਿ ਕਾਂਗਰਸ ਇਸ ਸੀਟ ਨੂੰ ਆਪਣੇ ਹੱਥੋਂ ਗਵਾਉਣਾ ਨਹੀਂ ਚਾਹੁੰਦੀ। ਜੇਕਰ ਹਲਕਾ ਸ਼ਾਹਕੋਟ ਦੇ ਚੋਣ ਇਤਿਹਾਸ 'ਤੇ ਨਜ਼ਰ ਮਾਰੀ ਜਾਵੇ ਤਾਂ 1962 ਤੋਂ ਲੈ ਕੇ 2017 ਤਕ ਹੋਈਆਂ 10 ਵਿਧਾਨ ਸਭਾ ਚੋਣਾਂ ਵਿਚੋਂ ਸਿਰਫ ਇਕ ਵਾਰ ਹੀ ਕਾਂਗਰਸ ਜਿੱਤ ਦਰਜ ਕਰ ਸਕੀ ਹੈ, ਜਦਕਿ 1992 ਤੋਂ ਬਾਅਦ ਹੁਣ ਤਕ ਲਗਭਗ ਦੋ ਦਹਾਕਿਆਂ ਤੋਂ ਵੱਧ ਸਮੇਂ ਤੋਂ ਇਸ ਸੀਟ 'ਤੇ ਸ਼੍ਰੋਮਣੀ ਅਕਾਲੀ ਦਲ ਲਗਾਤਾਰ ਆਪਣੀ ਜਿੱਤ ਦਰਜ ਕਰਦਾ ਆ ਰਿਹਾ ਹੈ । 


Related News