ਕਾਂਗਰਸ ਉਮੀਦਵਾਰਾਂ ਦੀ ਚੋਣ ਨੂੰ ਲੈ ਕੇ ਆਗੂਆਂ ਨੇ ਤਿਆਰ ਕੀਤੀਆਂ ਵੱਖ-ਵੱਖ ਸੂਚੀਆਂ, ਸਿੱਧੂ ਦੀ ਆਪਣੀ ਸੂਚੀ ਤਿਆਰ

Sunday, Dec 19, 2021 - 08:42 AM (IST)

ਕਾਂਗਰਸ ਉਮੀਦਵਾਰਾਂ ਦੀ ਚੋਣ ਨੂੰ ਲੈ ਕੇ ਆਗੂਆਂ ਨੇ ਤਿਆਰ ਕੀਤੀਆਂ ਵੱਖ-ਵੱਖ ਸੂਚੀਆਂ, ਸਿੱਧੂ ਦੀ ਆਪਣੀ ਸੂਚੀ ਤਿਆਰ

ਜਲੰਧਰ (ਧਵਨ) - ਪੰਜਾਬ ’ਚ ਫਰਵਰੀ ਮਹੀਨੇ ’ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਉਮੀਦਵਾਰਾਂ ਦੀ ਚੋਣ ਨੂੰ ਲੈ ਕੇ ਵੱਖ-ਵੱਖ ਨੇਤਾਵਾਂ ’ਚ ਜ਼ੋਰ-ਅਜ਼ਮਾਇਸ਼ ਦਾ ਦੌਰ ਸ਼ੁਰੂ ਹੋ ਗਿਆ ਹੈ। ਕਾਂਗਰਸੀ ਹਲਕਿਆਂ ਤੋਂ ਪਤਾ ਲੱਗਾ ਹੈ ਕਿ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਜਿੱਥੇ ਆਪਣੀ ਪਸੰਦ ਦੇ ਸੰਭਾਵਿਤ ਉਮੀਦਵਾਰਾਂ ਦੀ ਸੂਚੀ ਤਿਆਰ ਕੀਤੀ ਹੋਈ ਹੈ। ਦੂਜੇ ਪਾਸੇ ਪੰਜਾਬ ਕਾਂਗਰਸ ਮਾਮਲਿਆਂ ਦੇ ਮੁਖੀ ਹਰੀਸ਼ ਚੌਧਰੀ ਨੇ ਵੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਮਿਲ ਕੇ ਸੰਭਾਵਿਤ ਉਮੀਦਵਾਰਾਂ ਦੀ ਵੱਖਰੀ ਸੂਚੀ ਤਿਆਰ ਕੀਤੀ ਹੋਈ ਹੈ। ਟਿਕਟਾਂ ਦੇ ਚਾਹਵਾਨ ਕਾਂਗਰਸੀ ਨੇਤਾਵਾਂ ਨੇ ਸਕ੍ਰੀਨਿੰਗ ਕਮੇਟੀ ਦੇ ਅਹਿਮ ਮੈਂਬਰ ਸੁਨੀਲ ਜਾਖੜ ਦੇ ਨਾਲ ਵੀ ਮੁਲਾਕਾਤ ਕਰਨੀ ਸ਼ੁਰੂ ਕਰ ਦਿੱਤੀ ਹੈ।

ਪੜ੍ਹੋ ਇਹ ਵੀ ਖ਼ਬਰ - ਬਠਿੰਡਾ: ਸਾਗ ਖਾਣ ਨਾਲ ਮਾਂ-ਪਿਓ ਦੀ ਮੌਤ, ਵੈਂਟੀਲੈਂਟਰ 'ਤੇ ਪੁੱਤ ਲੜ ਰਿਹਾ ਜ਼ਿੰਦਗੀ ਦੀ ਲੜਾਈ

