ਅਨੁਸ਼ਾਸਨਹੀਣਤਾ ਨੂੰ ਲੈ ਕੇ ਪੰਜਾਬ ਕਾਂਗਰਸ ਨੇ ਕਾਰਪੋਰੇਸ਼ਨ ਚੋਣਾਂ ''ਚ ਸਖ਼ਤ ਸਟੈਂਡ ਲਿਆ

Wednesday, Dec 06, 2017 - 06:19 AM (IST)

ਅਨੁਸ਼ਾਸਨਹੀਣਤਾ ਨੂੰ ਲੈ ਕੇ ਪੰਜਾਬ ਕਾਂਗਰਸ ਨੇ ਕਾਰਪੋਰੇਸ਼ਨ ਚੋਣਾਂ ''ਚ ਸਖ਼ਤ ਸਟੈਂਡ ਲਿਆ

ਜਲੰਧਰ(ਧਵਨ)—ਪੰਜਾਬ ਸੂਬਾ ਕਾਂਗਰਸ ਕਮੇਟੀ ਨੇ 17 ਦਸੰਬਰ ਨੂੰ ਜਲੰਧਰ, ਪਟਿਆਲਾ ਤੇ ਅੰਮ੍ਰਿਤਸਰ ਵਿਚ ਹੋਣ ਜਾ ਰਹੀਆਂ ਕਾਰਪੋਰੇਸ਼ਨ ਦੀਆਂ ਚੋਣਾਂ ਦੌਰਾਨ ਟਿਕਟ ਵੰਡ ਦੇ ਮਾਮਲੇ ਵਿਚ ਅਨੁਸ਼ਾਸਨਹੀਣਤਾ ਨੂੰ ਲੈ ਕੇ ਸਖ਼ਤ ਸਟੈਂਡ ਲਿਆ ਹੈ। ਪੰਜਾਬ ਕਾਂਗਰਸ ਨੇ ਅੱਜ ਜਲੰਧਰ ਤੇ ਅੰਮ੍ਰਿਤਸਰ ਕਾਰਪੋਰੇਸ਼ਨ ਨੂੰ ਲੈ ਕੇ ਆਪਣੇ ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ ਜਦੋਂਕਿ ਪਟਿਆਲਾ ਲਈ ਵੀ 25 ਨਾਂ ਹੋਰ ਐਲਾਨੇ ਗਏ ਹਨ। ਪਾਰਟੀ ਸੂਤਰਾਂ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਉੱਚ ਪੱਧਰੀ ਬੈਠਕ ਵਿਚ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਤੇ ਪੰਜਾਬ ਦੇ ਕੋ-ਇੰਚਾਰਜ ਹਰੀਸ਼ ਚੌਧਰੀ ਨੇ ਹਿੱਸਾ ਲਿਆ, ਜਿਸ ਵਿਚ ਜਲੰਧਰ ਕਾਰਪੋਰੇਸ਼ਨ ਵਿਚ 2 ਕੌਂਸਲਰਾਂ ਡਾ.ਪ੍ਰਦੀਪ ਤੇ ਬਲਦੇਵ ਨੂੰ ਟਿਕਟ ਨਾ ਦੇਣ ਦਾ ਫੈਸਲਾ ਲਿਆ ਗਿਆ। ਇਹ ਦੋਵੇਂ ਕੌਂਸਲਰ ਜਲੰਧਰ ਵੈਸਟ ਹਲਕੇ ਨਾਲ ਸਬੰਧ ਰੱਖਦੇ ਹਨ। ਇਨ੍ਹਾਂ ਦੋਵਾਂ ਨੂੰ ਅਨੁਸ਼ਾਸਨਹੀਣਤਾ ਕਾਰਨ ਟਿਕਟਾਂ ਨਹੀਂ ਦਿੱਤੀਆਂ ਗਈਆਂ ਕਿਉਂਕਿ ਇਨ੍ਹਾਂ ਨੇ ਵਿਧਾਨ ਸਭਾ ਚੋਣਾਂ ਦੌਰਾਨ ