ਕਾਂਗਰਸ ਦੇ ਬਲਾਕ ਪ੍ਰਧਾਨ ਮਹੇਸ਼ ਕੁਮਾਰ ਲੋਟਾ ਨੂੰ ਪੁਲਸ ਨੇ ਕੀਤਾ ਗ੍ਰਿਫ਼ਤਾਰ
Saturday, Nov 18, 2023 - 01:58 PM (IST)
ਬਰਨਾਲਾ (ਵਿਵੇਕ ਸਿੰਧਵਾਨੀ, ਰਵੀ) : ਬਰਨਾਲਾ ਸ਼ਹਿਰੀ ਕਾਂਗਰਸ ਦੇ ਬਲਾਕ ਪ੍ਰਧਾਨ ਮਹੇਸ਼ ਕੁਮਾਰ ਲੋਟਾ ਨੂੰ ਸ਼ਨੀਵਾਰ ਸਵੇਰੇ ਪੁਲਸ ਨੇ ਗ੍ਰਿਫਤਾਰ ਕਰ ਲਿਆ ਜਿਸ ਕਾਰਨ ਰਾਜਨੀਤਿਕ ਹਲਕਿਆਂ ਵਿਚ ਮਾਹੌਲ ਗਰਮਾ ਗਿਆ। ਇਸ ਦੇ ਨਾਲ-ਨਾਲ ਪੁਲਸ ਨੇ ਸ਼ੈਲਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਭਾਰਤ ਭੂਸ਼ਣ ਘੋਨਾ ਨੂੰ ਵੀ ਗ੍ਰਿਫ਼ਤਾਰ ਕਰ ਲਿਆ। ਜਦੋਂ ਇਸ ਦੀ ਭਿਣਕ ਕਾਂਗਰਸੀਆਂ ਨੂੰ ਲੱਗੀ ਤਾਂ ਉਹ ਵੱਡੀ ਗਿਣਤੀ ਵਿਚ ਥਾਣਾ ਸਿਟੀ ਟੂ ਅੱਗੇ ਇਕੱਠੇ ਹੋਣੇ ਸ਼ੁਰੂ ਹੋ ਗਏ। ਆਮ ਲੋਕਾਂ ਨੂੰ ਵੀ ਜਦੋਂ ਸਵੇਰੇ ਇਸ ਗੱਲ ਬਾਰੇ ਪਤਾ ਲੱਗਿਆ ਤਾਂ ਉਹ ਵੀ ਹੈਰਾਨ ਰਹਿ ਗਏ ਅਤੇ ਆਪੋ ਆਪਣੇ ਸੂਤਰਾਂ ਤੋਂ ਇੰਨ੍ਹਾਂ ਗ੍ਰਿਫਤਾਰੀਆਂ ਬਾਰੇ ਕਨਫਰਮ ਕਰਨ ਲਈ ਫੋਨ ਘੁਮਾਉਣ ਲੱਗੇ। ਜ਼ਿਕਰਯੋਗ ਹੈ ਕਿ ਮਹੇਸ਼ ਕੁਮਾਰ ਲੋਟਾ ਨਗਰ ਕੌਸਲ ਦੇ ਮੀਤ ਪ੍ਰਧਾਨ ਵੀ ਰਹਿ ਚੁੱਕੇ ਹਨ ਅਤੇ ਇਨ੍ਹਾਂ ’ਤੇ ਲੱਗੇ ਲੁੱਟ ਖੋਹ ਦੇ ਦੋਸ਼ ਲੋਕਾਂ ਤੋਂ ਹਜ਼ਮ ਨਹੀਂ ਸੀ ਹੋ ਰਹੇ। ਇਸ ਤੋਂ ਉਪਰੰਤ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਕਾਲਾ ਢਿੱਲੋਂ ਅਤੇ ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਮੱਖਣ ਸ਼ਰਮਾ ਦੀ ਅਗਵਾਈ ਵਿਚ ਇਕ ਵਫ਼ਦ ਡੀ. ਐੱਸ. ਪੀ ਸਤਬੀਰ ਸਿੰਘ ਨੂੰ ਮਿਲਿਆ ਅਤੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨ ਦੀ ਮੰਗ ਕੀਤੀ। ਕਾਂਗਰਸੀਆਂ ਵਲੋਂ ਕੇਸ ਰੱਦ ਕਰਨ ਦੀ ਵੀ ਮੰਗ ਕੀਤੀ ਗਈ।