ਕਾਂਗਰਸੀ ਨੇਤਾਵਾਂ ਨੇ ਦੱਸਿਆ ਕਿ ਕਿਉਂਕਿ ਕਾਂਗਰਸ ਉਮੀਦਵਾਰਾਂ ਦੀ ਚੋਣ ਨੂੰ ਲੈ ਕੇ ਕੇਂਦਰੀ ਹਾਈਕਮਾਨ ਵਲੋਂ ਪੂਰੀ ਨਜ਼ਰ ਰੱਖੀ ਜਾ ਰਹੀ ਹੈ। ਇਸ ਲਈ ਕਾਂਗਰਸ ਦੀ ਕੇਂਦਰੀ ਲੀਡਰਸ਼ਿਪ ਇਸ ਗੱਲ ਨੂੰ ਦੇਖ ਕੇ ਚੱਲੇਗੀ ਕਿ ਉਮੀਦਵਾਰਾਂ ਦੀ ਚੋਣ ਕਰਦੇ ਸਮੇਂ ਕਾਂਗਰਸ ਦੇ ਸਾਰੇ ਧੜਿਆਂ ਦਰਮਿਆਨ ਤਾਲਮੇਲ ਸਥਾਪਿਤ ਕੀਤਾ ਜਾਵੇ। ਕਾਂਗਰਸੀ ਨੇਤਾਵਾਂ ਦਾ ਕਹਿਣਾ ਹੈ ਕਿ ਸਕ੍ਰੀਨਿੰਗ ਕਮੇਟੀ ਵਲੋਂ ਸੰਭਾਵਿਤ ਉਮੀਦਵਾਰਾਂ ਦੇ ਨਾਵਾਂ ਦੇ ਪੈਨਲ ਤਿਆਰ ਕੀਤੇ ਜਾਣਗੇ ਅਤੇ ਉਸ ਨੂੰ ਕੇਂਦਰੀ ਚੋਣ ਕਮੇਟੀ ਕੋਲ ਮਨਜ਼ੂਰੀ ਲਈ ਭੇਜਿਆ ਜਾਵੇਗਾ। ਇਸ ਦੇ ਬਾਵਜੂਦ ਕਾਂਗਰਸ ’ਚ ਇਹ ਚਰਚਾ ਚੱਲ ਰਹੀ ਹੈ ਕਿ ਨਵਜੋਤ ਸਿੱਧੂ ਆਪਣੇ ਨੇੜਲੇ ਵਿਅਕਤੀਆਂ ਦੀਆਂ ਟਿਕਟਾਂ ਨੂੰ ਪੱਕਾ ਕਰਨ ’ਚ ਲੱਗੇ ਹੋਏ ਹਨ। 

ਪੜ੍ਹੋ ਇਹ ਵੀ ਖ਼ਬਰ - ਬਠਿੰਡਾ ਦੇ ਹੋਟਲ ’ਚ ਚੱਲ ਰਹੇ ਦੇਹ ਵਪਾਰ ਦਾ ਪਰਦਾਫਾਸ਼, ਲੁਧਿਆਣਾ ਦੇ 3 ਕਾਰੋਬਾਰੀ ਅਤੇ 1 ਕੁੜੀ ਗ੍ਰਿਫ਼ਤਾਰ

ਦੂਜੇ ਪਾਸੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਆਪਣੇ ਨੇੜਲੇ ਵਿਅਕਤੀਆਂ ਦੀਆਂ ਟਿਕਟਾਂ ਕਿਸੇ ਵੀ ਹਾਲਤ ’ਚ ਕੱਟਣ ਨਹੀਂ ਦੇਣਾ ਚਾਹੁੰਦੇ ਹਨ। ਕਾਂਗਰਸ ਨੇਤਾਵਾਂ ਦਾ ਕਹਿਣਾ ਹੈ ਕਿ ਅਸਲ ’ਚ ਪਾਰਟੀ ਦੇ ਅੰਦਰ 2022 ’ਚ ਚੋਣ ਨਤੀਜਿਆਂ ਤੋਂ ਬਾਅਦ ਚੁਣੇ ਜਾਣ ਵਾਲੇ ਮੁੱਖ ਮੰਤਰੀ ਨੂੰ ਲੈ ਕੇ ਹਾਲੇ ਵੀ ਅਜ਼ਮਾਇਸ਼ ਦਾ ਦੌਰ ਚੱਲ ਪਿਆ ਹੈ। ਚੰਡੀਗੜ੍ਹ ’ਚ ਫਿਲਹਾਲ ਕਾਂਗਰਸੀ ਟਿਕਟਾਂ ਦੇ ਚਾਹਵਾਨ ਨੇਤਾਵਾਂ ਨੇ ਸੀਨੀਅਰ ਨੇਤਾਵਾਂ ਨਾਲ ਬੈਠਕਾਂ ਸ਼ੁਰੂ ਕਰ ਦਿੱਤੀਆਂ ਹਨ ਅਤੇ ਉਹ ਆਪਣੀ-ਆਪਣੀ ਟਿਕਟ ਨੂੰ ਸੁਰੱਖਿਅਤ ਬਣਾਉਣ ’ਚ ਜੁਟੇ ਹੋਏ ਹਨ। 

