ਸਵੈ-ਇੱਛਤ ਸਕੀਮ ਦੇ ਨਾਂ ''ਤੇ ਕਾਂਗਰਸ ਸਰਕਾਰ ਨੇ ਮੁਕੰਮਲ ਬਿੱਲ ਲਾਉਣ ਦੀ ਤਿਆਰੀ ਕੀਤੀ : ਮਜੀਠੀਆ
Thursday, Mar 01, 2018 - 10:02 AM (IST)

ਪਟਿਆਲਾ (ਜ. ਬ., ਬਲਜਿੰਦਰ, ਜੋਸਨ, ਰਾਣਾ)- ਪੰਜਾਬ ਦੀ ਕਾਂਗਰਸ ਸਰਕਾਰ ਨੇ ਸਵੈ-ਇੱਛਤ ਸਕੀਮ ਦੇ ਨਾਂ 'ਤੇ ਬਿਜਲੀ ਦਰਾਂ ਤੈਅ ਕਰ ਕੇ ਆਮ ਸਾਧਾਰਨ ਕਿਸਾਨਾਂ ਲਈ ਮੋਟਰਾਂ ਦੇ ਬਿੱਲ ਲਾਉਣ ਦੀ ਤਿਆਰੀ ਮੁਕੰਮਲ ਕਰ ਲਈ ਹੈ। ਇਹ ਪ੍ਰਗਟਾਵਾ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕੀਤਾ ਹੈ।
ਅੱਜ ਇਥੇ ਸਰਕਟ ਹਾਊਸ ਵਿਖੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਮਜੀਠੀਆ ਨੇ ਕਿਹਾ ਕਿ ਸਵੈ-ਇੱਛਤ ਸਕੀਮ ਦੇ ਨਾਂ 'ਤੇ 403 ਰੁਪਏ ਤੇ 202 ਰੁਪਏ ਪ੍ਰਤੀ ਹਾਰਸ ਪਾਵਰ ਦਾ ਰੇਟ ਤੈਅ ਕਰ ਕੇ ਕਾਂਗਰਸ ਸਰਕਾਰ ਨੇ ਅਗਲੇ ਪੜਾਅ ਵਿਚ ਸਾਰੀਆਂ ਮੋਟਰਾਂ ਦੇ ਬਿਜਲੀ ਬਿੱਲ ਲਾਗੂ ਕਰਨ ਦੀ ਤਿਆਰੀ ਕਰ ਲਈ ਹੈ। ਉਨ੍ਹਾਂ ਕਿਹਾ ਕਿ ਪਹਿਲੇ ਪੜਾਅ ਵਿਚ ਪਾਵਰਕਾਮ ਟਿਊਬਵੈੱਲਾਂ 'ਤੇ ਮੀਟਰ ਲਾ ਰਿਹਾ ਸੀ ਤੇ ਹੁਣ ਦਰਾਂ ਦਾ ਕਿੱਸਾ ਸਾਹਮਣੇ ਆ ਗਿਆ ਹੈ। ਉਨ੍ਹਾਂ ਕਿਹਾ ਕਿ ਜਦੋਂ ਕੋਈ ਅਦਾਰਾ ਕਿਸੇ ਦਿਸ਼ਾ ਵਿਚ ਕੰਮ ਕਰਦਾ ਹੈ ਤਾਂ ਉਹ ਟੀਚੇ ਰੱਖ ਕੇ ਕਰਦਾ ਹੈ ਤੇ ਪਾਵਰਕਾਮ ਦਾ ਟੀਚਾ ਮੀਟਰ ਲਾ ਕੇ ਰੀਡਿੰਗਾਂ ਲੈ ਕੇ ਕਿਸਾਨਾਂ ਨੂੰ ਬਿਜਲੀ ਦੇ ਬਿੱਲ ਭੇਜਣਾ ਹੈ।
