‘ਇੰਡੀਆ’ ’ਚ ਮਤਭੇਦਾਂ ਪਿੱਛੋਂ ਭਾਜਪਾ ਨੇ ਗਠਜੋੜ ਨੂੰ ਘੇਰਿਆ, ਕਾਂਗਰਸ ਦੀਆਂ ਨਜ਼ਰਾਂ ਚੋਣ ਨਤੀਜਿਆਂ ’ਤੇ
Thursday, Nov 09, 2023 - 02:03 PM (IST)
ਜਲੰਧਰ (ਇੰਟ.) : ਹੁਣੇ ਜਿਹੇ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਵਲੋਂ ਕਾਂਗਰਸ ਨੂੰ ਲੈ ਕੇ ਦਿੱਤੇ ਗਏ ਬਿਆਨਾਂ ਕਾਰਨ ਵਿਰੋਧੀ ਗਠਜੋੜ ‘ਇੰਡੀਅਨ ਨੈਸ਼ਨਲ ਡਿਵੈਲਪਮੈਂਟਲ ਇਨਕਲੂਜ਼ਿਵ ਅਲਾਇੰਸ’ (ਇੰਡੀਆ) ’ਚ ਮਤਭੇਦ ਸਪਸ਼ਟ ਨਜ਼ਰ ਆਉਣ ਲੱਗੇ ਹਨ। ਇਸ ਤੋਂ ਪਹਿਲਾਂ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਵੀ ਕਾਂਗਰਸ ’ਤੇ ਸਵਾਲ ਉਠਾਏ ਸਨ। ਦੱਸਿਆ ਜਾ ਰਿਹਾ ਹੈ ਕਿ ਇਸ ਸਾਰੇ ਘਟਨਾਚੱਕਰ ਤੋਂ ਬਾਅਦ ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਨੇ ਨਿਤੀਸ਼ ਕੁਮਾਰ ਨਾਲ ਗੱਲ ਕੀਤੀ ਹੈ ਅਤੇ ਆਉਣ ਵਾਲੇ ਦਿਨਾਂ ’ਚ ਉਹ ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨਾਲ ਵੀ ਗੱਲਬਾਤ ਕਰ ਸਕਦੇ ਹਨ। ਗਠਜੋੜ ’ਚ ਉਭਰਦੇ ਮਤਭੇਦਾਂ ਵਿਚਾਲੇ ਭਾਜਪਾ ਨੂੰ ਵੀ ਇਸ ਨਾਲ ਜੁੜੀਆਂ ਸਿਆਸੀ ਪਾਰਟੀਆਂ ਨੂੰ ਘੇਰਨ ਦਾ ਪੂਰਾ ਮੌਕਾ ਮਿਲਿਆ ਹੈ। ਭਾਜਪਾ ਨੇ ‘ਇੰਡੀਆ’ ਗਠਜੋੜ ਨੂੰ ਜ਼ੀਰੋ ਗਠਜੋੜ ਕਰਾਰ ਦਿੱਤਾ ਹੈ। ਹਾਲਾਂਕਿ ਇਕ ਮੀਡੀਆ ਰਿਪੋਰਟ ’ਚ ਕਾਂਗਰਸ ਦੇ ਸੂਤਰਾਂ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ 5 ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜੇ ਇਸ ਗਠਜੋੜ ਦੀਆਂ ਪਾਰਟੀਆਂ ਨੂੰ ਆਪਸ ’ਚ ਜੋੜਨ ਲਈ ਅਹਿਮ ਹੋਣਗੇ।
ਇਹ ਵੀ ਪੜ੍ਹੋ : ਜਲੰਧਰ: ਦੀਵਾਲੀ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਵੱਲੋਂ ਵਿਸ਼ੇਸ਼ ਆਦੇਸ਼ ਜਾਰੀ
ਅਖਿਲੇਸ਼ ਨੇ ਕਾਂਗਰਸ ਨੂੰ ਕਿਹਾ ਸੀ ਧੋਖੇਬਾਜ਼
ਅਸਲ ’ਚ ਮੱਧ ਪ੍ਰਦੇਸ਼ ’ਚ ਇਕ ਰੈਲੀ ਦੌਰਾਨ ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਕਾਂਗਰਸ ’ਤੇ ਨਿਸ਼ਾਨਾ ਲਾਉਂਦੇ ਹੋਏ ਕਿਹਾ ਸੀ ਕਿ ਇਹ ਧੋਖੇਬਾਜ਼ ਪਾਰਟੀ ਹੈ। ਇਸ ਦੌਰਾਨ ਉਨ੍ਹਾਂ ਲੋਕਾਂ ਨੂੰ ਕਾਂਗਰਸ ਨੂੰ ਵੋਟ ਨਾ ਪਾਉਣ ਦੀ ਵੀ ਅਪੀਲ ਕੀਤੀ ਸੀ। ਜਨਤਾ ਦਲ (ਯੂਨਾਈਟਿਡ) ਦੇ ਮੁਖੀ ਨਿਤੀਸ਼ ਕੁਮਾਰ ਨੇ ਪਿਛਲੇ ਦਿਨੀਂ ‘ਇੰਡੀਆ’ ਗਠਜੋੜ ਦੀ ਸਰਗਰਮੀ ’ਚ ਕਮੀ ਲਈ ਕਾਂਗਰਸ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਕਿਹਾ ਸੀ ਕਿ ਦੇਸ਼ ਦੀ ਸਭ ਤੋਂ ਵੱਡੀ ਵਿਰੋਧੀ ਪਾਰਟੀ ਦੀ ਵਿਧਾਨ ਸਭਾ ਚੋਣਾਂ ਵਿਚ ਜ਼ਿਆਦਾ ਦਿਲਚਸਪੀ ਹੈ।
ਸ਼ਿਵ ਸੈਨਾ ਦਾ ਗਠਜੋੜ ’ਤੇ ਕੀ ਹੈ ਰੁਖ਼?
ਹਾਲਾਂਕਿ ਇਸ ਸਾਰੇ ਘਟਨਾਚੱਕਰ ਵਿਚਾਲੇ ਊਧਵ ਠਾਕਰੇ ਦੀ ਅਗਵਾਈ ਵਾਲੀ ਸ਼ਿਵ ਸੈਨਾ ਨੇ ਕਿਹਾ ਕਿ ਗਠਜੋੜ ਦੀ ਸਥਾਪਨਾ ਕੇਂਦਰ ’ਚ ਤਾਨਾਸ਼ਾਹੀ ਰਾਜ ਨੂੰ ਹਟਾਉਣ ਲਈ ਕੀਤੀ ਗਈ ਸੀ, ਜਦੋਂਕਿ ਸੂਬਾ ਪੱਧਰ ’ਤੇ ਸਿਆਸਤ ਵੱਖਰੀ ਹੈ। ਪਾਰਟੀ ਦੇ ਮੁੱਖ ਪੱਤਰ ‘ਸਾਮਨਾ’ ’ਚ ਕਿਹਾ ਗਿਆ ਹੈ ਕਿ ਸੱਤਾ ਦੀ ਦੁਰਵਰਤੋਂ ਅਤੇ ਪੈਸੇ ਦੇ ਹੰਕਾਰ ਨੂੰ ਰੋਕਣ ਲਈ ਚੋਣਾਂ ਜਿੱਤਣੀਆਂ ਅਹਿਮ ਹਨ। ਇਹ ਇੰਡੀਆ ਗਠਜੋੜ ਲਈ ਬੇਹੱਦ ਅਹਿਮ ਹੈ। ਇਸ ’ਚ ਇਸ ਗੱਲ ’ਤੇ ਜ਼ੋਰ ਦਿੱਤਾ ਗਿਆ ਹੈ ਕਿ ਇਸ ਮਹੀਨੇ 5 ਸੂਬਿਆਂ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਅਗਲੇ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ ਲਈ ਡਰੈੱਸ ਰਿਹਰਸਲ ਦੇ ਤੌਰ ’ਤੇ ਕੰਮ ਕਰਨਗੀਆਂ। ਸ਼ਿਵ ਸੈਨਾ ਨੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀਆਂ ਚਿੰਤਾਵਾਂ ਦੇ ਸਹੀ ਹੋਣ ਨੂੰ ਵੀ ਸਵੀਕਾਰ ਕੀਤਾ ਹੈ। ਪਿਛਲੇ ਹਫ਼ਤੇ ਸ਼ਰਦ ਪਵਾਰ, ਸੀਤਾਰਾਮ ਯੇਚੁਰੀ ਅਤੇ ਉਮਰ ਅਬਦੁੱਲਾ ਵਰਗੇ ਹੋਰ ਪ੍ਰਮੁੱਖ ਨੇਤਾਵਾਂ ਨੇ ਵੀ ਆਪਣੀ ਚਿੰਤਾ ਜ਼ਾਹਿਰ ਕੀਤੀ ਸੀ ਅਤੇ ਇੰਡੀਆ ਗਠਜੋੜ ਬਣਾਉਣ ਦੀ ਲੋੜ ’ਤੇ ਜ਼ੋਰ ਦਿੱਤਾ ਸੀ।
ਇਹ ਵੀ ਪੜ੍ਹੋ : ਪੰਜਾਬੀ ਭਾਸ਼ਾ ਨੂੰ ਲੈ ਕੇ ਡਿਪਟੀ ਕਮਿਸ਼ਨਰ ਜਲੰਧਰ ਵੱਲੋਂ ਹਦਾਇਤਾਂ ਜਾਰੀ
ਕੇਂਦਰੀ ਮੰਤਰੀ ਪੀਯੂਸ਼ ਗੋਇਲ ਨੇ ਵਿਰੋਧੀ ਧਿਰ ਨੂੰ ਘੇਰਿਆ
ਨਿਤੀਸ਼ ਤੇ ਅਖਿਲੇਸ਼ ਦੇ ਬਿਆਨਾਂ ਤੋਂ ਬਾਅਦ ਕੇਂਦਰੀ ਮੰਤਰੀ ਪੀਯੂਸ਼ ਗੋਇਲ ਨੇ ਵੀ ਟਿੱਪਣੀ ਕੀਤੀ ਹੈ ਕਿ ਵਿਰੋਧੀ ਧੜਾ ਇੰਡੀਆ ਬਿਖਰਨਾ ਸ਼ੁਰੂ ਹੋ ਗਿਆ ਹੈ ਅਤੇ ਹੁਣ ਇਸ ਨੂੰ ‘ਇੰਡੀਆ ਜ਼ੀਰੋ’ ਕਿਹਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਵਿਰੋਧੀ ਗਠਜੋੜ ਆਪਣੇ ਗਠਨ ਤੋਂ ਪਹਿਲਾਂ ਹੀ ਟੁੱਟ ਰਿਹਾ ਹੈ। ਇਸ ਦੇ ਅੰਦਰ ਦੀਆਂ ਪਾਰਟੀਆਂ ਵੱਖ-ਵੱਖ ਸੂਬਿਆਂ ’ਚ ਵਿਧਾਨ ਸਭਾ ਚੋਣਾਂ ’ਚ ਇਕ-ਦੂਜੇ ਦੇ ਖ਼ਿਲਾਫ਼ ਮੁਕਾਬਲਾ ਕਰ ਰਹੀਆਂ ਹਨ। ਇਹ ਹੁਣ ਜ਼ੀਰੋ ਗਠਜੋੜ ’ਚ ਬਦਲ ਗਿਆ ਹੈ। ਕੇਂਦਰੀ ਮੰਤਰੀ ਨੇ ਕਿਹਾ ਕਿ ਨਿਤੀਸ਼ ਕੁਮਾਰ ਗਠਜੋੜ ਦੀ ਸਥਿਤੀ ਤੋਂ ਨਿਰਾਸ਼ ਹਨ। ਆਮ ਆਦਮੀ ਪਾਰਟੀ ਕਾਂਗਰਸ ਦੀ ਆਲੋਚਨਾ ਕਰਦੀ ਹੈ। ਪੱਛਮੀ ਬੰਗਾਲ, ਤਾਮਿਲਨਾਡੂ ਤੇ ਕਰਨਾਟਕ ’ਚ ਗਠਜੋੜ ਦੇ ਹਿੱਸੇਦਾਰ ਮਤਭੇਦ ’ਚ ਹਨ।
ਕਾਂਗਰਸ ਬੋਲੀ–ਗਠਜੋੜ ਲੋਕ ਸਭਾ ਚੋਣਾਂ ਲਈ
ਰਿਪੋਰਟ ਮੁਤਾਬਕ ਨਿਤੀਸ਼ ਕੁਮਾਰ ਤੇ ਅਖਿਲੇਸ਼ ਯਾਦਵ ਦੇ ਬਿਆਨਾਂ ਬਾਰੇ ਪੁੱਛੇ ਜਾਣ ’ਤੇ ਕਾਂਗਰਸ ਦੇ ਇਕ ਪ੍ਰਮੁੱਖ ਨੇਤਾ ਨੇ ਕਿਹਾ ਕਿ ਨਿਤੀਸ਼ ਨੇ ਜੋ ਕਿਹਾ ਹੈ, ਉਹ ਆਪਣੀ ਜਗ੍ਹਾ ਠੀਕ ਹੈ ਕਿਉਂਕਿ ਉਹ ਚਾਹੁੰਦੇ ਹਨ ਕਿ ਗਠਜੋੜ ਜਲਦ ਹੋਵੇ ਪਰ ਅਖਿਲੇਸ਼ ਨੇ ਹਲਕੇ ਸ਼ਬਦਾਂ ਦੀ ਵਰਤੋਂ ਕੀਤੀ ਹੈ, ਜੋ ਉਨ੍ਹਾਂ ਨੂੰ ਨਹੀਂ ਕਰਨੀ ਚਾਹੀਦੀ ਸੀ। ਨੇਤਾ ਨੇ ਕਿਹਾ ਕਿ ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਨੇ ਨਿਤੀਸ਼ ਕੁਮਾਰ ਨਾਲ ਫੋਨ ’ਤੇ ਗੱਲ ਕੀਤੀ ਹੈ। ਮੈਨੂੰ ਲੱਗਦਾ ਹੈ ਕਿ ਉਹ ਬਹੁਤ ਜਲਦ ਅਖਿਲੇਸ਼ ਯਾਦਵ ਤੇ ਰਾਮਗੋਪਾਲ ਯਾਦਵ ਨਾਲ ਗੱਲਬਾਤ ਕਰਨਗੇ। ਨੇਤਾ ਨੇ ਕਿਹਾ ਕਿ ਇਹ ਇਕਦਮ ਸਪਸ਼ਟ ਹੋਣਾ ਚਾਹੀਦਾ ਹੈ ਕਿ ਇਹ ਗਠਜੋੜ ਸਿਰਫ ਲੋਕ ਸਭਾ ਚੋਣਾਂ ਲਈ ਹੈ, ਵਿਧਾਨ ਸਭਾ ਚੋਣਾਂ ਲਈ ਨਹੀਂ।
ਇਹ ਵੀ ਪੜ੍ਹੋ : ਭਾਜਪਾ ਵਲੋਂ ਮਾਨ ਸਰਕਾਰ ’ਤੇ ਫਿਕਸਡ-ਵਿੰਗ ਜਹਾਜ਼ ਦੀ ਦੁਰਵਰਤੋਂ ਦਾ ਦੋਸ਼, ਕਿਹਾ–ਜਨਤਾ ਦਾ ਕਰੋੜਾਂ ਰੁਪਿਆ ਕੀਤਾ ਬਰਬਾਦ
‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8