ਕਾਂਗਰਸ 2019 ''ਚ ਕਰੇਗੀ ਵੱਡਾ ਧਮਾਕਾ

Saturday, Jul 28, 2018 - 06:00 AM (IST)

ਕਾਂਗਰਸ 2019 ''ਚ ਕਰੇਗੀ ਵੱਡਾ ਧਮਾਕਾ

ਜਲੰਧਰ(ਧਵਨ)—ਕਾਂਗਰਸ 2019 ਦੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਵੱਡਾ ਧਮਾਕਾ ਕਰਨ ਦੀ ਤਿਆਰੀ 'ਚ ਹੈ। ਇਸਦੇ ਤਹਿਤ ਪਾਰਟੀ ਲੀਡਰਸ਼ਿਪ ਇਨ੍ਹਾਂ ਸੰਭਾਵਨਾਵਾਂ 'ਤੇ ਵਿਚਾਰ ਕਰ ਰਿਹਾ ਹੈ ਕਿਉਂ ਨਾ 35 ਸਾਲਾਂ ਤੱਕ ਕੋਈ ਵੀ ਇਨਕਮ ਟੈਕਸ ਵਸੂਲਿਆ ਨਾ ਜਾਏ। ਅਜਿਹਾ ਫੈਸਲਾ ਜੇ ਹੁੰਦਾ ਹੈ ਤਾਂ ਮੱਧ ਤੇ ਨੌਜਵਾਨ ਵਰਗ ਨੂੰ ਨਾਲ ਜੋੜਨ 'ਚ ਮਦਦ ਮਿਲੇਗੀ। ਭਾਵੇਂ ਅਜੇ ਆਖਰੀ ਫੈਸਲਾ ਨਹੀਂ ਲਿਆ ਗਿਆ ਹੈ ਪਰ ਸੂਤਰਾਂ ਨੇ ਦੱਸਿਆ ਕਿ 13 ਜੁਲਾਈ ਨੂੰ ਕਾਂਗਰਸ ਦੀ ਕੇਂਦਰੀ ਲੀਡਰਸ਼ਿਪ ਦੀ ਹੋਈ ਬੈਠਕ 'ਚ ਇਸ ਮੁੱਦੇ 'ਤੇ ਚਰਚਾ ਜ਼ਰੂਰ ਹੋਈ ਸੀ। ਬੈਠਕ 'ਚ ਪ੍ਰਿਯੰਕਾ ਗਾਂਧੀ ਖਾਸ ਤੌਰ 'ਤੇ ਮੌਜੂਦ ਸੀ, ਜੋ ਕਿ ਪਰਦੇ ਦੇ ਪਿੱਛੇ ਪਾਰਟੀ ਦੀ ਰਣਨੀਤੀ ਦਾ ਸੰਚਾਲਨ ਕਰ ਰਹੀ ਹੈ। ਕਾਂਗਰਸ ਦਾ ਮੰਨਣਾ ਹੈ ਕਿ ਜੇਕਰ ਇਹ ਫੈਸਲਾ ਲਿਆ ਜਾਂਦਾ ਹੈ ਤਾਂ ਇਸ ਨਾਲ ਨੌਜਵਾਨ ਵੋਟਰ ਪਾਰਟੀ ਨਾਲ ਜੁੜੇਗਾ। ਇਹ ਮੰਨਿਆ ਜਾ ਰਿਹਾ ਹੈ ਕਿ 2019 'ਚ ਹੋਣ ਵਾਲੀਆਂ ਲੋਕ ਸਭਾ ਚੋਣਾਂ 'ਚ 15 ਮਿਲੀਅਨ ਨੌਜਵਾਨ ਵੋਟਰ ਪਹਿਲੀ ਵਾਰ ਆਪਣੀ ਵੋਟ ਦਾ ਇਸਤੇਮਾਲ ਕਰਨਗੇ। ਨੌਜਵਾਨ ਵਰਗ ਨੂੰ ਇਨਕਮ ਟੈਕਸ ਤੋਂ ਰਾਹਤ ਦੇ ਕੇ ਉਨ੍ਹਾਂ ਨੂੰ ਕਾਰੋਬਾਰੀ ਖੇਤਰ 'ਚ ਅੱਗੇ ਲਿਆਉਣ ਲਈ ਉਤਸ਼ਾਹਿਤ ਕੀਤਾ ਜਾਵੇਗਾ। ਇਸ ਦੇ ਨਾਲ-ਨਾਲ ਪਾਰਟੀ ਨੇ ਨਵੀਂ ਨੌਕਰੀਆਂ ਨੂੰ ਪੈਦਾ ਕਰਨ ਦੇ ਵਿਸ਼ੇ 'ਤੇ ਵੀ ਚਰਚਾ ਕੀਤੀ ਹੈ। ਮਤੇ 'ਚ ਕਿਹਾ ਗਿਆ ਹੈ ਕਿ ਕਾਂਗਰਸ ਨੌਜਵਾਨ ਵਰਗ 'ਤੇ ਜ਼ਿਆਦਾ ਫੋਕਸ ਕਰੇ। 2014 ਦੀਆਂ ਲੋਕ ਸਭਾ ਚੋਣਾਂ 'ਚ ਕਾਂਗਰਸ ਨੇ 100 ਦਿਨ ਦੇ ਅੰਦਰ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦਾ ਵਾਅਦਾ ਕੀਤਾ ਸੀ ਪਰ ਉਸ ਸਮੇਂ ਮੋਦੀ ਦੀ ਅਗਵਾਈ 'ਚ ਭਾਜਪਾ ਸਰਕਾਰ ਕੇਂਦਰ 'ਚ ਸੱਤਾ ਵਿਚ ਆ ਗਈ। ਕਾਂਗਰਸੀ ਸੂਤਰ ਨੇ ਦੱਸਿਆ ਕਿ ਦੇਸ਼ 'ਚ ਦੋ-ਤਿਹਾਈ ਭਾਰਤੀਆਂ ਦੀ ਉਮਰ 35 ਸਾਲ ਤੋਂ ਘੱਟ ਹੈ। ਇਸ ਹਿਸਾਬ ਨਾਲ ਇਨ੍ਹਾਂ ਦੀ ਗਿਣਤੀ ਲਗਭਗ 80 ਕਰੋੜ ਬਣਦੀ ਹੈ। ਪਿਛਲੇ ਇਕ ਦਹਾਕੇ ਦੌਰਾਨ ਕਾਂਗਰਸ ਨੇ ਆਪਣੇ ਆਪ ਨੂੰ ਨੌਜਵਾਨ ਵਰਗ ਨਾਲ ਜੋੜਨ ਦੀਆਂ ਕੋਸ਼ਿਸ਼ਾਂ ਕੀਤੀਆਂ ਹਨ। ਇਨਕਮ ਟੈਕਸ 'ਚ ਛੋਟ ਦੇਣ ਦੇ ਪਿੱਛੇ ਕਾਂਗਰਸ ਦੇ ਅੰਦਰ ਇਕ ਵਿਚਾਰ ਇਹ ਵੀ ਹੈ ਕਿ ਇਸ ਨਾਲ 2019 ਦੀ ਪੂਰੀ ਸਿਆਸੀ ਦਿਸ਼ਾ ਹੀ ਬਦਲ ਜਾਏਗੀ। ਇੰਡੀਅਨ ਓਵਰਸੀਜ਼ ਕਾਂਗਰਸ ਦੇ ਚੇਅਰਮੈਨ ਸੈਮ ਪਿਤਰੋਡਾ ਨੂੰ ਆਉਣ ਵਾਲੇ ਮਹੀਨਿਆਂ 'ਚ ਭਾਰਤ 'ਚ ਨੌਜਵਾਨ ਵਰਗ ਨੂੰ ਪਾਰਟੀ ਨਾਲ ਜੋੜਨ ਲਈ ਮੁੱਦਿਆਂ ਨੂੰ ਲੱਭਣਾ ਹੀ ਅਹਿਮ ਜ਼ਿੰਮੇਵਾਰੀ ਸੌਂਪੀ ਜਾ ਸਕਦੀ ਹੈ। ਸੈਮ ਪਿਤਰੋਡਾ ਇਸ ਸਮੇਂ ਸੰਸਾਰ ਦੇ ਵੱਖ-ਵੱਖ ਦੇਸ਼ਾਂ 'ਚ ਅਪ੍ਰਵਾਸੀਆਂ ਨੂੰ ਰਾਹੁਲ ਗਾਂਧੀ ਦੇ ਨੇੜੇ ਲਿਆਉਣ ਦੀ ਮੁਹਿੰਮ 'ਚ ਜੁੜੇ ਹੋਏ ਹਨ।


Related News