ਕਾਂਗਰਸ ਦੇ ਭ੍ਰਿਸ਼ਟਾਚਾਰ ਨੇ ਪੰਜਾਬ ਨੂੰ GDP ਦੇ ਮਾਮਲੇ ’ਚ ਪਹੁੰਚਾਇਆ 16ਵੇਂ ਪਾਏਦਾਨ ’ਤੇ: ਗਜੇਂਦਰ ਸ਼ੇਖਾਵਤ

12/15/2021 11:35:26 PM

ਲੁਧਿਆਣਾ (ਗੁਪਤਾ) - ਕੇਂਦਰੀ ਜਲ ਸ਼ਕਤੀ ਮੰਤਰੀ ਅਤੇ ਪੰਜਾਬ ਭਾਜਪਾ ਦੇ ਚੋਣ ਮੁਖੀ ਗਜੇਂਦਰ ਸ਼ੇਖਾਵਤ ਨੇ ਕਿਹਾ ਕਿ ਪੰਜਾਬ ਨੂੰ ਜੀ. ਡੀ. ਪੀ. ਦੇ ਹਿਸਾਬ ਨਾਲ ਦੇਸ਼ ’ਚ 16ਵੇਂ ਨੰਬਰ ’ਤੇ ਖੜ੍ਹਾ ਕਰ ਦੇਣ ਵਾਲੀ ਕਾਂਗਰਸ ਨੂੰ ਜੜ੍ਹੋਂ ਪੁੱਟ ਸੁੱਟਣ ਲਈ ਵਰਕਰ ਦਿਨ-ਰਾਤ ਇਕ ਕਰ ਦੇਣ। ਦੁੱਖ ਦੀ ਗੱਲ ਹੈ ਕਿ 2001 ਤੋਂ ਪਹਿਲਾਂ ਨੰ. 1 ’ਤੇ ਰਹਿਣ ਵਾਲਾ ਪੰਜਾਬ ਅੱਜ 16ਵੇਂ ਨੰਬਰ ’ਤੇ ਹੈ।

ਅੱਜ ਲੁਧਿਆਣਾ ਵਿਚ ਭਾਜਪਾ ਪੰਜਾਬ ਦੀ ਪ੍ਰਦੇਸ਼ ਪ੍ਰੀਸ਼ਦ ਦੀ ਬੈਠਕ ਨੂੰ ਸੰਬੋਧਨ ਕਰਦਿਆਂ ਗਜੇਂਦਰ ਸ਼ੇਖਾਵਤ ਨੇ ਕਿਹਾ ਕਿ ਦੇਸ਼ ਦੇ ਅੰਨ ਭੰਡਾਰ ਭਰਨ ਵਾਲਾ, ਸਰਹੱਦਾਂ ’ਤੇ ਦੇਸ਼ ਦੀ ਖੜਗ ਭੁਜਾ ਬਣਨ ਵਾਲਾ, ਦੇਸ਼ ਨੂੰ ਆਜ਼ਾਦੀ ਦਿਵਾਉਣ ਵਾਲਾ ਪੰਜਾਬ ਅੱਜ ਕਾਂਗਰਸ ਸਰਕਾਰ ਦੀਆਂ ਆਰਥਿਕ ਕੁਨੀਤੀਆਂ ਕਾਰਨ 4 ਲੱਖ ਕਰੋੜ ਰੁਪਏ ਦੇ ਕਰਜ਼ੇ ਦੀ ਮਾਰ ਝੱਲ ਰਿਹਾ ਹੈ। ਪੰਜਾਬ ’ਚ ਬੇਰੋਜ਼ਗਾਰੀ ਦੀ ਦਰ ਭਾਰਤ ’ਚ ਸਭ ਤੋਂ ਵੱਧ ਸਾਢੇ 8 ਫੀਸਦੀ ਹੈ। ਅਜਿਹੇ ਵਿਚ ਪੰਜਾਬੀਆਂ ਨੂੰ ਇਹ ਤੈਅ ਕਰਨਾ ਹੈ ਕਿ ਪੰਜਾਬ ਵਿਚ ਵਿਧਾਨ ਸਭਾ ਚੋਣਾਂ ਉਪਰੰਤ ਭਾਜਪਾ ਦੀ ਅਗਵਾਈ ਵਾਲੀ ਡਬਲ ਇੰਜਣ ਦੀ ਸਰਕਾਰ ਬਣੇ। ਕੇਂਦਰ ਅਤੇ ਸਬੇ ਵਿਚ ਇਕ ਹੀ ਸਰਕਾਰ ਦੇ ਹੋਣ ਨਾਲ ਜਿੱਥੇ ਸੂਬਾ ਤਰੱਕੀ ਦੇ ਰਸਤੇ ’ਤੇ ਅੱਗੇ ਵਧੇਗਾ, ਉਥੇ ਮਾਫੀਆ ਰਾਜ, ਭ੍ਰਿਸ਼ਟਾਚਾਰ ਤੋਂ ਵੀ ਮੁਕਤ ਹੋਵੇਗਾ।