ਪੁਲਸ ਦੀ ਐੱਫ.ਆਈ.ਆਰ ਮੁਤਾਬਕ ਮਹੇਸ਼ ਕੁਮਾਰ ਲੋਟਾ ਨੇ ਤਾਣੀ ਪਿਸਟਲ
ਥਾਣਾ ਸਿਟੀ-2 ਵਿਚ ਪੁਲਸ ਵਲੋਂ ਪੰਕਜ ਬਾਂਸਲ ਵਾਸੀ ਮਹੇਸ਼ ਕਾਲੋਨੀ ਬਰਨਾਲਾ ਜੋ ਕਿ ਸਿਵਲ ਹਸਪਤਾਲ ਵਿਚ ਦਾਖਲ ਹੈ, ਉਸ ਨੇ ਪੁਲਸ ਨੂੰ ਬਿਆਨ ਦਰਜ ਕਰਵਾਏ ਕਿ ਰਾਤੀ ਸਾਢੇ 8 ਵਜੇ ਮੈਂ ਆਪਣੇ ਮਾਮੇ ਦੇ ਲੜਕੇ ਵਿੱਕੀ ਕੁਮਾਰ ਅਤੇ ਇਕ ਹੋਰ ਰਿਸ਼ਤੇਦਾਰ ਨਾਲ ਖਾਣਾ ਖਾਣ ਲਈ ਰੈਡੀਐਂਟ ਹੋਟਲ ਬਰਨਾਲਾ ਵਿਖੇ ਗਿਆ ਸੀ, ਜਦੋਂ ਮੈਂ ਕਾਰ ਪਾਰਕਿੰਗ ਵਿਚ ਖਾਣਾ ਖਾਣ ਲਈ ਹੋਟਲ ਜਾਣ ਲੱਗਾ ਤਾਂ ਲਕਸ਼ੇ ਕੁਮਾਰ, ਟਿੰਕੂ ਖਾਨ, ਘੋਨਾ ਸ਼ੈਲਰ ਵਾਲਾ, ਮਹੇਸ਼ ਕੁਮਾਰ ਲੋਟਾ ਆਪਣੇ 4-5 ਅਣਪਛਾਤੇ ਵਿਅਕਤੀਆਂ ਨਾਲ ਪਹਿਲਾਂ ਹੀ ਉੱਥੇ ਖੜ੍ਹੇ ਸਨ ਤਾਂ ਲਕਸ਼ੇ ਕੁਮਾਰ ਅਤੇ ਟਿੰਕੂ ਖਾਨ ਨੇ ਮੈਨੂੰ ਬੁਲਾਇਆ ਅਤੇ ਕਹਿਣ ਲੱਗੇ ਕਿ ਤੇਰੇ ਦੋਸਤ ਉਮੇਸ਼ ਪ੍ਰਕਾਸ਼ ਤੋਂ ਅਸੀਂ ਪੈਸੇ ਲੈਣੇ ਹਨ, ਮੈਂ ਉਨ੍ਹਾਂ ਨੂੰ ਕਿਹਾ ਕਿ ਮੈਂ ਉਸ ਨਾਲ ਗੱਲ ਕਰ ਲਵਾਂਗਾ। ਇਹ ਸੁਣ ਕੇ ਉਹ ਗੁੱਸੇ ਵਿਚ ਆ ਗਏ ਅਤੇ ਲਕਸ਼ੇ ਕੁਮਾਰ ਅਤੇ ਟਿੰਕੂ ਖਾਨ ਨੇ ਆਪਣੀ ਡੱਬ ਵਿਚੋਂ ਚਾਕੂ ਨੁਮਾ ਕੋਈ ਚੀਜ਼ ਕੱਢ ਲਈ। ਇਸੇ ਦੌਰਾਨ ਘੋਨਾ ਸ਼ੈਲਰ ਵਾਲਾ ਅਤੇ ਮਹੇਸ਼ ਲੋਟਾ ਨੇ ਆਪੋ ਆਪਣੇ ਪਿਸਟਲ ਕੱਢ ਲਏ ਅਤੇ ਮੇਰੇ ਮੱਥੇ ’ਤੇ ਲਗਾ ਕੇ ਕਹਿਣ ਲੱਗੇ ਕਿ ਅੱਜ ਇਸ ਨੂੰ ਮਾਰ ਦਿੰਦੇ ਹਾਂ। ਫਿਰ ਲਕਸ਼ੇ ਅਤੇ ਟਿੰਕੂ ਨੇ ਮੇਰੇ ’ਤੇ ਤਿੱਖੀ ਚੀਜ਼ ਨਾਲ ਹਮਲਾ ਕੀਤਾ। ਇਸ ਉਪਰੰਤ ਮੇਰੇ ਗਲ ਵਿਚ ਪਾਈ ਸੋਨੇ ਦੀ ਚੈਨ ਵੀ ਝਪਟ ਲਈ। ਪੁਲਸ ਨੇ ਪੰਕਜ ਬਾਂਸਲ ਦੇ ਬਿਆਨਾਂ ਦੇ ਆਧਾਰ ’ਤੇ ਉਕਤ ਚਾਰਾਂ ਵਿਅਕਤੀਆਂ ਖਿਲਾਫ਼ 379, 323, 324, 148, 149 ਅਤੇ ਆਰਮਜ਼ ਐਕਟ ਅਧੀਨ ਕੇਸ ਦਰਜ ਕਰਕੇ ਮਹੇਸ਼ ਕੁਮਾਰ ਲੋਟਾ ਅਤੇ ਭਾਰਤ ਭੂਸ਼ਣ ਘੋਨਾ ਨੂੰ ਗ੍ਰਿਫ਼ਤਾਰ ਕਰ ਲਿਆ।
ਪੁਲਸ ਕਰੇ ਸੀ. ਸੀ. ਟੀ. ਵੀ ਕੈਮਰਿਆਂ ਦੀ ਜਾਂਚ : ਲੋਟਾ
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਹੇਸ਼ ਕੁਮਾਰ ਲੋਟਾ ਨੇ ਕਿਹਾ ਕਿ ਰਾਜਨੀਤਿਕ ਰੰਜ਼ਿਸ ਤਹਿਤ ਪੁਲਸ ਨੇ ਮੇਰੇ ’ਤੇ ਝੂਠਾ ਕੇਸ ਦਰਜ ਕੀਤਾ ਹੈ। ਪੁਲਸ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰੇ। ਇਸ ਤਰ੍ਹਾਂ ਰਾਜਨੀਤਿਕ ਸਾਜ਼ਿਸ਼ ਤਹਿਤ ਝੂਠੇ ਕੇਸ ਦਰਜ ਕਰਨਾ ਸਰਾਸਰ ਬੇਇਨਸਾਫ਼ੀ ਹੈ। ਇਸ ਬੇਇਨਸਾਫ਼ੀ ਵਿਰੁੱਧ ਮੈਂ ਡੱਟ ਕੇ ਲੜਾਈ ਲੜਾਂਗਾ।
ਨਗਰ ਕੌਂਸਲ ਦੀ ਪ੍ਰਧਾਨਗੀ ਦੀ ਖੁੰਦਕ ਵਿਚ ਪੁਲਸ ਨੇ ਕੀਤਾ ਝੂਠਾ ਮਾਮਲਾ ਦਰਜ : ਸ਼ਰਮਾ
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੱਖਣ ਸ਼ਰਮਾ ਅਤੇ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਕਿਹਾ ਕਿ ਪਿਛਲੇ ਮਹੀਨੇ ਨਗਰ ਕੌਂਸਲ ਦੀ ਪ੍ਰਧਾਨਗੀ ਨੂੰ ਲੈ ਕੇ ਰੇੜਕਾ ਚੱਲ ਰਿਹਾ ਸੀ, ਹੁਣ ਵੀ ਮਾਮਲਾ ਹਾਈਕੋਰਟ ਵਿਚ ਹੈ। ਰਾਜਨੀਤਿਕ ਖੁੰਦਕ ਦੇ ਤਹਿਤ ਇਹ ਮਾਮਲਾ ਪੁਲਸ ਵਲੋਂ ਦਰਜ ਕੀਤਾ ਗਿਆ ਹੈ। ਜੇਕਰ ਪੁਲਸ ਨੇ ਇਹ ਕੇਸ ਰੱਦ ਨਾ ਕੀਤਾ ਤਾਂ ਸਾਡੇ ਵਲੋਂ ਤਿੱਖਾ ਸੰਘਰਸ਼ ਸ਼ੁਰੂ ਕੀਤਾ ਜਾਵੇਗਾ। ਇਸ ਮੌਕੇ ’ਤੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਗੁਰਜੀਤ ਸਿੰਘ ਰਾਮਨਵਾਸੀਆਂ, ਕੌਂਸਲ ਦੇ ਜ਼ਿਲ੍ਹਾ ਜਨਰਲ ਸਕੱਤਰ ਮੁਨੀਸ਼ ਕੁਮਾਰ ਕਾਕਾ ਅਲਾਲਾਂ ਵਾਲੇ, ਸਾਬਕਾ ਕੌਂਸਲਰ ਜਸਵਿੰਦਰ ਟੀਲੂ, ਬਲਦੇਵ ਸਿੰਘ ਭੁੱਚਰ, ਵਰੁਣ ਬੱਤਾ ਅਤੇ ਵੱਡੀ ਗਿਣਤੀ ਵਿਚ ਕਾਂਗਰਸੀ ਆਗੂ ਹਾਜ਼ਰ ਸਨ।