 ਪੜ੍ਹੋ ਇਹ ਵੀ ਖ਼ਬਰ - ਦੁਖ਼ਦ ਖ਼ਬਰ: 6 ਦਿਨਾਂ ਤੋਂ ਲਾਪਤਾ ਬੱਚੀ ਦੀ ਰੇਤ ’ਚ ਦੱਬੀ ਹੋਈ ਮਿਲੀ ਲਾਸ਼, ਪਰਿਵਾਰ ਦਾ ਰੋ-ਰੋ ਬੁਰਾ ਹਾਲ

ਕਾਂਗਰਸ ਦੇ ਮੌਜੂਦਾ ਵਿਧਾਇਕ ਆਪਣੀਆਂ ਟਿਕਟਾਂ ਨੂੰ ਸੁਰੱਖਿਅਤ ਕਰਨ ’ਚ ਲੱਗੇ ਹੋਏ ਹਨ ਤਾਂ ਦੁਜੇ ਪਾਸੇ ਕਮਜ਼ੋਰ ਵਿਧਾਇਕਾਂ ਦੇ ਖੇਤਰਾਂ ’ਚ ਨਵੇਂ ਦਾਅਵੇਦਾਰ ਟਿਕਟਾਂ ਲਈ ਸੰਨ੍ਹ ਲਗਾਉਣ ਲਈ ਤਿਆਰ ਬੈਠੇ ਹਨ। ਇਨ੍ਹਾਂ ਸਭ ਦੇ ਦਰਮਿਆਨ ਕਾਂਗਰਸ ਸਕ੍ਰੀਨਿੰਗ ਕਮੇਟੀ ਦੇ ਸੀਨੀਅਰ ਨੇਤਾਵਾਂ ਨਾਲ ਵੀ ਮੰਤਰੀਆਂ, ਵਿਧਾਇਕਾਂ ਨੇ ਮਿਲਣਾ ਸ਼ੁਰੂ ਕਰ ਦਿੱਤਾ ਹੈ। ਹਰੇਕ ਸੀਟ ਲਈ ਸਕ੍ਰੀਨਿੰਗ ਕਮੇਟੀ ਵਲੋਂ 2 ਤੋਂ 3 ਉਮੀਦਵਾਰਾਂ ਦੇ ਨਾਵਾਂ ਦਾ ਪੈਨਲ ਤਿਆਰ ਕੀਤਾ ਜਾਣਾ ਹੈ। ਉਸ ਤੋਂ ਬਾਅਦ ਇਹ ਸਾਰੇ ਨਾਂ ਕੇਂਦਰੀ ਚੋਣ ਕਮੇਟੀ ਕੋਲ ਚਲੇ ਜਾਣਗੇ ਅਤੇ ਅੰਤਿਮ ਮੋਹਰ ਉੱਥੇ ਹੀ ਲੱਗਣੀ ਹੈ।

 ਪੜ੍ਹੋ ਇਹ ਵੀ ਖ਼ਬਰ - ਕੋਰੋਨਾ ਕਾਰਨ ਅਟਾਰੀ ਸਰਹੱਦ ’ਤੇ ਫ਼ਸੀ ਪਾਕਿ ਹਿੰਦੂ ਜਨਾਨੀ ਨੇ ਦਿੱਤਾ ਬੱਚੇ ਨੂੰ ਜਨਮ, ਨਾਂ ਰੱਖਿਆ ‘ਬਾਰਡਰ’


author

rajwinder kaur

Content Editor

Related News