ਕਾਂਗਰਸੀ ਉਮੀਦਵਾਰ ਅਮਰ ਸਿੰਘ ਵਲੋਂ ਚੋਣ ਕਮਿਸ਼ਨ 'ਤੇ 'ਵਿਵਾਦਿਤ ਟਿੱਪਣੀ'

Friday, May 03, 2019 - 01:06 PM (IST)

ਕਾਂਗਰਸੀ ਉਮੀਦਵਾਰ ਅਮਰ ਸਿੰਘ ਵਲੋਂ ਚੋਣ ਕਮਿਸ਼ਨ 'ਤੇ 'ਵਿਵਾਦਿਤ ਟਿੱਪਣੀ'

ਮਾਛੀਵਾੜਾ ਸਾਹਿਬ (ਟੱਕਰ) : ਲੋਕ ਸਭਾ ਹਲਕਾ ਫਤਹਿਗੜ੍ਹ ਸਾਹਿਬ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਡਾ. ਅਮਰ ਸਿੰਘ ਨੇ ਬੀਤੀ ਰਾਤ ਮਾਛੀਵਾੜਾ ਸ਼ਹਿਰ ਵਿਚ ਇੱਕ ਚੋਣ ਸਭਾ ਨੂੰ ਸੰਬੋਧਨ ਕਰਦਿਆਂ ਭਾਰਤ ਦੇ ਚੋਣ ਕਮਿਸ਼ਨ 'ਤੇ ਹੀ ਵਿਵਾਦਿਤ ਟਿੱਪਣੀ ਕਰ ਦਿੱਤੀ ਅਤੇ ਕਿਹਾ ਕਿ ਨਿਰਪੱਖ ਚੋਣਾਂ ਕਰਵਾਉਣ ਵਾਲਾ ਚੋਣ ਕਮਿਸ਼ਨ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹੱਥਾਂ ਵਿਚ ਖੇਡ ਰਿਹਾ ਹੈ। ਡਾ. ਅਮਰ ਸਿੰਘ ਨੇ ਲੋਕਾਂ ਦੀ ਕਚਹਿਰੀ ਵਿਚ ਤੱਥ ਪੇਸ਼ ਕਰਦਿਆਂ ਕਿਹਾ ਕਿ ਭਾਰਤ ਦੇ ਚੋਣ ਕਮਿਸ਼ਨ ਨੇ ਲੋਕ ਸਭਾ ਵੋਟਾਂ ਲਈ ਜੋ ਵੱਖ-ਵੱਖ ਸੂਬਿਆਂ ਦੀਆਂ ਮਿਤੀਆਂ ਤੈਅ ਕੀਤੀਆਂ ਉਹ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਹਿਣ ਅਨੁਸਾਰ ਹੋਈਆਂ। ਉਨ੍ਹਾਂ ਕਿਹਾ ਕਿ ਜੋ ਇਹ ਚੋਣ ਪ੍ਰੋਗਰਾਮ ਕਮਿਸ਼ਨ ਨੇ ਬਣਾਇਆ ਉਹ ਪ੍ਰਧਾਨ ਮੰਤਰੀ ਮੋਦੀ ਦੇ ਭਾਸ਼ਣਾ ਨੂੰ ਦੇਖ ਕੇ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਨੇ ਕੇਵਲ 10 ਪਾਰਲੀਮੈਂਟ ਨੂੰ 4 ਹਿੱਸਿਆਂ ਵਿਚ ਵੰਡ ਦਿੱਤਾ ਤਾਂ ਜੋ ਨਰਿੰਦਰ ਮੋਦੀ ਹਰੇਕ ਥਾਂ 'ਤੇ ਜਾ ਕੇ ਭਾਸ਼ਣ ਦੇ ਸਕੇ। ਉਨ੍ਹਾਂ ਕਿਹਾ ਕਿ ਭਾਰਤ ਦੇ ਚੋਣ ਕਮਿਸ਼ਨ ਦੀ ਹਾਲਤ ਅਜਿਹੀ ਕਦੇ ਨਹੀਂ ਹੋਈ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਜੇਕਰ ਦੁਬਾਰਾ ਪ੍ਰਧਾਨ ਮੰਤਰੀ ਮੋਦੀ ਸੱਤਾ ਵਿਚ ਆ ਗਿਆ ਤਾਂ ਦੇਸ਼ ਵਿਚ ਲੋਕਤੰਤਰ ਨਾਮ ਦੀ ਕੋਈ ਚੀਜ਼ ਨਹੀਂ ਰਹੇਗੀ ਅਤੇ ਸਾਰੇ ਲੋਕ ਪਛਤਾਉਣਗੇ। ਡਾ. ਅਮਰ ਸਿੰਘ ਨੇ ਇਲੈਕਟ੍ਰੋਨਿਕ ਮੀਡੀਆ 'ਤੇ ਵਰ੍ਹਦੇ ਕਿਹਾ ਕਿ ਇਹ ਸਾਰਾ ਮੀਡੀਆ ਭਾਜਪਾ ਵਲੋਂ ਖਰੀਦਿਆ ਹੋਇਆ ਹੈ ਅਤੇ ਟੀ.ਵੀ ਚੈਨਲਾਂ 'ਤੇ ਕੇਵਲ ਮੋਦੀ ਦਾ ਗੁਣਗਾਣ ਹੁੰਦਾ ਹੈ ਇਸ ਲਈ ਲੋਕ ਉਨ੍ਹਾਂ ਦੇ ਝੂਠੇ ਬਹਿਕਾਵਿਆਂ ਵਿਚ ਨਾ ਆਉਣ। 

