ਕਾਂਗਰਸ ਸਰਕਾਰ ਮਾਫ਼ੀਆ ਰਾਜ ਨੂੰ ਦੇ ਰਹੀ ਹੈ ਸ਼ਹਿ : ਸੁਖਬੀਰ ਬਾਦਲ
Tuesday, Nov 23, 2021 - 08:23 PM (IST)
ਹੁਸ਼ਿਆਰਪੁਰ/ਚੱਬੇਵਾਲ (ਘੁੰਮਣ, ਗੁਰਮੀਤ)-ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਮਾਫ਼ੀਆ ਨੂੰ ਨੱਥ ਪਾਈ ਜਾਵੇਗੀ ਤੇ ਇਸ ’ਚ ਸ਼ਾਮਲ ਵਿਅਕਤੀਆਂ ਨੂੰ ਪਹਿਲੇ ਦਿਨ ਹੀ ਜੇਲ੍ਹਾਂ ’ਚ ਡੱਕਿਆ ਜਾਵੇਗਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਤੇ ਸਾਬਕਾ ਉਪ ਮੁੱਖ ਮੰਤਰੀ ਨੇ ਅੱਜ ਸੋਹਣ ਸਿੰਘ ਠੰਡਲ ਸਾਬਕਾ ਕੈਬਨਿਟ ਮੰਤਰੀ ਪੰਜਾਬ ਵੱਲੋਂ ਕਰਵਾਈ ਗਈ ਵਰਕਰ ਮੀਟਿੰਗ ਦੌਰਾਨ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਖ਼ਿਲਾਫ ਅੱਜ ਪੰਜਾਬ ਦੇ ਲੋਕਾਂ ’ਚ ਭਾਰੀ ਗੁੱਸਾ ਹੈ। ਇਨ੍ਹਾਂ ਨੇ ਲੋਕਾਂ ਦੀ ਜ਼ਿੰਦਗੀ ਦੇ ਪੰਜ ਸਾਲ ਖਰਾਬ ਕੀਤੇ ਹਨ। ਝੂਠੀਆਂ ਸਹੁੰਆਂ ਖਾ ਕੇ ਸੱਤਾ ਹਾਸਲ ਕੀਤੀ। ਸਹੁੰਆਂ ਖਾਣ ਵਿਚ ਕੈ. ਅਮਰਿੰਦਰ ਸਿੰਘ ਦੇ ਨਾਲ ਪੰਜਾਬ ਕੈਬਨਿਟ ਦੇ ਮੰਤਰੀ ਵੀ ਸ਼ਾਮਲ ਸਨ। ਇਹ ਗੁਨਾਹਾਂ ਦੀ ਸਜ਼ਾ ਇਨ੍ਹਾਂ ਨੂੰ ਜ਼ਰੂਰ ਮਿਲੇਗੀ। ਉਨ੍ਹਾਂ ਕਿਹਾ ਕਿ ਕਾਂਗਰਸ ਆਪਣੇ ਸਮੇਂ ਦੇ ਕੋਈ ਪੰਜ ਕੰਮ ਗਿਣਾ ਕੇ ਦਿਖਾ ਦੇਵੇ, ਸਾਰੇ ਕੰਮ ਤਾਂ ਅਕਾਲੀ ਦਲ ਦੀ ਸਰਕਾਰ ਸਮੇਂ ਹੋਏ ਹਨ। ਉਨ੍ਹਾਂ ਕਿਹਾ ਕਿ ਭਾਵੇਂ ਥਰਮਲ ਪਲਾਂਟ ਹੋਣ ਜਾਂ ਸੜਕਾਂ ਦਾ ਜਾਲ ਹੋਵੇ ਤੇ 95 ਪ੍ਰਤੀਸ਼ਤ ਮੰਡੀਆਂ ਵੀ ਸਾਡੀ ਸਰਕਾਰ ਸਮੇਂ ਬਣੀਆਂ। ਉਨ੍ਹਾਂ ਕਿਹਾ ਕਿ ਆਟਾ-ਦਾਲ ਸਕੀਮ ਤੇ ਗਰੀਬਾਂ ਲਈ 200 ਯੂਨਿਟ ਬਿਜਲੀ ਮੁਆਫ਼ ਦੀਆਂ ਸਕੀਮਾਂ ਵੀ ਸਾਡੀ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਗਈਆਂ।
ਸੁਖਬੀਰ ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਮੇਤ ਸਾਰੇ ਮੰਤਰੀ ਲੋਕਾਂ ਨੂੰ ਲੁੱਟਣ ਦਾ ਕੰਮ ਕਰ ਰਹੇ ਹਨ।
