ਚਾਰ ਮਹੀਨਿਆਂ ਚ ਸੂਬੇ ਦੀ ਜਨਤਾ ਦਾ ਕਾਂਗਰਸ ਸਰਕਾਰ ਤੋਂ ਹੋਇਆ ਮੋਹ ਭੰਗ: ਵਿਧਾਇਕ ਚੰਦੂਮਾਜਰਾ
Thursday, Aug 03, 2017 - 07:18 PM (IST)

ਨਾਭਾ (ਜਗਨਾਰ)— ਜਦੋਂ ਤੋਂ ਸੂਬੇ ਦੀ ਵਾਗਡੋਰ ਕਾਂਗਰਸ ਸਰਕਾਰ ਦੇ ਹੱਥ ਆਈ ਹੈ, ਪੰਜਾਬ ਅੰਦਰ ਕਾਨੂੰਨ ਨਾਂ ਦੀ ਕੋਈ ਚੀਜ਼ ਨਹੀਂ ਰਹੀ। ਵਾਰਦਾਤਾਂ ਵਿੱਚ ਬੇ-ਤਹਾਸ਼ਾ ਵਾਧਾ ਹੋਇਆ ਹੈ, ਜਿਸ ਕਰਕੇ ਪੰਜਾਬ ਦੀ ਜਨਤਾ ਦਾ ਮੌਜੂਦਾ ਕਾਂਗਰਸ ਸਰਕਾਰ ਤੋਂ ਮੋਹ ਭੰਗ ਹੋ ਗਿਆ ਹੈ। ਇਹ ਵਿਚਾਰ ਹਰਿੰਦਰਪਾਲ ਸਿੰਘ ਚੰਦੂਮਾਜਰਾ ਵਿਧਾਇਕ ਸਨੌਰ ਨੇ ਸਾਥੀ ਅਕਾਲੀ ਵਰਕਰਾਂ ਸਮੇਤ ਪੱਤਰਕਾਰਾਂ ਨਾਲ ਗੱਲ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਪਿਛਲੇ 10 ਸਾਲਾਂ ਦੌਰਾਨ ਅਕਾਲੀ ਭਾਜਪਾ ਗੱਠਜੋੜ ਸਰਕਾਰ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ ਸਿੰਘ ਬਾਦਲ ਅਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਚ ਵਿਕਾਸ ਕਾਰਜਾਂ ਵਿਚ ਹਨੇਰੀ ਹੀ ਨਹੀਂ ਲਿਆਂਦੀ, ਸਗੋਂ ਵੱਡੀ ਗਿਣਤੀ ਵਿਚ ਨੌਜਵਾਨਾਂ ਨੂੰ ਰੁਜਗਾਰ ਦੇ ਕੇ ਉਨ੍ਹਾਂ ਨੂੰ ਕੰਮ ਲਾਇਆ। ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਵੱਲੋਂ ਦਿੱਤੇ ਬਿਆਨ ਕਿ ਕੈ: ਅਮਰਿੰਦਰ ਸਿੰਘ ਪਾਣੀਆਂ ਦਾ ਰਾਖਾ ਹੈ, ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿਚ ਉਹਨਾਂ ਕਿਹਾ ਕਿਹਾ ਕਿ ਆਮ ਆਦਮੀ ਪਾਰਟੀ ਕਾਂਗਰਸ ਦੀ ਹੀ - ਬੀ ਟੀਮ ਹੈ, ਜਿਸ ਕਰਕੇ ਅੱਜ ਪੰਜਾਬ ਦੇ ਸੂਝਵਾਨ ਲੋਕ ਸਮਝ ਚੁੱਕੇ ਹਨ ਅਤੇ 2019 ਦੀਆਂ ਲੋਕ ਸਭਾ ਚੋਣਾਂ ਦੇ ਨਤੀਜੇ ਦੱਸ ਦੇਣਗੇ ਕਿ ਕਿਸ ਪਾਰਟੀ ਨੇ ਸੂਬੇ ਦੇ ਵਿਕਾਸ ਦੀ ਗੱਲ ਕੀਤੀ ਹੈ। ਨਸ਼ੇ ਸਬੰਧੀ ਬੋਲਦਿਆਂ ਉਹਨਾਂ ਕਿਹਾ ਕਿ ਕਾਂਗਰਸ ਦੇ ਵਿਧਾਇਕ ਵੱਲੋਂ ਦਿੱਤਾ ਬਿਆਨ ਹੀ ਕਾਫੀ ਹੈ ਕਿ ਨਸ਼ੇ ਨੂੰ ਸਰਕਾਰ ਨੇ ਕਿਸ ਹੱਦ ਤੱਕ ਖਤਮ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਚੋਣਾਂ ਤੋਂ ਪਹਿਲਾਂ ਗੁਟਕਾ ਸਾਹਿਬ ਹੱਥ ਵਿਚ ਫੜ ਕੇ ਜੋ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚਾਰ ਹਫਤਿਆਂ ਦੇ ਅੰਦਰ-ਅੰਦਰ ਸੂਬੇ ਨੂੰ ਨਸ਼ਾ ਰਹਿਤ ਕਰਨ ਦੀ ਕਸਮ ਖਾਧੀ ਸੀ, ਉਸ ਦਾ ਕੀ ਅਸਰ ਹੋਇਆ ਹੈ। ਇਹ ਵਿਧਾਇਕ ਦਾ ਬਿਆਨ ਦੱਸ ਰਿਹਾ ਹੈ, ਕਿਉਂ ਜੋ ਚਾਰ ਹਫਤਿਆਂ ਦੀ ਥਾਂ ਚਾਰ ਮਹੀਨੇ ਬੀਤ ਜਾਣ ਦੇ ਬਾਵਜੂਦ ਵੀ ਹਾਲਾਤ ਜਿਉਂ ਦੇ ਤਿਉਂ ਹਨ। ਇਸ ਮੌਕੇ ਹਰੀ ਸਿੰਘ ਐਮ. ਡੀ. ਪ੍ਰੀਤ ਗਰੁੱਪ, ਗੁਰਪ੍ਰੀਤ ਸਿੰਘ ਰਾਜੂ ਖੰਨਾ, ਜ਼ਿਲਾ ਪ੍ਰਧਾਨ ਰਣਧੀਰ ਸਿੰਘ ਰੱਖੜਾ, ਸਤਵਿੰਦਰ ਸਿੰਘ ਟੌਹੜਾ ਮੈਂਬਰ ਐੱਸ. ਜੀ. ਪੀ. ਸੀ., ਐਡਵੋ. ਸਤਵੀਰ ਸਿੰਘ ਖੱਟੜਾ, ਬਘੇਲ ਸਿੰਘ ਜਾਤੀਵਾਲ, ਗੁਰਬਖਸ਼ ਸਿੰਘ ਸਿਬੀਆ, ਬਲਦੇਵ ਸਿੰਘ ਗੁਰਦਿੱਤੁਰਾ, ਜੱਸਾ ਖੋਖ, ਸੁਖਜਿੰਦਰ ਸਿੰਘ ਟੌਹੜਾ ਆਦਿ ਹਾਜ਼ਰ ਸਨ।|