ਸੇਵਾ ਕੇਂਦਰਾਂ ਦਾ ਸਾਮਾਨ ਚੁੱਕਣ ’ਤੇ ਪੇਂਡੂ ਅਤੇ ਜ਼ਿਲਾ ਪ੍ਰਸ਼ਾਸਨ ਵਿਚਕਾਰ ਹੋ ਸਕਦੈ ਖਡ਼ਕਾ-ਦਡ਼ਕਾ
Friday, Jul 27, 2018 - 03:17 AM (IST)
ਮਾਨਸਾ(ਜੱਸਲ)-ਅਕਾਲੀਆਂ ਦੇ ਰਾਜ ’ਚ ਮਾਨਸਾ ਜ਼ਿਲੇ ਦੇ ਵੱਖ-ਵੱਖ ਪਿੰਡਾਂ ’ਚ ਪੇਂਡੂ ਲੋਕਾਂ ਨੂੰ 100 ਤੋਂ ਵੱਧ ਸਹੂਲਤਾਂ ਦੇਣ ਲਈ ਬਣਾਏ 72 ਸੇਵਾ ਕੇਂਦਰਾਂ ’ਚੋਂ 13 ਸੇਵਾ ਕੇਂਦਰਾਂ ਦਾ ਜ਼ਿਲਾ ਪ੍ਰਸ਼ਾਸਨ ਵੱਲੋਂ ਸਾਮਾਨ ਚੁੱਕ ਕੇ ਮੁਕੰਮਲ ਠੱਪ ਕਰਨ ’ਤੇ ਕਾਂਗਰਸ ਸਰਕਾਰ ਪ੍ਰਤੀ ਲੋਕਾਂ ਦੇ ਮਨਾਂ ’ਚ ਗੁੱਸੇ ਦੀ ਲਹਿਰ ਹੈ। ਹੋਰ ਤਾਂ ਹੋਰ ਪਿੰਡਾਂ ਵਿਚ ਇਨ੍ਹਾਂ ਸੇਵਾ ਕੇਂਦਰਾਂ ਦੇ ਠੱਪ ਹੋਣ ’ਤੇ ਕਾਂਗਰਸੀ ਵੀ ਅੰਦਰੋ-ਅੰਦਰੀ ਕਾਫੀ ਨਾਰਾਜ਼ ਦਿਖਾਈ ਦੇ ਰਹੇ ਹਨ ਕਿਉਂਕਿ ਇਸ ਵੇਲੇ ਪਿੰਡਾਂ ’ਚ ਹੋਣ ਵਾਲੀਆਂ ਪੰਚਾਇਤੀ ਚੋਣਾਂ ਹੁਣ ਸਿਰ ’ਤੇ ਆ ਖਡ਼੍ਹੀਆਂ ਹਨ। ਇਹ ਮਾਮਲਾ ਸੱਤਾਧਾਰੀ ਕਾਂਗਰਸ ’ਤੇ ਭਾਰੂ ਪੈ ਸਕਦਾ ਹੈ। ਭਾਵੇਂ ਜ਼ਿਲਾ ਪ੍ਰਸ਼ਾਸਨ ਵੱਲੋਂ ਬੰਦ ਕੀਤੇ ਸੇਵਾ ਕੇਂਦਰਾਂ ਨੂੰ ਦੂਜੇ ਸੇਵਾ ਕੇਂਦਰਾਂ ’ਚ ਮਰਜ ਕੀਤਾ ਜਾ ਰਿਹਾ ਹੈ ਪਰ ਪਿੰਡਾਂ ਦੇ ਲੋਕਾਂ ਨੇ ਦੋਸ਼ ਲਾਇਆ ਕਿ ਸੂਬਾ ਸਰਕਾਰ ਵੱਲੋਂ ਚੋਣਾਂ ਵੇਲੇ ਕੀਤੇ ਵਾਅਦਿਆਂ ਅਨੁਸਾਰ ਹੋਰ ਸਹੂਲਤਾਂ ਤਾਂ ਕੀ ਦੇਣੀਆਂ ਹਨ ਸਗੋਂ ਅਕਾਲੀ ਸਰਕਾਰ ਵੇਲੇ ਮਿਲਦੀਅਾਂ ਸਹੂਲਤਾਂ ਵੀ ਖੋਹੀਅਾਂ ਜਾ ਰਹੀਅਾਂ ਹਨ। ਉਨ੍ਹਾਂ ਨੂੰ ਪੂਰੀ ਆਸ ਸੀ ਕਿ ਠੱਪ ਕੀਤੇ ਸੇਵਾ ਕੇਂਦਰਾਂ ਨੂੰ ਮੁਡ਼ ਸੁਰਜੀਤ ਕੀਤਾ ਜਾਵੇਗਾ। ਉਨ੍ਹਾਂ ਨੂੰ ਆਪਣੇ ਸਰਕਾਰੀ ਕੰਮ ਕਰਵਾਉਣ ਲਈ ਦੂਰ-ਦੂਰਾਡੇ ਨਹੀਂ ਭਟਕਣਾ ਪਵੇਗਾ। ਜੇਕਰ ਸੇਵਾ ਕੇਂਦਰਾਂ ਨੂੰ ਮੁਕੰਮਲ ਤੌਰ ’ਤੇ ਠੱਪ ਕਰ ਦਿੱਤਾ ਤਾਂ ਕਾਂਗਰਸ ਸਰਕਾਰ ਦੇ ਘਰ-ਘਰ ਨੌਕਰੀਆਂ ਦੇਣ ਦੇ ਚੋਣ ਮੈਨੀਫੈਸਟੋ ਦੇ ਵਾਅਦੇ ’ਤੇ ਸਵਾਲੀਆਂ ਚਿੰਨ੍ਹ ਲੱਗ ਕੇ ਰਹਿ ਜਾਵੇਗਾ ਕਿਉਂਕਿ ਇਨ੍ਹਾਂ ਸੇਵਾ ਕੇਂਦਰਾਂ ’ਚ ਕੰਮ ਕਰਦੇ ਬਹੁਤੇ ਕਰਮਚਾਰੀਆਂ ਦਾ ਰੋਜ਼ਗਾਰ ਖੁੱਸ ਜਾਵੇਗਾ। ਜੇਕਰ ਜ਼ਿਲਾ ਪ੍ਰਸ਼ਾਸਨ ਵੱਲੋਂ ਬੰਦ ਕੀਤੇ ਸੇਵਾ ਕੇਂਦਰਾਂ ਦਾ ਸਾਮਾਨ ਚੁੱਕਣ ਦਾ ਸਿਲਸਿਲਾ ਜਾਰੀ ਰਿਹਾ ਤਾਂ ਪਿੰਡਾਂ ਦੇ ਲੋਕਾਂ ਅਤੇ ਜ਼ਿਲਾ ਪ੍ਰਸ਼ਾਸਨ ਵਿਚਕਾਰ ਖਡ਼ਕਾ-ਦਡ਼ਕਾ ਹੋ ਸਕਦਾ ਹੈ।
ਜ਼ਿਲੇ ’ਚ ਠੱਪ ਹੋਏ 13 ਸੁਵਿਧਾ ਕੇਂਦਰ
ਮਾਨਸਾ ਜ਼ਿਲੇ ’ਚ ਖੋਲ੍ਹੇ 72 ਸੁਵਿਧਾ ਕੇਂਦਰਾਂ ’ਚੋਂ 13 ਸੁਵਿਧਾ ਕੇਂਦਰਾਂ ਨੂੰ ਜ਼ਿਲਾ ਪ੍ਰਸ਼ਾਸਨ ਵੱਲੋਂ 26 ਮਈ 2018 ਨੂੰ ਬੰਦ ਕਰ ਦਿੱਤੇ ਸਨ। ਹੁਣ ਮੁਕੰਮਲ ਤੌਰ ’ਤੇ ਠੱਪ ਕਰਨ ਦੀ ਤਿਆਰੀ ਹੋ ਚੁੱਕੀ ਹੈ ਕਿਉਂਕਿ ਇਹ ਕੇਂਦਰ ਹੋਰ ਸੇਵਾ ਕੇਂਦਰਾਂ ’ਚ ਜਲਦ ਮਰਜ ਕੀਤੇ ਜਾ ਰਹੇ ਹਨ। ਇਨ੍ਹਾਂ ਸੇਵਾ ਕੇਂਦਰਾਂ ’ਚ ਮਾਨਸਾ ਜ਼ਿਲੇ ’ਚ ਪਿੰਡ ਟਿੱਬੀ ਹਰੀ ਸਿੰਘ, ਝੰਡਾ ਕਲਾਂ, ਖੈਰਾ ਕਲਾਂ, ਆਲੀਕੇ, ਦਾਨੇਵਾਲਾ, ਫਤਹਿਪੁਰ, ਉਡਤ ਸੈਦੇਵਾਲਾ, ਗਾਮੀਵਾਲਾ, ਗੰਢੂ ਕਲਾਂ, ਗੋਬਿੰਦਪੁਰਾ, ਨਰਿੰਦਰਪੁਰਾ, ਅਤਲਾਂ ਕਲਾਂ , ਪਿੰਡ ਮੱਲ ਸਿੰਘ ਵਾਲਾ ਆਦਿ ਹੋਰ ਪਿੰਡਾਂ ’ਚ ਸੇਵਾ ਕੇਂਦਰ ਸ਼ਾਮਲ ਹਨ।
ਪਿੰਡ ਵਾਸੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਪਿੰਡਾਂ ਦੇ ਲੋਕਾਂ ਨੂੰ ਘਰ ਬੈਠੇ ਸਰਕਾਰੀ ਸਹੂਲਤਾਂ ਦੇਣ ਲਈ ਖੋਲ੍ਹੇ ਸੇਵਾ ਕੇਂਦਰਾਂ ਨੂੰ ਕਿਸੇ ਕੀਮਤ ’ਤੇ ਬੰਦ ਨਹੀਂ ਹੋਣ ਦੇਣਗੇ, ਚਾਹੇ ਉਨ੍ਹਾਂ ਨੂੰ ਜ਼ਿਲਾ ਪ੍ਰਸ਼ਾਸਨ ਖਿਲਾਫ ਸਡ਼ਕਾਂ ’ਤੇ ਉੱਤਰਨ ਲਈ ਮਜਬੂਰ ਕਿਉਂ ਨਾ ਹੋਣਾ ਪਵੇ।
ਸੇਵਾ ਕੇਂਦਰਾਂ ’ਚੋਂ ਸਾਮਾਨ ਚੁੱਕਣ ਲਈ ਵਿਭਾਗ ਨੇ ਕੀਤੀ ਤਿਆਰੀ
ਜ਼ਿਲਾ ਪ੍ਰਸ਼ਾਸਨ ਵੱਲੋਂ ਸੇਵਾ ਕੇਂਦਰਾਂ ’ਚੋਂ ਲੋਡ਼ੀਂਦਾ ਸਾਮਾਨ ਚੁੱਕਣ ਦੀ ਸ਼ੁਰੂਆਤ ’ਚ ਵਿਭਾਗ ਦੇ ਜ਼ਿਲਾ ਮੈਨੇਜਰ ਇੰਦਰਜੀਤ ਸਿੰਘ ਅਤੇ ਕੋਆਰਡੀਨੇਟਰ ਬਹਾਦਰ ਸਿੰਘ ਆਪਣੀ ਟੀਮ ਸਮੇਤ ਪਿੰਡ ਮੱਲ ਸਿੰਘ ਵਾਲਾ ਵਿਖੇ ਪਹੁੰਚੇ ਤਾਂ ਪਿੰਡ ਵਾਸੀਆਂ ਦਾ ਗੁੱਸਾ ਦੇਖ ਕੇ ਉਨ੍ਹਾਂ ਨੂੰ ਖਾਲੀ ਹੱਥ ਮੁਡ਼ਨਾ ਪਿਆ। ਇਸ ਮੌਕੇ ਉਨ੍ਹਾਂ ਨੇ ਪਿੰਡ ਵਾਸੀਆਂ ਨੂੰ ਸਮਝਾਇਆ ਕਿ ਉਹ ਸਿਰਫ ਕੰਪਿਊਟਰ ਅਤੇ ਹੋਰ ਲੋਡ਼ੀਂਦਾ ਸਾਮਾਨ ਚੁੱਕ ਕੇ ਐੱਸ. ਡੀ. ਐੱਮ. ਦਫਤਰ ਜਮ੍ਹਾ ਕਰਵਾਉਣ ਲਈ ਆਏ ਹਨ ਤਾਂ ਕਿ ਇੱਥੇ ਮੌਜੂਦ ਰਿਕਾਰਡ ਨੂੰ ਕੋਈ ਨੁਕਸਾਨ ਨਾ ਪੁੱਜੇ ਪਰ ਪਿੰਡ ਵਾਸੀ ਆਪਣੀ ਗੱਲ ’ਤੇ ਅਡ਼ ਕੇ ਖਡ਼੍ਹੇ ਰਹੇ ਅਤੇ ਉਨ੍ਹਾਂ ਨੇ ਜ਼ਿਲਾ ਪ੍ਰਸ਼ਾਸਨ ਖਿਲਾਫ ਖੂਬ ਨਾਅਰੇਬਾਜ਼ੀ ਕੀਤੀ ਤਾਂ ਉਕਤ ਅਧਿਕਾਰੀਆਂ ਨੇ ਲੋਕਾਂ ਦਾ ਰੋਹ ਦੇਖ ਕੇ ਉਹ ਬਿਨਾਂ ਕੋਈ ਸਾਮਾਨ ਚੁੱਕੇ ਖਾਲੀ ਹੱਥ ਵਾਪਸ ਚਲੇ ਗਏ।
ਕਾਂਗਰਸ ਨੇ ਲੋਕਾਂ ਨਾਲ ਕੀਤਾ ਧੋਖਾ : ਪਿੰਡ ਵਾਸੀ
ਪਿੰਡ ਮੱਲ ਸਿੰਘ ਵਾਲਾ ਦੇ ਭਾਜਪਾ ਆਗੂ ਬਲਵਿੰਦਰ ਸਿੰਘ ਗਿੱਲ, ਅਕਾਲੀ ਆਗੂ ਪ੍ਰਕਾਸ਼ ਸਿੰਘ ਮੱਲ ਸਿੰਘ ਵਾਲਾ, ਯੂਥ ਆਗੂ ਰਾਜਵੀਰ ਸਿੰਘ ਗਿੱਲ, ਸਰਪੰਚ ਸਵਰਨਦੀਪ ਸਿੰਘ, ਕਿਸਾਨ ਆਗੂ ਦਰਸ਼ਨ ਸਿੰਘ, ਭੋਲਾ ਸਿੰਘ ਸਾਬਕਾ ਸਰਪੰਚ, ਪ੍ਰੀਤਮ ਸਿੰਘ ਤੇ ਰਮਨਦੀਪ ਸਿੰਘ ਨੇ ਦੋਸ਼ ਲਾਇਆ ਕਿ ਅਕਾਲੀ-ਭਾਜਪਾ ਸਰਕਾਰ ਵੱਲੋਂ ਲੋਕ ਦੀ ਸਹੂਲਤ ਲਈ ਖੋਲ੍ਹੇ ਗਏ ਇਹ ਸੇਵਾ ਕੇਂਦਰ ਆਮ ਲੋਕਾਂ ਦੇ ਨਾਲ-ਨਾਲ ਅਨਪਡ਼੍ਹ ਅਤੇ ਬਜ਼ੁਰਗਾਂ ਲਈ ਬਹੁਤ ਹੀ ਲਾਹੇਬੰਦ ਸਾਬਿਤ ਹੋ ਰਹੇ ਸਨ ਪਰ ਲੋਕਾਂ ਨਾਲ ਚੋਣਾਂ ਸਮੇਂ ਵੱਡੇ ਵੱਡੇ ਝੂਠੇ ਵਾਅਦੇ ਕਰ ਕੇ ਕੈਪਟਨ ਦੀ ਕਾਂਗਰਸ ਸਰਕਾਰ ਹੋਰ ਸਹੂਲਤਾਂ ਦੇਣ ਦੀ ਥਾਂ ਪਹਿਲਾਂ ਤੋਂ ਦਿੱਤੀਅਾਂ ਸਹੂਲਤਾਂ ਲੋਕਾਂ ਤੋਂ ਖੋਹ ਕੇ ਪਿੰਡਾਂ ਦੇ ਲੋਕਾਂ ਨਾਲ ਬਹੁਤ ਵੱਡਾ ਧੋਖਾ ਕਰ ਰਹੀ ਹੈ। ਲੋਕਾਂ ਦਾ ਕਹਿਣਾ ਹੈ ਕਿ ਉਹ ਪਿੰਡ ਦੇ ਸੇਵਾ ਕੇਂਦਰਾਂ ਨੂੰ ਕਿਸੇ ਵੀ ਕੀਮਤ ’ਤੇ ਬੰਦ ਨਹੀਂ ਹੋਣ ਦੇਣਗੇ ਅਤੇ ਸੇਵਾਵਾਂ ਬਹਾਲ ਕਰਵਾਉਣ ਲਈ ਸੰਘਰਸ਼ ਜਾਰੀ ਰੱਖਣਗੇ।
