ਹਜ਼ੂਰ ਸਾਹਿਬ ਦੇ ਮੁੱਦੇ 'ਤੇ ਸਿਆਸਤ ਕਰ ਰਹੀ ਕਾਂਗਰਸ: ਮਜੀਠੀਆ
Sunday, May 03, 2020 - 06:51 PM (IST)
ਚੰਡੀਗੜ੍ਹ (ਅਸ਼ਵਨੀ): ਸ਼੍ਰੋਮਣੀ ਅਕਾਲੀ ਦਲ ਨੇ ਅੱਜ ਪੰਜਾਬ ਸਰਕਾਰ ਨੂੰ ਕਿਹਾ ਹੈ ਕਿ ਸ੍ਰੀ ਹਜ਼ੂਰ ਸਾਹਿਬ ਤੋਂ ਲਿਆਂਦੀ ਸਾਰੀ ਸੰਗਤ, ਜਿਸ ਨੂੰ ਗੰਦੀਆਂ ਸਰਕਾਰੀ ਇਮਾਰਤਾਂ ਅੰਦਰ ਇਕਾਂਤਵਾਸ ਕੀਤਾ ਗਿਆ ਹੈ, ਨੂੰ ਤੁਰੰਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਸਰਾਂਵਾਂ ਵਿਚ ਤਬਦੀਲ ਕਰ ਦਿੱਤਾ ਜਾਵੇ, ਜਿੱਥੇ ਸਿੱਖ ਜਥੇਬੰਦੀਆਂ ਅਤੇ ਅਕਾਲੀ ਦਲ ਵੱਲੋਂ ਉਹਨਾਂ ਦੀ ਦੇਖਭਾਲ ਕੀਤੀ ਜਾਵੇਗੀ।ਪੰਜਾਬ ਅਤੇ ਬਾਹਰੋਂ ਕਾਂਗਰਸੀ ਮੰਤਰੀਆਂ ਵੱਲੋਂ ਕੀਤੀ ਜਾ ਰਹੀ ਘਟੀਆ ਰਾਜਨੀਤੀ ਦੀ ਨਿਖੇਧੀ ਕਰਦਿਆਂ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸਿੱਖ 10 ਜਨਪਥ ਨੂੰ ਆਪਣੇ ਦਿਗਵਿਜੇ ਸਿੰਘ ਜਾਂ ਸਥਾਨਕ ਕਾਂਗਰਸੀ ਆਗੂਆਂ ਵਰਗੇ ਪਿਆਦਿਆਂ ਦੇ ਜ਼ਰੀਏ ਸ਼ਰਧਾਲੂਆਂ ਨੂੰ ਬਦਨਾਮ ਨਹੀਂ ਕਰਨ ਦੇਣਗੇ। ਸਥਾਨਕ ਕਾਂਗਰਸੀ ਆਗੂ ਆਪਣੀਆਂ ਨਾਕਾਮੀਆਂ ਲੁਕਾਉਣ ਲਈ ਸ਼ਰਧਾਲੂਆਂ ਨੂੰ ਬਲੀ ਦੇ ਬੱਕਰੇ ਬਣਾਉੁਣਾ ਚਾਹੁੰਦੇ ਹਨ। ਅਸੀਂ ਕਿਸੇ ਨੂੰ ਤਖ਼ਤ ਸ੍ਰੀ ਹਜ਼ੂਰ ਸਾਹਿਬ ਜਾਂ ਸੰਗਤ ਦਾ ਅਪਮਾਨ ਨਹੀਂ ਕਰਨ ਦਿਆਂਗੇ।
ਮਜੀਠੀਆ ਨੇ ਕਿਹਾ ਕਿ ਐੱਸ. ਜੀ. ਪੀ. ਸੀ. ਪ੍ਰਧਾਨ ਨੇ ਸਰਾਂਵਾਂ ਬਾਰੇ ਬਿਆਨ ਦੇ ਦਿੱਤਾ ਹੈ ਕਿ ਇਨ੍ਹਾਂ ਨੂੰ ਸ਼ਰਧਾਲੂਆਂ ਨੂੰ ਠਹਿਰਾਉਣ ਲਈ ਇਸਤੇਮਾਲ ਕਰ ਲਿਆ ਜਾਵੇ। ਉਨ੍ਹਾਂ ਕਿਹਾ ਕਿ ਸ਼ਰਧਾਲੂਆਂ ਨੂੰ ਤੁਰੰਤ ਇਨ੍ਹਾਂ ਸਰਾਂਵਾਂ ਵਿਚ ਤਬਦੀਲ ਕਰਨਾ ਚਾਹੀਦਾ ਹੈ ਕਿਉਂਕਿ ਜਿਨ੍ਹਾਂ ਸਰਕਾਰੀ ਇਮਾਰਤਾਂ ਅੰਦਰ ਸ਼ਰਧਾਲੂਆਂ ਨੂੰ ਰੱਖਿਆ ਗਿਆ ਹੈ, ਉਹ ਬਹੁਤ ਹੀ ਗੰਦੀਆਂ ਹਨ ਅਤੇ ਉੱਥੇ ਮੁੱਢਲੀਆਂ ਸਹੂਲਤਾਂ ਵੀ ਨਹੀਂ ਹਨ। ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀ ਇਹ ਕਹਿਣ ਲਈ ਸਖ਼ਤ ਨਿਖੇਧੀ ਕੀਤੀ ਕਿ ਸ਼ਰਧਾਲੂਆਂ ਨੂੰ ਡੇਰਾ ਬਾਬਾ ਨਾਨਕ ਗੁਰਦੁਆਰਾ ਵਿਖੇ ਜਗ੍ਹਾ ਨਹੀਂ ਦਿੱਤੀ ਗਈ, ਮਜੀਠੀਆ ਨੇ ਕਿਹਾ ਕਿ ਰੰਧਾਵਾ ਇੱਕ ਅਜਿਹਾ ਝੂਠਾ ਵਿਅਕਤੀ ਹੈ, ਜਿਸ ਦੇ ਪਿਤਾ ਨੇ ਇੰਦਰਾ ਗਾਂਧੀ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਢਾਹੁਣਾ ਸਹੀ ਠਹਿਰਾਇਆ ਸੀ।
ਬਲਬੀਰ ਸਿੰਘ ਸਿੱਧੂ ਦੀ ਛੁੱਟੀ ਕਰਕੇ ਸਿਹਤ ਮੰਤਰਾਲੇ ਦਾ ਕਾਰਜਭਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸੰਭਾਲਣ ਲਈ ਆਖਦਿਆਂ ਮਜੀਠੀਆ ਨੇ ਕਿਹਾ ਕਿ ਸਿੱਧੂ ਨੇ ਇਹ ਬਿਆਨ ਦੇ ਕੇ ਕਿ ਸ਼ਰਧਾਲੂਆਂ ਨੇ ਪੰਜਾਬ ਸਰਕਾਰ ਵੱਲੋਂ ਕੋਵਿਡ-19 ਦੀ ਰੋਕਥਾਮ ਲਈ ਕੀਤੇ ਸਾਰੇ ਚੰਗੇ ਕੰਮ ਉਤੇ ਪਾਣੀ ਫੇਰ ਦਿੱਤਾ ਹੈ, ਸ਼ਰਧਾਲੂਆਂ ਦਾ ਅਪਮਾਨ ਕਰਨਾ ਸ਼ੁਰੂ ਕਰ ਦਿੱਤਾ ਸੀ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਵੱਲੋਂ ਕੀਤੇ ਚੰਗੇ ਕੰਮ ਦੀ ਪੋਲ ਸਿਹਤ ਕਾਮਿਆਂ ਦੁਆਰਾ ਪਹਿਲਾਂ ਹੀ ਖੋਲ੍ਹੀ ਜਾ ਚੁੱਕੀ ਹੈ, ਜਿਨ੍ਹਾਂ ਨੂੰ ਅਜੇ ਤਕ ਪੀ.ਪੀ.ਈ. ਕਿੱਟਾਂ, ਐਂਬੂਲੈਂਸਾਂ ਅਤੇ ਵੈਂਟੀਲੇਟਰ ਵਰਗੀਆਂ ਮੁੱਢਲੀਆਂ ਸਹੂਲਤਾਂ ਵੀ ਨਹੀਂ ਮਿਲੀਆਂ ਹਨ। ਉਨ੍ਹਾਂ ਕਿਹਾ ਕਿ ਬਲਬੀਰ ਸਿੱਧੂ ਇੱਕ ਬੇਹੱਦ ਨਿਕੰਮਾ ਮੰਤਰੀ ਸਾਬਿਤ ਹੋ ਚੁੱਕਿਆ ਹੈ, ਇਸ ਲਈ ਉਸ ਨੂੰ ਤੁਰੰਤ ਆਪਣਾ ਅਹੁਦਾ ਛੱਡ ਦੇਣਾ ਚਾਹੀਦਾ ਹੈ।
