ਚੋਣਾਂ ''ਚ ਜਿਥੇ ਕਾਂਗਰਸੀ ਕੌਂਸਲਰ ਨੇ ਖੋਲ੍ਹਿਆ ਦਫਤਰ ਉਥੋਂ ਮਿਲੀਆਂ ਨਾਜਾਇਜ਼ ਸ਼ਰਾਬ ਦੀਆਂ 102 ਪੇਟੀਆਂ

Sunday, Jun 24, 2018 - 05:05 AM (IST)

ਲੁਧਿਆਣਾ(ਰਿਸ਼ੀ)-ਸ਼ਹਿਰ ਦੇ ਪਾਸ਼ ਇਲਾਕਿਆਂ 'ਚੋਂ ਇਕ ਸੈਕਟਰ–39 ਸਥਿਤ ਇਕ ਕੋਠੀ 'ਚ ਸ਼ਨੀਵਾਰ ਨੂੰ ਐਂਟੀਨਾਰਕੋਟਿਕ ਸੈੱਲ ਨੇ ਛਾਪੇਮਾਰੀ ਕੀਤੀ ਅਤੇ ਅੰਦਰੋਂ ਨਾਜਾਇਜ਼ ਸ਼ਰਾਬ ਦੀਆਂ 102 ਪੇਟੀਆਂ ਬਰਾਮਦ ਕਰ ਕੇ ਥਾਣਾ ਮੋਤੀ ਨਗਰ 'ਚ ਐਕਸਾਈਜ਼ ਐਕਟ ਦੇ ਅਧੀਨ ਕੇਸ ਦਰਜ ਕੀਤਾ ਹੈ, ਜਿਸ ਕੋਠੀ 'ਚ ਪੁਲਸ ਨੇ ਰੇਡ ਕੀਤੀ ਉਥੇ ਨਿਗਮ ਚੋਣਾਂ ਦੇ ਦੌਰਾਨ ਵਾਰਡ ਨੰ. 18 ਦੇ ਕਾਂਗਰਸੀ ਕੌਂਸਲਰ ਵਿਨੀਤ ਭਾਟੀਆ ਨੇ ਆਪਣਾ ਦਫਤਰ ਖੋਲ੍ਹਿਆ ਸੀ, ਉਥੋਂ ਨਾਜਾਇਜ਼ ਸ਼ਰਾਬ ਮਿਲਣ ਦੀ ਗੱਲ ਸ਼ਹਿਰ 'ਚ ਅੱਗ ਦੀ ਤਰ੍ਹਾਂ ਫੈਲ ਗਈ। ਜਾਣਕਾਰੀ ਦਿੰਦੇ ਹੋਏ ਸੈੱਲ ਇੰਚਾਰਜ ਸੁਰਿੰਦਰਪਾਲ ਨੇ ਦੱਸਿਆ ਕਿ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਉਕਤ ਕੋਠੀ 'ਚ ਬਾਹਰੀ ਸੂਬਿਆਂ ਤੋਂ ਨਾਜਾਇਜ਼ ਸ਼ਰਾਬ ਭਾਰੀ ਮਾਤਰਾ ਵਿਚ ਸਟੋਰ ਕਰ ਕੇ ਰੱਖੀ ਹੋਈ ਹੈ, ਜਿਸ 'ਤੇ ਪੁਲਸ ਪਾਰਟੀ ਨੇ ਸ਼ਨੀਵਾਰ ਦੇਰ ਸ਼ਾਮ ਰੇਡ ਕਰ ਕੇ ਅੰਗਰੇਜ਼ੀ ਸ਼ਰਾਬ ਦੀਆਂ 24 ਅਤੇ ਦੇਸੀ ਸ਼ਰਾਬ ਦੀਆਂ 78 ਪੇਟੀਆਂ ਬਰਾਮਦ ਕੀਤੀਆਂ। ਸ਼ਰਾਬ ਕਈ ਮਹੀਨੇ ਪੁਰਾਣੀ ਲੱਗ ਰਹੀ ਹੈ। ਪੁਲਸ ਦੇ ਅਨੁਸਾਰ ਹੁਣ ਤੱਕ ਦੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਸ਼ਰਾਬ ਕਿਸੇ ਰਾਜੇਸ਼ ਸ਼ਰਮਾ ਨਾਮਕ ਵਿਅਕਤੀ ਦੀ ਹੈ, ਜੋ ਵੱਡੇ ਪੱਧਰ 'ਤੇ ਲਾਟਰੀ ਦਾ ਕਾਰੋਬਾਰ ਵੀ ਕਰਦਾ ਹੈ। ਪੁਲਸ ਨੇ ਉਸ ਦੀ ਭਾਲ 'ਚ ਸਪੈਸ਼ਲ ਟੀਮ ਬਣਾਈ ਹੈ, ਜੋ ਲਗਾਤਾਰ ਛਾਪੇਮਾਰੀ ਕਰ ਰਹੀ ਹੈ। ਇੰਸਪੈਕਟਰ ਸੁਰਿੰਦਰਪਾਲ ਦੇ ਅਨੁਸਾਰ ਬਰਾਮਦ ਸ਼ਰਾਬ ਦੇ ਨਾਲ ਕਾਂਗਰਸੀ ਕੌਂਸਲਰ ਦੇ ਕੁਨੈਕਸ਼ਨ ਹੋਣ ਬਾਰੇ ਜਾਂਚ ਕੀਤੀ ਜਾ ਰਹੀ ਹੈ। ਹੁਣ ਤੱਕ ਦੀ ਜਾਂਚ ਵਿਚ ਇਸ ਤਰ੍ਹਾਂ ਦੀ ਕੋਈ ਵੀ ਗੱਲ ਸਾਹਮਣੇ ਨਹੀਂ ਆਈ ਹੈ। ਰਾਜੇਸ਼ ਸ਼ਰਮਾ ਦੇ ਫੜੇ ਜਾਣ ਤੋਂ ਬਾਅਦ ਹੀ ਸਥਿਤੀ ਸਪੱਸ਼ਟ ਹੋਵੇਗੀ। ਜਲਦਬਾਜ਼ੀ 'ਚ ਕੁਝ ਕਿਹਾ ਨਹੀਂ ਜਾ ਸਕਦਾ। 
ਇਲਾਕੇ ਦੇ ਲੋਕਾਂ 'ਚ ਖੌਫ 
ਪਾਸ਼ ਇਲਾਕਿਆਂ ਵਿਚ ਪੁਲਸ ਰੇਡ ਨਾਲ ਲੋਕਾਂ 'ਚ ਖੌਫ ਦੇਖਿਆ ਜਾ ਸਕਦਾ ਸੀ। ਹਰ ਕਿਸੇ ਦੀ ਜ਼ੁਬਾਨ 'ਤੇ ਇਸੇ ਗੱਲ ਦੀ ਚਰਚਾ ਸੀ ਕਿ ਇਨ੍ਹਾਂ ਇਲਾਕਿਆਂ ਵਿਚ ਨਾਜਾਇਜ਼ ਸ਼ਰਾਬ ਦਾ ਕਾਰੋਬਾਰ ਚੱਲ ਰਿਹਾ ਸੀ ਅਤੇ ਉਨ੍ਹਾਂ ਨੂੰ ਪਤਾ ਤੱਕ ਨਾ ਚੱਲ ਸਕਿਆ।
ਚੋਣਾਂ ਵਿਚ 10 ਦਿਨਾਂ ਲਈ ਲਿਆ ਸੀ ਦਫਤਰ : ਭਾਟੀਆ 
ਕਾਂਗਰਸੀ ਕੌਂਸਲਰ ਵਿਨੀਤ ਭਾਟੀਆ ਨਾਲ ਗੱਲ ਕਰਨ 'ਤੇ ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਚੋਣਾਂ ਦੌਰਾਨ ਉਨ੍ਹਾਂ ਨੇ ਸਿਰਫ 10 ਦਿਨਾਂ ਲਈ ਦਫਤਰ ਖੋਲ੍ਹਣ ਲਈ ਮਾਲਕ ਤੋਂ ਕਿਰਾਏ 'ਤੇ ਕੋਠੀ ਲਈ ਸੀ, ਚੋਣਾਂ ਦੇ ਤੁਰੰਤ ਬਾਅਦ ਹੀ ਖਾਲੀ ਕਰ ਦਿੱਤੀ ਗਈ ਸੀ। ਸ਼ਰਾਬ ਬਰਾਮਦ ਹੋਣ ਬਾਰੇ ਉਨ੍ਹਾਂ ਨੂੰ ਵੀ ਪਤਾ ਲੱਗਿਆ ਹੈ ਪਰ ਇਸ ਮਾਮਲੇ ਨਾਲ ਉਨ੍ਹਾਂ ਦਾ ਕੋਈ ਲੈਣਾ-ਦੇਣਾ ਨਹੀਂ ਹੈ।


Related News