ਕਾਂਗਰਸ ਦੀ ਚੰਨੀ ਸਰਕਾਰ ਵੱਲੋਂ ਅਕਾਲੀ ਦਲ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ: ਅਕਾਲੀ ਆਗੂ

Thursday, Dec 23, 2021 - 01:58 AM (IST)

ਕਾਂਗਰਸ ਦੀ ਚੰਨੀ ਸਰਕਾਰ ਵੱਲੋਂ ਅਕਾਲੀ ਦਲ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ: ਅਕਾਲੀ ਆਗੂ

ਸੰਗਰੂਰ(ਸਿੰਗਲਾ)- ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮਜੀਤ ਸਿੰਘ ਮਜੀਠੀਆ ਦੇ ਖਿਲਾਫ਼ ਪੁਲਸ ਵੱਲੋਂ ਕੀਤੇ ਗਏ ਨਸ਼ਾ ਤਸਕਰੀ ਦੇ ਮਾਮਲੇ ਦੇ ਵਿਰੁੱਧ ਸਮੁੱਚੇ ਸੂਬੇ ਦੀ ਅਕਾਲੀ ਸਿਆਸਤ ਵਿੱਚ ਉਬਾਲ ਆ ਗਿਆ ਹੈ। ਇਸ ਦੇ ਖਿਲਾਫ਼ ਅਕਾਲੀ ਦਲ ਵੱਲੋਂ 24 ਦਸੰਬਰ ਤੋਂ ਜ਼ਿਲ੍ਹਾ ਪੱਧਰ ’ਤੇ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ ਕਰ ਦਿੱਤਾ ਹੈ। ਅੱਜ ਜ਼ਿਲ੍ਹਾ ਸੰਗਰੂਰ ਦੀ ਸਮੁੱਚੀ ਅਕਾਲੀ ਲੀਡਰਸ਼ਿਪ ਨੇ ਸਾਂਝੇ ਸੁਰ ਵਿੱਚ ਕਿ 24 ਦਸੰਬਰ ਨੂੰ ਜ਼ਿਲ੍ਹਾ ਹੈਡਕੁਆਰਟਰ ਤੇ ਪੰਜਾਬ ਸਰਕਾਰ ਵਿਰੁੱਧ ਧਰਨਾ ਦਿੱਤਾ ਜਾਵੇਗਾ।

ਸੰਗਰੂਰ ਵਿਖੇ ਪ੍ਰੈਸ ਕਾਨਫਰੰਸ ਵਿੱਚ ਸ਼੍ਰੋਮਣੀ ਅਕਾਲੀ ਦਲ (ਬ) ਦੇ ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਇਕਬਾਲ ਸਿੰਘ ਝੂੰਦਾਂ, ਹਲਕਾ ਸੰਗਰੂਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਵਿਨਰਜੀਤ ਸਿੰਘ ਗੋਲਡੀ, ਹਲਕਾ ਸੁਨਾਮ ਤੋਂ ਪਾਰਟੀ ਉਮੀਦਵਾਰ ਬਲਦੇਵ ਸਿੰਘ, ਹਲਕਾ ਦਿੜ੍ਹਬਾ ਤੋਂ ਗੁਲਜ਼ਾਰ ਸਿੰਘ, ਮਾਲੇਰਕੋਟਲਾ ਤੋਂ ਪਾਰਟੀ ਉਮੀਦਵਾਰ ਮੁਹੰਮਦ ਇਕਰਾਮ ਖਾਂ, ਹਲਕਾ ਧੂਰੀ ਤੋਂ ਬਾਬੂ ਪ੍ਰਕਾਸ਼ ਚੰਦ ਗਰਗ ਨੇ ਸਾਂਝੇ ਤੌਰ ''ਤੇ ਕਿਹਾ ਕਿ ਪੰਜਾਬ ਵਿੱਚ ਚੰਨੀ ਸਰਕਾਰ ਵੱਲੋਂ ਦਮਨਕਾਰੀ ਨੀਤੀ ਅਪਣਾਉਂਦਿਆਂ ਅਕਾਲੀ ਦਲ ਨੂੰ ਦਬਾਉਣ ਦੀਆਂ ਕੋਸ਼ਿਸ਼ਾਂ ਚੱਲ ਰਹੀਆਂ ਹਨ। ਉਨ੍ਹਾਂ ਕਿਹਾ ਕਿ ਹੁਣ ਜਦੋਂ ਸਰਕਾਰ ਨੂੰ ਇਹ ਇਲਮ ਹੋ ਗਿਆ ਕਿ ਆ ਰਹੀਆਂ ਵਿਧਾਨ ਸਭਾ ਚੋਣਾਂ ਵਿੱਚ ਉਸ ਨੂੰ ਬੁਰੀ ਤਰ੍ਹਾਂ ਹਾਰ ਦਾ ਸਾਹਮਣਾ ਕਰਨਾ ਪਵੇਗਾ ਅਤੇ ਚੋਣਾਂ ਦੌਰਾਨ ਲੋਕਾਂ ਮੂਹਰੇ ਕਿਹੜੇ ਮੂੰਹ ਨਾਲ ਜਾਣਗੇ, ਲੋਕਾਂ ਦਾ ਧਿਆਨ ਭਟਕਾਉਣ ਲਈ ਉਨ੍ਹਾਂ ਪਾਰਟੀ ਦੇ ਸੀਨੀਅਰ ਆਗੂ ਬਿਕਰਮਜੀਤ ਸਿੰਘ ਮਜੀਠੀਆ ਤੇ ਪਰਚਾ ਦਰਜ਼ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਸਪੱਸ਼ਟ ਹੈ ਕਿ ਇਹ ਕੋਈ ਇਨਸਾਫ਼ ਨਹੀਂ ਬਲਕਿ ਜ਼ਿਆਦਤੀ ਹੈ, ਰਾਜਨੀਤੀ ਪ੍ਰਭਾਵ ਹੇਠ ਅਕਾਲੀ ਆਗੂਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਵਿੱਚ ਸਿਰਫ਼ ਸਿੱਧੂ ਏਜੰਡਾ ਕੰਮ ਕਰ ਰਿਹਾ ਹੈ, ਮੁੱਖ ਮੰਤਰੀ ਸਿਰਫ਼ ਕਠਪੁਤਲੀ ਹੈ। ਉਨ੍ਹਾਂ ਕਿਹਾ ਕਿ ਮਜੀਠੀਆ ਤੇ ਪਰਚਾ ਦਰਜ਼ ਕਰਵਾਉਣ ਲਈ ਸਰਕਾਰ ਨੇ ਥੋੜ੍ਹੇ ਹੀ ਦਿਨਾਂ ਵਿੱਚ ਪੰਜਾਬ ਡੀਜੀਪੀ ਬਦਲ ਦਿੱਤੇ।