ਸ਼ੇਖਾਵਤ ਨੇ ਕਿਹਾ ਕਿ ਪੰਜਾਬ ’ਚ ਭਾਜਪਾ ਨੇ ਅਕਾਲੀ ਦਲ ਨਾਲ ਸਮਝੌਤਾ ਰਾਜਨੀਤਕ ਰੂਪ ਨਾਲ ਨਹੀਂ ਕੀਤਾ ਸੀ, ਪੰਜਾਬ ਦੀ ਏਕਤਾ, ਅਖੰਡਤਾ ਦੀ ਰਾਖੀ ਅਤੇ ਭਾਈਚਾਰੇ ਲਈ ਸਮਝੌਤਾ ਕੀਤਾ ਸੀ। ਦੇਸ਼ ਵਿਚ ਜਦੋਂ ਤਿੰਨ ਖੇਤੀ ਕਾਨੂੰਨਾਂ ਨੂੰ ਲਾਗੂ ਕੀਤਾ ਗਿਆ ਤਾਂ ਉਹ ਦੀਵੇ ਦੀ ਰੌਸ਼ਨੀ ਵਾਂਗ ਪਵਿੱਤਰ ਸਨ ਪਰ ਇਨ੍ਹਾਂ ਕਾਨੂੰਨਾਂ ਦੇ ਵਿਰੋਧ ਦੀ ਆੜ ’ਚ ਦੇਸ਼ ਵਿਰੋਧੀ ਤੱਤਾਂ ਨੇ ਜਿਸ ਤਰ੍ਹਾਂ ਦਾ ਅਰਾਜਕਤਾ ਦਾ ਮਾਹੌਲ ਕਾਇਮ ਕੀਤਾ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੜੀ ਹੀ ਨਿਰਮਤਾ ਨਾਲ ਦੇਸ਼ ਹਿੱਤ ’ਚ ਇਨ੍ਹਾਂ ਕਾਨੂੰਨਾਂ ਨੂੰ ਵਾਪਸ ਲੈ ਕੇ ਦੇਸ਼ ਵਿਰੋਧੀ ਤਾਕਤਾਂ ਦੀਆਂ ਸਾਰੀਆਂ ਯੋਜਨਾਵਾਂ ਫੇਲ ਕਰ ਦਿੱਤੀਆਂ।

ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਹੀ ਕਿਸਾਨਾਂ ਦੀ ਸੱਚੀ ਹਮਦਰਦ ਹੈ। ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ’ਤੇ 3 ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦਾ ਐਲਾਨ ਕਰ ਕੇ ਅਤੇ ਕਰਤਾਰਪੁਰ ਕੋਰੀਡੋਰ ਖੋਲ੍ਹ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬੀਆਂ ਦਾ ਦਿਲ ਜਿੱਤਿਆ ਹੈ।

ਬੈਠਕ ਨੂੰ ਸੰਬੋਧਨ ਕਰਦਿਆਂ ਰਾਸ਼ਟਰੀ ਉਪ ਪ੍ਰਧਾਨ ਸੈਦਾਨ ਸਿੰਘ, ਰਾਸ਼ਟਰੀ ਸਕੱਤਰ ਨਰਿੰਦਰ ਸਿੰਘ, ਕੇਂਦਰੀ ਮੰਤਰੀ ਸੋਮ ਪ੍ਰਕਾਸ਼, ਹਰਜੀਤ ਸਿੰਘ ਗਰੇਵਾਲ, ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ, ਜ. ਸਕੱਤਰ ਜੀਵਨ ਗੁਪਤਾ, ਸੁਭਾਸ਼ ਸ਼ਰਮਾ, ਰਾਜੇਸ਼ ਬਾਘਾ, ਸਾਬਕਾ ਕੈਬਨਿਟ ਮੰਤਰੀ ਮਨੋਰੰਜਨ ਕਾਲੀਆ, ਮਦਨ ਮੋਹਨ ਮਿੱਤਲ, ਰਾਜ ਸਭਾ ਦੇ ਸਾਬਕਾ ਮੈਂਬਰ ਅਵਿਨਾਸ਼ ਰਾਏ ਖੰਨਾ, ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਪ੍ਰੋ. ਰਜਿੰਦਰ ਭੰਡਾਰੀ ਨੇ ਕਿਹਾ ਕਿ ਪੰਜਾਬ ’ਚ ਕਾਂਗਰਸ ਦੀ ਸਰਕਾਰ ਹਰ ਫਰੰਟ ’ਤੇ ਬੁਰੀ ਤਰ੍ਹਾਂ ਫੇਲ ਸਾਬਤ ਹੋ ਚੁੱਕੀ ਹੈ। ਸਰਕਾਰ ਦੀਆਂ ਨਾਕਾਮੀਆਂ ਤੋਂ ਧਿਆਨ ਹਟਾਉਣ ਲਈ ਮੁੱਖ ਮੰਤਰੀ ਹਟਾਉਣ ਦੀ ਜੋ ਯੋਜਨਾ ਕਾਂਗਰਸ ਆਗੂਆਂ ਨੇ ਬਣਾਈ ਹੈ, ਉਹ ਬੁਰੀ ਤਰ੍ਹਾਂ ਫੇਲ ਸਾਬਤ ਹੋ ਰਹੀ ਹੈ।

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਿੱਤ ਨਵੇਂ ਐਲਾਨ ਕਰ ਰਹੇ ਹਨ, ਜਿਨ੍ਹਾਂ ਨੂੰ ਅਮਲੀ ਜਾਮਾ ਪਹਿਨਾਉਣ ਲਈ ਸਰਕਾਰ ਕੋਲ ਨਾ ਤਾਂ ਸਾਧਨ ਹੈ ਅਤੇ ਨਾ ਹੀ ਇੱਛਾ ਸ਼ਕਤੀ। ਕਾਂਗਰਸ ਸਰਕਾਰ ਨੇ ਪੌਣੇ 5 ਸਾਲ ਦੇਸ਼ ’ਚ ਸਭ ਤੋਂ ਮਹਿੰਗੀ ਬਿਜਲੀ ਦੇ ਕੇ ਪੰਜਾਬੀਆਂ ਨੂੰ ਲੁੱਟਿਆ ਪਰ ਹੁਣ ਬੇਸ਼ਰਮੀ ਨਾਲ ਸਸਤੀ ਬਿਜਲੀ ਦੇਣ ਦਾ ਢਕਵੰਜ ਕੀਤਾ ਜਾ ਰਿਹਾ ਹੈ।

ਇਸ ਮੌਕੇ ਪੰਜਾਬ ਭਾਜਪਾ ਖਜ਼ਾਨਚੀ ਗੁਰਦੇਵ ਸ਼ਰਮਾ ਦੇਬੀ, ਭਾਜਪਾ ਲੁਧਿਆਣਾ ਪ੍ਰਧਾਨ ਪੁਸ਼ਪਿੰਦਰ ਸਿੰਘ, ਪ੍ਰਵੀਨ ਬਾਂਸਲ, ਰਾਕੇਸ਼ ਰਾਠੌਰ, ਪੰਜਾਬ ਭਾਜਪਾ ਦੀ ਕਾਰਜਕਾਰਣੀ ਦੇ ਮੈਂਬਰ ਐਡ. ਬਿਕਰਮ ਸਿੰਘ ਸਿੱਧੂ, ਸੁਭਾਸ਼ ਡਾਬਰ, ਦਿਨੇਸ਼ ਸਰਪਾਲ, ਰਾਕੇਸ਼ ਕਪੂਰ, ਐੱਸ. ਐੱਸ. ਚੰਨੀ ਤੇ ਹੋਰ ਆਗੂ ਤੇ ਵਰਕਰ ਹਾਜ਼ਰ ਸਨ।

ਕਾਂਗਰਸ, ਆਪ ਅਤੇ ਸ਼੍ਰੋਅਦ ਦੇ ਵਿਰੋਧ ਦੇ ਬਾਵਜੂਦ ਕੇਂਦਰ ਨੇ ਕਿਸਾਨਾਂ ਦੇ ਖਾਤੇ ’ਚ ਕੀਤੀ ਸਿੱਧੀ ਅਦਾਇਗੀ: ਦੁਸ਼ਯੰਤ ਗੌਤਮ
ਭਾਜਪਾ ਦੇ ਰਾਸ਼ਟਰੀ ਜ. ਸਕੱਤਰ ਜਥੇਬੰਦਕ ਮੁਖੀ ਰਾਜ ਸਭਾ ਮੈਂਬਰ ਅਤੇ ਪੰਜਾਬ ਭਾਜਪਾ ਦੇ ਮੁਖੀ ਦੁਸ਼ਯੰਤ ਗੌਤਮ ਨੇ ਸਥਾਨਕ ਰੇਲਵੇ ਸਟੇਸ਼ਨ ’ਤੇ ‘ਜਗ ਬਾਣੀ’ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੇਂਦਰ ਦੀ ਸਰਕਾਰ ਪੰਜਾਬ ਦੇ ਲੋਕਾਂ ਦੀ ਭਲਾਈ ਲਈ ਵਚਨਬੱਧ ਹੈ। ਪਹਿਲਾਂ ਪੰਜਾਬ ਵਿਚ ਭਾਜਪਾ 23 ਸੀਟਾਂ ’ਤੇ ਚੋਣ ਲੜਦੀ ਸੀ ਪਰ ਪਹਿਲੀਵਾਰ ਆਪਣੇ ਦਮ ’ਤੇ 117 ਸੀਟਾਂ ’ਤੇ ਚੋਣ ਲੜਨ ਜਾ ਰਹੀ ਹੈ।