ਮਜੀਠੀਆ ਨੇ ਕਿਹਾ ਕਿ ਕਾਂਗਰਸ ਸਰਕਾਰ ਵੱਲੋਂ ਲਗਾਤਾਰ ਕਿਸਾਨ ਵਿਰੋਧੀ ਫੈਸਲੇ ਲਏ ਜਾ ਰਹੇ ਹਨ। ਪਾਵਰਕਾਮ ਨੇ ਹਾਲ ਹੀ ਵਿਚ ਜਿਥੇ ਖੁੰਬਾਂ ਦੀ ਖੇਤੀ ਕਰਨ ਵਾਲੇ ਕਿਸਾਨਾਂ ਲਈ ਬਿਜਲੀ ਬਿੱਲ ਖੇਤੀਬਾੜੀ ਦੀ ਥਾਂ ਵਪਾਰਕ ਖੇਤਰ ਦੇ ਤੈਅ ਕਰ ਦਿੱਤੇ ਹਨ, ਉਥੇ ਹੀ ਤਤਕਾਲ ਕੋਟੇ ਦੇ ਖੇਤੀਬਾੜੀ ਕੁਨੈਕਸ਼ਨ ਬੰਦ ਕਰ ਦਿੱਤੇ ਹਨ ਜਦਕਿ ਪਿਛਲੀ ਬਾਦਲ ਸਰਕਾਰ ਵੇਲੇ ਕਿਸਾਨਾਂ ਵਾਸਤੇ ਡੇਢ ਲੱਖ ਕੁਨੈਕਸ਼ਨ ਉਚੇਚੇ ਤੌਰ 'ਤੇ ਜਾਰੀ ਕੀਤੇ ਗਏ ਸਨ। ਉਨ੍ਹਾਂ ਕਿਹਾ ਕਿ ਇੰਨਾ ਹੀ ਨਹੀਂ ਸਗੋਂ ਐੱਸ. ਸੀ. ਤੇ ਬੀ. ਸੀ. ਵਰਗ ਲਈ 200 ਯੂਨਿਟ ਮੁਫਤ ਬਿਜਲੀ ਦੀ ਯੋਜਨਾ ਵੀ ਸਰਕਾਰ ਨੇ ਇਹ ਕਹਿੰਦਿਆਂ ਬੰਦ ਕਰ ਦਿੱਤੀ ਹੈ ਕਿ 3 ਹਜ਼ਾਰ ਯੂਨਿਟ ਸਾਲਾਨਾ ਖਪਤ ਕਰਨ ਵਾਲੇ ਖਪਤਕਾਰਾਂ ਨੂੰ ਸਾਰਾ ਬਿੱਲ ਤਾਰਨਾ ਪਵੇਗਾ ਤੇ ਅਜਿਹੇ ਇਕ ਲੱਖ ਖਪਤਕਾਰਾਂ ਦੇ ਸਿਰ ਬਿਜਲੀ ਦੇ ਬਿੱਲ ਪਾ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਸਿਰਫ ਇਹ ਵਰਗ ਹੀ ਨਹੀਂ ਸਗੋਂ ਉਦਯੋਗ ਜਗਤ ਵੀ ਸਰਕਾਰ ਤੋਂ ਪੀੜਤ ਹੈ, ਜਿਸਨੂੰ 5 ਰੁਪਏ ਦੀ ਥਾਂ 7 ਰੁਪਏ ਪ੍ਰਤੀ ਯੂਨਿਟ ਬਿਜਲੀ ਦਿੱਤੀ ਜਾ ਰਹੀ ਹੈ ਤੇ ਵਿਰੋਧ ਕਰਨ ਵਾਲੇ ਉਦਯੋਗਪਤੀਆਂ 'ਤੇ ਪਰਚੇ ਦਰਜ ਕੀਤੇ ਜਾ ਰਹੇ ਹਨ।
ਸਾਬਕਾ ਮੰਤਰੀ ਨੇ ਕਿਹਾ ਕਿ ਕਰਜ਼ਾ ਕੁਰਕੀ ਖਤਮ ਦੇ ਕਾਂਗਰਸੀ ਨਾਅਰਿਆਂ ਦੀ ਸਚਾਈ ਤੋਂ ਕਿਸਾਨ ਜਾਣੂ ਹੋ ਚੁੱਕੇ ਹਨ ਤੇ ਉਨ੍ਹਾਂ ਦੀਆਂ ਆਸਾਂ ਸਰਕਾਰ ਤੋਂ ਖਤਮ ਹੋ ਗਈਆਂ ਹਨ। ਉਨ੍ਹਾਂ ਕਿਹਾ ਕਿ ਇਹ ਸਰਕਾਰ ਬੇਭਰੋਸਗੀ ਵਾਲੀ ਸਰਕਾਰ ਸਾਬਤ ਹੋ ਰਹੀ ਹੈ ਤੇ ਦੋ ਨਾਅਰਿਆਂ ਦੇ ਸਿਰ 'ਤੇ ਸਰਕਾਰ ਬਣਾਉਣ ਵਾਲੀ ਕਾਂਗਰਸ ਸਭ ਤੋਂ ਵੱਡੀ ਧੋਖੇਬਾਜ਼ ਸਾਬਤ ਹੋਈ ਹੈ। ਨਗਰ ਨਿਗਮ ਲੁਧਿਆਣਾ ਵਿਚ ਕਾਂਗਰਸ ਦੀ ਜਿੱਤ ਬਾਰੇ ਮਜੀਠੀਆ ਨੇ ਕਿਹਾ ਕਿ ਪੁਲਸ ਦੇ ਸਿਰ 'ਤੇ ਰੱਜ ਕੇ ਗੁੰਡਾਗਰਦੀ ਤੇ ਧੱਕੇਸ਼ਾਹੀ ਕਰਨ ਦੇ ਬਾਵਜੂਦ ਕਾਂਗਰਸ ਨੂੰ 95 ਵਿਚੋਂ 62 ਸੀਟਾਂ ਮਿਲੀਆਂ ਹਨ, ਜੇਕਰ ਸਹੀ ਤਰੀਕੇ ਨਾਲ ਚੋਣਾਂ ਹੋ ਜਾਂਦੀਆਂ ਤਾਂ ਫਿਰ ਕਾਂਗਰਸ ਦਾ ਮੁਕੰਮਲ ਸਫਾਇਆ ਹੋ ਜਾਣਾ ਸੀ। ਨਵਜੋਤ ਸਿੱਧੂ ਦੇ ਦਾਅਵਿਆਂ ਦਾ ਮਖੌਲ ਉਡਾਉਂਦਿਆਂ ਉਨ੍ਹਾਂ ਕਿਹਾ ਕਿ ਦਾਅਵੇ ਕਰਨ ਤੋਂ ਪਹਿਲਾਂ ਕਾਂਗਰਸੀਆਂ ਨੂੰ ਸੋਸ਼ਲ ਮੀਡੀਆ 'ਤੇ ਧੱਕੇਸ਼ਾਹੀ, ਜਾਅਲੀ ਵੋਟਾਂ ਪਾਉਣ ਤੇ ਗੁੰਡਾਗਰਦੀ ਦੀਆਂ ਵਾਇਰਲ ਵੀਡੀਓ ਵੇਖ ਲੈਣੀਆਂ ਚਾਹੀਦੀਆਂ ਹਨ। ਇਕ ਸਵਾਲ ਦੇ ਜਵਾਬ ਵਿਚ ਮਜੀਠੀਆ ਨੇ ਕਿਹਾ ਕਿ ਜਿਵੇਂ ਵਿਧਾਨ ਸਭਾ ਤੇ ਸੰਸਦੀ ਚੋਣਾਂ ਕੇਂਦਰੀ ਚੋਣ ਕਮਿਸ਼ਨ ਵੱਲੋਂ ਕਰਵਾਈਆਂ ਜਾਂਦੀਆਂ ਹਨ, ਸਥਾਨਕ ਚੋਣਾਂ ਕਰਵਾਉਣ ਦੀ ਜ਼ਿੰਮੇਵਾਰੀ ਵੀ ਕੇਂਦਰੀ ਚੋਣ ਕਮਿਸ਼ਨ ਦੇ ਹਵਾਲੇ ਹੋਣੀ ਚਾਹੀਦੀ ਹੈ। ਜੀ. ਐੱਸ. ਟੀ. ਬਾਰੇ ਸਵਾਲ ਦੇ ਜਵਾਬ ਵਿਚ ਮਜੀਠੀਆ ਨੇ ਕਿਹਾ ਕਿ ਪੰਜਾਬ ਦੇ ਵਪਾਰੀਆਂ ਨੂੰ ਤਾਂ ਜੀ. ਐੱਸ. ਟੀ. ਦੇ ਨਾਲ ਜੋਜੋ ਟੈਕਸ ਵੀ ਅਦਾ ਕਰਨਾ ਪੈ ਰਿਹਾ ਹੈ, ਜਿਸਦੀ ਮਿਸਾਲ ਬਠਿੰਡਾ ਰਿਫਾਈਨਰੀ ਦੀ ਮੈਨੇਜਮੈਂਟ ਹੈ, ਜਿਸਨੇ ਸਿੱਧੇ ਚੀਫ ਜਸਟਿਸ ਕੋਲ ਗੁੰਡਾ ਟੈਕਸ ਦੀ ਸ਼ਿਕਾਇਤ ਕੀਤੀ ਹੈ।
ਇਸ ਮੌਕੇ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ, ਸਾਬਕਾ ਮੰਤਰੀ ਤੇ ਦਿਹਾਤੀ ਪ੍ਰਧਾਨ ਸੁਰਜੀਤ ਸਿੰਘ ਰੱਖੜਾ ਤੇ ਹੋਰ ਪਤਵੰਤੇ ਹਾਜ਼ਰ ਸਨ।