ਰਾਮ ਮੰਦਰ ਮੁੱਦੇ 'ਤੇ ਭਾਜਪਾ ਨੂੰ ਘੇਰਿਆ
ਕਾਂਗਰਸ ਉਮੀਦਵਾਰ ਡਾ. ਅਮਰ ਸਿੰਘ ਨੇ ਅਯੁੱਧਿਆ ਵਿਚ ਬਣ ਰਹੇ ਰਾਮ ਮੰਦਰ ਦੇ ਮੁੱਦੇ 'ਤੇ ਵੀ ਭਾਜਪਾ ਨੂੰ ਘੇਰਦਿਆਂ ਕਿਹਾ ਕਿ ਜਦੋਂ ਵੀ ਵੋਟਾਂ ਆਉਂਦੀਆਂ ਹਨ ਤਾਂ ਇਸ ਪਾਰਟੀ ਨੂੰ ਭਗਵਾਨ ਸ੍ਰੀ ਰਾਮ ਜੀ ਦਾ ਮੰਦਰ ਬਣਾਉਣ ਦਾ ਮੁੱਦਾ ਯਾਦ ਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਭਾਜਪਾ ਦੇ ਅਟਲ ਬਿਹਾਰੀ ਵਾਜਪਾਈ ਦੇਸ਼ ਦੀ ਪ੍ਰਧਾਨ ਮੰਤਰੀ ਰਹੇ ਅਤੇ ਪਿਛਲੇ 5 ਸਾਲ ਤੋਂ ਨਰਿੰਦਰ ਮੋਦੀ ਸੱਤਾ ਸੰਭਾਲੀ ਬੈਠੇ ਹਨ, ਜੇਕਰ ਇਹ ਚਾਹੁੰਦੇ ਤਾਂ ਬਹੁਮਤ ਹੋਣ ਕਾਰਨ ਰਾਮ ਮੰਦਰ ਨੂੰ ਬਣਾਉਣ ਦਾ ਮੁੱਦਾ ਸੰਸਦ ਵਿਚ ਪਾਸ ਕਰ ਸਕਦੇ ਹਨ ਪਰ ਭਾਜਪਾ ਕੇਵਲ ਧਰਮ ਦੇ ਨਾਮ 'ਤੇ ਸਿਆਸਤ ਕਰਨਾ ਜਾਣਦੀ ਹੈ ਅਤੇ ਰਾਮ ਮੰਦਰ ਦੇ ਨਾਮ 'ਤੇ ਹਿੰਦੂ ਭਾਈਚਾਰੇ ਨੂੰ ਗੁੰਮਰਾਹ ਕਰ ਰਹੀ ਹੈ।  


author

Babita

Content Editor

Related News