ਮਜੀਠੀਆ ਨੇ ਕਿਹਾ ਕਿ ਇਹ ਇੱਕ ਤੱਥ ਹੈ ਕਿ ਪੰਜਾਬ ਸਰਕਾਰ ਨੇ ਸ੍ਰੀ ਹਜ਼ੂਰ ਸਾਹਿਬ ਤੋਂ ਸ਼ਰਧਾਲੂਆਂ ਨੂੰ ਲਿਆਉਂਦੇ ਸਮੇਂ ਸਿਹਤ ਸਬੰਧੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਨਹੀਂ ਕੀਤੀ। ਨਿਰਧਾਰਿਤ ਨਿਯਮਾਂ ਦੇ ਉਲਟ ਏਅਰ ਕੰਡੀਸ਼ਨਡ ਬੱਸਾਂ ਦੀ ਵਰਤੋਂ ਕੀਤੀ ਗਈ। ਸਮਾਜਿਕ ਦੂਰੀ ਦੇ ਨਿਯਮ ਦੀ ਪਾਲਣਾ ਨਹੀਂ ਕੀਤੀ ਗਈ। ਇਹ ਬੱਸਾਂ ਰੈੱਡ ਜ਼ੋਨਾਂ ਵਿਚੋਂ ਦੀ ਹੋ ਕੇ ਆਈਆਂ। ਸਰਕਾਰੀ ਪ੍ਰਬੰਧਾਂ ਵਿਚ ਹੋਈਆਂ ਅਜਿਹੀਆਂ ਕੋਤਾਹੀਆਂ ਕਰਕੇ ਪਿਛਲੇ ਇੱਕ ਮਹੀਂਨੇ ਤੋਂ ਨਾਂਦੇੜ ਵਿਖੇ ਸਿਹਤਮੰਦ ਰਹੇ ਸ਼ਰਧਾਲੂ ਪੰਜਾਬ ਪਹੁੰਚਦੇ ਹੀ ਕੋਵਿਡ-19 ਨਾਲ ਗ੍ਰਸਤ ਹੋ ਗਏ। ਇਸ ਦੀ ਪੁਸ਼ਟੀ ਮਹਾਰਾਸ਼ਟਰ ਦੇ ਕਾਂਗਰਸੀ ਮੰਤਰੀ ਅਸ਼ੋਕ ਚਵਾਨ ਦੁਆਰਾ ਵੀ ਕੀਤੀ ਜਾ ਚੁੱਕੀ ਹੈ, ਜਿਸ ਨੇ ਸ਼ਰਧਾਲੂਆਂ ਦੀ ਦੁਰਦਸ਼ਾ ਲਈ ਪੰਜਾਬ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ।
ਮਜੀਠੀਆ ਨੇ ਕਿਹਾ ਕਿ ਸਾਨੂੰ ਇਸ ਗੱਲ ਦਾ ਮਾਣ ਹੈ ਕਿ ਇਹਨਾਂ ਸ਼ਰਧਾਲੂਆਂ ਨੂੰ ਵਾਪਸ ਪੰਜਾਬ ਲਿਆਉਣ ਲਈ ਅਸੀਂ ਗ੍ਰਹਿ ਮੰਤਰੀ ਅਮਿਤ ਸ਼ਾਹ ਤਕ ਪਹੁੰਚ ਕੀਤੀ ਸੀ। ਇਹ ਸਾਡੀ ਜ਼ਿੰਮੇਵਾਰੀ ਸੀ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਕੋਲੋਂ ਸ਼ਰਧਾਲੂਆਂ ਦੀ ਵਾਪਸੀ ਦੇ ਪ੍ਰਬੰਧਾਂ ਵਿਚ ਕੋਤਾਹੀ ਹੋ ਗਈ ਹੈ ਤਾਂ ਇਸ ਨੂੰ ਦੂਜਿਆਂ ਸਿਰ ਨਹੀਂ ਮੜ੍ਹਣਾ ਚਾਹੀਦਾ। ਮਜੀਠੀਆ ਨੇ ਸਾਬਕਾ ਕਾਂਗਰਸੀ ਮੰਤਰੀ ਰਾਣਾ ਗੁਰਜੀਤ ਸਿੰਘ ਦੀ ਸ਼ਰਧਾਲੂਆਂ ਦੀ ਦੇਖਭਾਲ ਕਰਨ ਦੀ ਪੇਸ਼ਕਸ਼ ਦੇਣ ਅਤੇ ਇਹ ਸਵੀਕਾਰ ਲਈ ਸ਼ਲਾਘਾ ਕੀਤੀ ਕਿ ਸਿਹਤ ਵਿਭਾਗ ਸ਼ਰਧਾਲੂਆਂ ਪ੍ਰਤੀ ਆਪਣੇ ਫਰਜ਼ਾਂ ਨੂੰ ਨਿਭਾਉਣ ਵਿਚ ਬੁਰੀ ਤਰ੍ਹਾਂ ਨਾਕਾਮ ਰਿਹਾ ਹੈ।