ਯੂਥ ਅਕਾਲੀ ਦਲ ਵੱਲੋਂ ਸਮਾਜਿਕ ਦੂਰੀ ਦੇ ਨਿਯਮਾਂ ਦੀ ਉਲੰਘਣਾ ਕਰਨ ਬਾਰੇ ਕਾਂਗਰਸ ਕਰੇਗੀ ਸ਼ਿਕਾਇਤ
Monday, Jul 20, 2020 - 06:35 PM (IST)
ਜਲੰਧਰ(ਬੁਲੰਦ) - ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੂਬੇ ਵਿਚ ਲਾਈ ਗਈ ਧਾਰਾ 144 ਦੇ ਬਾਵਜੂਦ ਬੀਤੇ ਦਿਨੀਂ ਯੂਥ ਅਕਾਲੀ ਦਲ ਦੇ ਪੰਜਾਬ ਪ੍ਰਧਾਨ ਪਰਮਬੰਸ ਸਿੰਘ ਬੰਟੀ ਰੋਮਾਣਾ ਅਤੇ ਹੋਰ ਯੂਥ ਆਗੂਆਂ ਨੇ ਇਕ ਹੋਟਲ ਵਿਚ ਪ੍ਰੈੱਸ ਕਾਨਫਰੰਸ ਕਰ ਕੇ ਆਪਣੇ ਵਿਰੋਧੀਆਂ ’ਤੇ ਸਿਆਸੀ ਹਮਲੇ ਕੀਤੇ ਸਨ। ਇਸ ਕਾਨਫਰੰਸ ਵਿਚ ਸਰਕਾਰ ਵੱਲੋਂ ਲਾਈ ਗਈ 5 ਤੋਂ ਵੱਧ ਲੋਕਾਂ ਦੇ ਇਕੱਠੇ ਹੋਣ ’ਤੇ ਪਾਬੰਦੀ ਦੀਆਂ ਧੱਜੀਆਂ ਉਡਾਈਆਂ ਗਈਆਂ ਸਨ। ਹੁਣ ਇਸ ਮਾਮਲੇ ਵਿਚ ਕਾਂਗਰਸ ਪਾਰਟੀ ਦਾ ਇਕ ਵਿੰਗ ਪੁਲਸ ਕਮਿਸ਼ਨਰ ਨੂੰ ਸ਼ਿਕਾਇਤ ਕਰਨ ਜਾ ਰਿਹਾ ਹੈ।
ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਉਕਤ ਕਾਂਗਰਸੀ ਵਿੰਗ ਦੇ ਆਗੂਆਂ ਨੇ ਦੱਸਿਆ ਕਿ ਅਕਾਲੀ ਆਗੂਆਂ ਨੇ ਜਿਸ ਤਰ੍ਹਾਂ ਸੋਸ਼ਲ ਡਿਸਟੈਂਸਿੰਗ ਦੇ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਹਨ, ਉਨ੍ਹਾਂ ਦੀ ਚਾਰੇ ਪਾਸੇ ਨਿੰਦਾ ਹੋ ਰਹੀ ਹੈ। ਵੱਖ-ਵੱਖ ਅਖਬਾਰਾਂ ਅਤੇ ਟੀ. ਵੀ. ਚੈਨਲਾਂ ਨੇ ਵੀ ਆਪਣੀਆਂ ਖਬਰਾਂ ਵਿਚ ਇਸ ਮੁੱਦੇ ਨੂੰ ਉਠਾਇਆ ਹੈ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਜਲੰਧਰ ਕਮਿਸ਼ਨਰੇਟ ਵੱਲੋਂ ਸੋਸ਼ਲ ਡਿਸਟੈਂਸਿੰਗ ਨਿਯਮਾਂ ਦੀ ਉਲੰਘਣਾ ਕਰਨ ’ਤੇ ਹੋਟਲ, ਪੱਬ ਅਤੇ ਰੈਸਤਰਾਂ ਦੇ ਸੰਚਾਲਕਾਂ ’ਤੇ ਤਾਂ ਕੇਸ ਦਰਜ ਕਰ ਲਏ ਗਏ ਪਰ ਪ੍ਰੈੱਸ ਕਾਨਫਰੰਸ ਕਰਨ ਵਾਲੇ ਅਕਾਲੀ ਆਗੂਆਂ ਨੂੰ ਸ਼ਾਇਦ ਜਲੰਧਰ ਕਮਿਸ਼ਨਰੇਟ ਪੁਲਸ ਜ਼ਿਆਦਾ ਵੀ. ਆਈ. ਪੀ. ਮੰਨ ਰਹੀ ਹੈ। ਕਾਂਗਰਸੀ ਆਗੂਆਂ ਨੇ ਦੱਸਿਆ ਕਿ ਪ੍ਰੈੱਸ ਜ਼ਿਆਦਾ ਲੋਕ ਸਟੇਜ ’ਤੇ ਸਨ, ਉਥੇ ਹੀ ਉਨ੍ਹਾਂ ਵਿਚੋਂ ਕਿਸੇ ਨੇ ਵੀ ਮਾਸਕ ਨਹੀਂ ਸੀ ਪਹਿਨਿਆ ਹੋਇਆ, ਜੋ ਕਿ ਕੋਰੋਨਾ ਤੋਂ ਬਚਾਅ ਲਈ ਸਰਕਾਰ ਵੱਲੋਂ ਕੀਤੇ ਜਾ ਰਹੇ ਉਪਾਵਾਂ ਦਾ ਮਜ਼ਾਕ ਸੀ। ਕਾਂਗਰਸ ਆਗੂਆਂ ਨੇ ਕਿਹਾ ਕਿ ਜਲਦ ਉਹ ਪੁਲਸ ਕਮਿਸ਼ਨਰ ਨੂੰ ਇਕ ਮੰਗ-ਪੱਤਰ ਦੇਣਗੇ, ਜਿਸ ਦੇ ਨਾਲ ਪ੍ਰੈੱਸ ਕਾਨਫਰੰਸ ਦੀਆਂ ਤਸਵੀਰਾਂ ਵੀ ਲਾਈਆਂ ਜਾਣਗੀਆਂ। ਜੇਕਰ ਪੁਲਸ ਨੇ ਕਾਰਵਾਈ ਨਾ ਕੀਤੀ ਤਾਂ ਇਸ ਦੀ ਸ਼ਿਕਾਇਤ ਮੁੱਖ ਮੰਤਰੀ ਨੂੰ ਭੇਜੀ ਜਾਵੇਗੀ, ਜਿਸ ਵਿਚ ਜਲੰਧਰ ਪੁਲਸ ਵੱਲੋਂ ਧਾਰਾ 144 ਦੇ ਨਿਯਮਾਂ ਨੂੰ ਸਖਤੀ ਨਾਲ ਲਾਗੂ ਨਾ ਕਰਨ ਦੀ ਸ਼ਿਕਾਇਤ ਵੀ ਕੀਤੀ ਜਾਵੇਗੀ। ਜਾਣਕਾਰਾਂ ਦੀ ਮੰਨੀਏ ਤਾਂ ਜੇਕਰ ਕਾਂਗਰਸੀ ਆਗੂ ਪੁਲਸ ਨੂੰ ਸ਼ਿਕਾਇਤ ਦਿੰਦੇ ਹਨ ਤਾਂ ਆਉਣ ਵਾਲੇ ਦਿਨਾਂ ਵਿਚ ਯੂਥ ਅਕਾਲੀ ਦਲ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ।