ਸੂਬਾ ਸਰਕਾਰ ਬਿਜਲੀ ਬਿੱਲ ਹਰ ਮਹੀਨੇ ਭਰਵਾਉਣ ਦਾ ਪ੍ਰਬੰਧ ਕਰੇ : ਭਗਵੰਤ ਮਾਨ

12/27/2019 1:23:43 AM

ਸ਼ੇਰਪੁਰ,(ਸਿੰਗਲਾ)- ਕਾਂਗਰਸ ਸਰਕਾਰ ਨੇ ਝੂਠੇ ਵਾਅਦੇ ਕਰ ਕੇ ਰਾਜ ਸੱਤਾ 'ਤੇ ਕਬਜ਼ਾ ਤਾਂ ਕਰ ਲਿਆ ਪਰ ਹੁਣ ਕਾਂਗਰਸ ਤੋਂ ਪੰਜਾਬ ਦੇ ਹਾਲਾਤ ਸੰਭਾਲੇ ਨਹੀਂ ਜਾ ਰਹੇ, ਆਏ ਦਿਨ ਪੰਜਾਬ ਦੇ ਲੋਕਾਂ 'ਤੇ ਤਰ੍ਹਾਂ-ਤਰ੍ਹਾਂ ਦਾ ਵਾਧੂ ਬੋਝ ਪਾਇਆ ਜਾ ਰਿਹਾ ਹੈ। ਅੰਤਾਂ ਦੀ ਮਹਿੰਗਾਈ ਅਤੇ ਮੰਦੀ ਦੇ ਦੌਰ ਵਿਚ ਕੈਪਟਨ ਸਰਕਾਰ ਨੇ ਬਿਜਲੀ ਰੇਟਾਂ 'ਚ ਵਾਧਾ ਕਰ ਕੇ ਜਿੱਥੇ ਲੋਕਾਂ ਦਾ ਘਰੇਲੂ ਬਜਟ ਹਿਲਾ ਕੇ ਰੱਖ ਦਿੱਤਾ ਹੈ, ਉੱਥੇ ਇਸ ਵਾਧੇ ਨਾਲ ਆਮ ਲੋਕਾਂ ਦਾ ਕਚੂੰਮਰ ਨਿਕਲ ਗਿਆ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਲੋਕ ਸਭਾ ਹਲਕਾ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਪ੍ਰਧਾਨ 'ਆਪ' ਪੰਜਾਬ ਨੇ 'ਜਗ ਬਾਣੀ' ਨਾਲ ਗੱਲਬਾਤ ਕਰਦੇ ਹੋਏ ਕੀਤਾ। ਉਨ੍ਹਾਂ ਕਿਹਾ ਕਿ ਬਿਜਲੀ ਬਿੱਲ 2 ਮਹੀਨਿਆਂ ਬਾਅਦ ਲੈ ਕੇ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਪਾਸੋਂ ਹਰ ਮਹੀਨੇ ਕਰੋੜਾਂ ਰੁਪਏ ਵਾਧੂ ਲੁੱਟ ਰਹੀ ਹੈ ਕਿਉਂਕਿ ਜੇਕਰ ਇਕ ਮਹੀਨੇ ਦੀਆਂ ਯੂਨਿਟਾਂ ਦਾ ਰੇਟ ਲਾਇਆ ਜਾਵੇ ਤਾਂ ਉਸ ਦਾ ਟੈਰਫ ਘੱਟ ਹੈ ਅਤੇ ਜੇਕਰ 2 ਮਹੀਨਿਆਂ ਦੀਆਂ ਯੂਨਿਟਾਂ ਦਾ ਰੇਟ ਲਾਇਆ ਜਾਵੇ ਤਾਂ ਉਸ ਦੇ ਰੇਟਾਂ ਵਿਚ ਕਾਫੀ ਵਾਧਾ ਹੋ ਜਾਂਦਾ ਹੈ, ਜਿਸ ਨਾਲ ਹਰ ਪਰਿਵਾਰ 'ਤੇ ਹਰ ਮਹੀਨੇ ਹਜ਼ਾਰਾਂ ਰੁਪਏ ਦਾ ਵਾਧੂ ਬੋਝ ਪੈਂਦਾ ਹੈ ਅਤੇ ਸਰਕਾਰ ਕਰੋੜਾਂ-ਅਰਬਾਂ ਰੁਪਏ ਆਮ ਲੋਕਾਂ ਤੋਂ ਲੁੱਟ ਰਹੀ ਹੈ। ਉਨ੍ਹਾਂ ਸੂਬਾ ਸਰਕਾਰ ਤੋਂ ਮੰਗ ਕੀਤੀ ਕਿ ਬਿਜਲੀ ਦੇ ਬਿੱਲ ਹਰ ਮਹੀਨੇ ਭਰਵਾਏ ਜਾਣ ਤਾਂ ਜੋ ਲੋਕਾਂ ਦੀ ਹੁੰਦੀ ਲੁੱਟ ਨੂੰ ਰੋਕਿਆ ਜਾਵੇ।

ਭਗਵੰਤ ਮਾਨ ਨੇ ਕਿਹਾ ਕਿ ਜੇਕਰ ਸਰਕਾਰ ਨੇ ਬਿਜਲੀ ਦੇ ਰੇਟਾਂ ਵਿਚ ਕਮੀ ਅਤੇ ਬਿਜਲੀ ਬਿੱਲ ਹਰ ਮਹੀਨੇ ਨਾ ਲੈਣ ਦਾ ਫੈਸਲਾ ਨਾ ਕੀਤਾ ਤਾਂ ਆਮ ਆਦਮੀ ਪਾਰਟੀ ਇਸ ਮਸਲੇ 'ਤੇ ਵੱਡਾ ਅੰਦੋਲਨ ਸ਼ੁਰੂ ਕਰੇਗੀ। ਉਨ੍ਹਾਂ ਕਿਹਾ ਕਿ ਜਦੋਂ ਦਿੱਲੀ 'ਚ ਹਰ ਮਹੀਨੇ ਬਿਜਲੀ ਦੇ ਬਿੱਲ ਲਏ ਜਾ ਸਕਦੇ ਹਨ ਫਿਰ ਪੰਜਾਬ ਵਿਚ ਇਹ ਕਿਉਂ ਨਹੀਂ ਹੋ ਸਕਦਾ? ਇਸ ਤੋਂ ਸਾਫ ਹੈ ਕਿ ਸੂਬਾ ਸਰਕਾਰ ਦੀ ਨੀਅਤ 'ਚ ਖੋਟ ਹੈ।
 


Related News