ਅਕਾਲੀ ਆਗੂਆਂ ਨੇ ਇਕਮੁਠਤਾ ਨਾਲ ਕਿਹਾ ਕਿ ਅਕਾਲੀ ਆਗੂਆਂ ਤੇ ਪੰਜਾਬ ਸਰਕਾਰ ਪਰਚੇ ਦਰਜ਼ ਕਰਨ ਦੀ ਨੀਤੀ ਨੂੰ ਹਰਗਿਜ਼ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਪੰਜਾਬ ਸਰਕਾਰ ਦੇ ਖਿਲਾਫ਼ 24 ਦਸਬੰਰ ਨੂੰ ਜ਼ਿਲ੍ਹਾ ਹੈਡ ਕੁਆਰਟਰ ’ਤੇ ਜ਼ਿਲ੍ਹਾ ਪੱਧਰੀ ਧਰਨਾ ਦਿੱਤਾ ਜਾਵੇਗਾ ਜਿਸ ਵਿੱਚ ਪੰਜਾਬ ਸਰਕਾਰ ਦੇ ਖਿਲਾਫ਼ ਸੰਘਰਸ਼ ਦਾ ਬਿਗਲ ਵਜਾਇਆ ਜਾਵੇਗਾ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਜਨਮ ਸੰਘਰਸ਼ਾਂ ’ਚ ਹੋਇਆ ਹੈ ਅਤੇ ਪੰਜਾਬ ਸਰਕਾਰ ਦੀਆਂ ਇਹ ਧਮਕੀਆਂ ਅਕਾਲੀ ਆਗੂਆਂ ਦਾ ਮਨੋਬਲ ਡੇਗ ਨਹੀਂ ਸਕਦੀਆਂ। ਉਨ੍ਹਾਂ ਦਾਅਵਾ ਕੀਤਾ ਕਿ ਇਸ ਮਾਮਲੇ ’ਤੇ ਸਮੁੱਚੇ ਪੰਜਾਬ ਦੇ ਵੋਟਰ ਅਕਾਲੀ ਦਲ ਦੇ ਨਾਲ ਹਨ ਅਤੇ ਪੰਜਾਬ ਸਰਕਾਰ ਨੂੰ ਇਸ ਧੱਕੇ ਦਾ ਬਦਲਾ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਭੁਗਤਣਾ ਪਵੇਗਾ। ਇਸ ਮੌਕੇ ਉਨ੍ਹਾਂ ਦੇ ਨਾਲ ਹੋਰ ਵੀ ਅਕਾਲੀ ਆਗੂ ਵੱਡੀ ਗਿਣਤੀ ਵਿੱਚ ਮੌਜ਼ੂਦ ਸਨ।


author

Bharat Thapa

Content Editor

Related News