ਇਹ ਵੀ ਪੜ੍ਹੋ : ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਨੇ ਦੋ ਵਿਧਾਨ ਸਭਾ ਸੀਟਾਂ ਦੀ ਕੀਤੀ ਅਦਲਾ-ਬਦਲੀ
ਉਨ੍ਹਾਂ ਕਿਹਾ ਕਿ ਕਾਂਗਰਸ ਦੀ ਨੀਅਤ ਸਾਫ਼ ਨਹੀਂ ਹੈ ਉਨ੍ਹਾਂ ਨੇ ਜੋ ਸਸਤੀ ਬਿਜਲੀ 3 ਰੁਪਏ ਕੀਤੇ ਜਾਣ ਦਾ ਵਾਅਦਾ ਕੀਤਾ ਹੈ, ਉਹ ਵੀ 31 ਮਾਰਚ 2022 ਤੱਕ ਹੀ ਹੈ। ਰੇਤ ਮਾਫੀਆ ਨੂੰ ਬੰਦ ਕਰਨ ਦੀਆਂ ਜੋ ਗੱਲਾਂ ਕਰ ਰਹੇ ਹਨ, ਉਨ੍ਹਾਂ ਨੇ ਰੇਤ ਮਾਫ਼ੀਆ ਦਾ ਕੰਮ ਕਰਨ ਵਾਲਿਆਂ ਨੂੰ ਹੀ ਮੰਤਰੀ ਦੇ ਅਹੁਦੇ ਨਿਵਾਜੇ ਹਨ। ਉਨ੍ਹਾਂ ਮੁੱਖ ਮੰਤਰੀ ਦਿੱਲੀ ਅਰਵਿੰਦ ਕੇਜਰੀਵਾਲ ’ਤੇ ਟਿੱਪਣੀ ਕਰਦਿਆਂ ਕਿਹਾ ਕਿ ਉਹ ਪੰਜਾਬ ਆ ਕੇ ਜੋ ਗਰੰਟੀਆਂ ਦੇ ਰਿਹਾ ਹੈ, ਉਨ੍ਹਾਂ ਨੂੰ ਪਹਿਲਾਂ ਦਿੱਲੀ ਵਿਚ ਪੂਰਾ ਕਰੇ। ਉਨ੍ਹਾਂ ਕਿਹਾ ਕਿ ‘ਆਪ’ ਦੇ 20 ’ਚੋਂ 10 ਵਿਧਾਇਕ ਭੱਜ ਚੁੱਕੇ ਹਨ। ਉਨ੍ਹਾਂ ਕਿਹਾ ਕਿ ਅਸੀਂ ਘਰ ਦੀ ਹਰ ਔਰਤ ਨੂੰ 2000 ਰੁਪਏ ਮਹੀਨਾ ਖਰਚਾ ਭੱਤਾ ਦੇਵਾਂਗੇ ਤੇ ਪੰਜਾਬ ਦੇ ਲੋਕਾਂ ਲਈ 10 ਲੱਖ ਰੁਪਏ ਦੀ ਸਿਹਤ ਬੀਮਾ ਯੋਜਨਾ ਤਹਿਤ ਮੁਫ਼ਤ ਇਲਾਜ ਕੀਤਾ ਜਾਵੇਗਾ, ਜਿਸ ਦਾ ਪ੍ਰੀਮੀਅਮ ਸਰਕਾਰ ਦੇਵੇਗੀ। ਉਨ੍ਹਾਂ ਕਿਹਾ ਕਿ 25 ਹਜ਼ਾਰ ਦੀ ਆਬਾਦੀ ਪਿੱਛੇ 5000 ਸਕੂਲ ਬਣਾਏ ਜਾਣਗੇ, ਜਿਨ੍ਹਾਂ ਵਿਚ ਸਾਰੇ ਵਿਸ਼ਿਆਂ ਦੇ ਅਧਿਆਪਕ ਹੋਣਗੇ ਤੇ ਇਹ ਸਕੂਲ ਪ੍ਰਾਈਵੇਟ ਸਕੂਲਾਂ ਤੋਂ ਵੀ ਵਧੀਆ ਹੋਣਗੇ। ਇਸ ਮੌਕੇ ਸੋਹਣ ਸਿੰਘ ਠੰਡਲ, ਸਾਬਕਾ ਮੰਤਰੀ, ਵਰਿੰਦਰ ਸਿੰਘ ਬਾਜਵਾ ਸਾਬਕਾ ਮੈਂਬਰ ਰਾਜ ਸਭਾ ਤੇ ਸੀਨੀ. ਮੀਤ ਪ੍ਰਧਾਨ ਅਕਾਲੀ ਦਲ, ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਜ਼ਿਲ੍ਹਾ ਪ੍ਰਧਾਨ ਦਿਹਾਤੀ, ਜਤਿੰਦਰ ਸਿੰਘ ਲਾਲੀ ਬਾਜਵਾ ਜ਼ਿਲਾ ਪ੍ਰਧਾਨ ਸ਼ਹਿਰੀ, ਸਤਨਾਮ ਸਿੰਘ ਬੰਟੀ ਜ਼ਿਲਾ ਪ੍ਰਧਾਨ ਬੀ. ਸੀ. ਵਿੰਗ ਆਦਿ ਸਮੇਤ ਵੱਡੀ ਗਿਣਤੀ ’ਚ ਅਕਾਲੀ ਦਲ ਤੇ ਬਸਪਾ ਦੇ ਅਹੁਦੇਦਾਰ ਮੌਜੂਦ ਸਨ।
ਨੋਟ-ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰ ਕੇ ਦੱਸੋ