ਗੌਤਮ ਨੇ ਇਕ ਸਵਾਲ ਦੇ ਜਵਾਬ ਵਿਚ ਕਿਹਾ ਕਿ ਕਾਂਗਰਸ ਦੀ ਗਲਤੀ ਨਾਲ ਜਵਾਹਰ ਲਾਲ ਨਹਿਰੂ ਨੇ ਪ੍ਰਧਾਨ ਮੰਤਰੀ ਬਣਨ ਦੀ ਜਲਦੀ ਵਿਚ ਨਨਕਾਣਾ ਸਾਹਿਬ ਨੂੰ ਪਾਕਿਸਤਾਨ ਵਿਚ ਛੱਡ ਦਿੱਤਾ। ਜੇਕਰ ਸਰਦਾਰ ਵੱਲਭ ਭਾਈ ਪਟੇਲ ਪ੍ਰਧਾਨ ਮੰਤਰੀ ਹੁੰਦੇ ਤਾਂ ਪਾਕਿਸਤਾਨ ਦੀ ਹੋਂਦ ਹੀ ਨਾ ਹੁੰਦੀ। ਗੌਤਮ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਫਸਲ ਦੀ 24 ਹਜ਼ਾਰ ਕਰੋੜ ਰੁਪਏ ਦੀ ਸਿੱਧੀ ਅਦਾਇਗੀ ਕਿਸਾਨਾਂ ਦੇ ਖਾਤਿਆਂ ਵਿਚ ਦੇਣ ਨਾਲ ਪੰਜਾਬ ਦੇ ਕਿਸਾਨਾਂ ਨੂੰ ਬੇਹੱਦ ਲਾਭ ਹੋਇਆ ਹੈ। ਸਰਕਾਰ ਨੇ ਐੱਮ. ਐੱਸ. ਪੀ. ’ਤੇ ਵੀ ਪ੍ਰਸ਼ੰਸਾਯੋਗ ਵਾਧਾ ਕੀਤਾ ਹੈ। ਇਸ ਦੇ ਨਾਲ ਹੀ ਡੀ. ਏ. ਪੀ. ਖਾਦ ਦੀਆਂ ਕੀਮਤਾਂ ਵਿਚ ਵਾਧਾ ਹੋਣ ਕਾਰਨ ਸਰਕਾਰ ਨੇ ਭਾਰੀ ਸਬਸਿਡੀ ਦਿੰਦੇ ਹੋਏ 2400 ਕਰੋੜ ਰੁਪਏ ਦੀ ਜਗ੍ਹਾ ’ਤੇ 1200 ਕਰੋੜ ਰੁਪਏ ਵਿਚ ਹੀ ਕਿਸਾਨਾਂ ਨੂੰ ਖਾਦ ਮੁਹੱਈਆ ਕਰਵਾ ਕੇ ਭਾਰੀ ਰਾਹਤ ਦਿੱਤੀ ਹੈ।

ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਤਹਿਤ ਕਿਸਾਨਾਂ ਦੇ ਖਾਤੇ ’ਚ ਲਗਭਗ 27 ਅਰਬ ਰੁਪਏ ਪਾਏ ਜਾ ਚੁੱਕੇ ਹਨ। ਇਸ ਮੌਕੇ ਪੰਜਾਬ ਭਾਜਪਾ ਖਜ਼ਾਨਚੀ ਗੁਰਦੇਵ ਸ਼ਰਮਾ ਦੇਬੀ, ਕਾਰਜਕਾਰਣੀ ਮੈਂਬਰ ਅਰੁਣੇਸ਼ ਮਿਸ਼ਰਾ, ਜਤਿੰਦਰ ਮਿੱਤਲ ਨੇ ਦੁਸ਼ਯੰਤ ਗੌਤਮ ਦਾ ਫੁੱਲਾਂ ਦਾ ਗੁਲਦਸਤਾ ਭੇਟ ਕਰ ਕੇ ਸਨਮਾਨ ਵੀ ਕੀਤਾ।

ਨੋਟ - ਇਸ  ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


Inder Prajapati

Content Editor

Related News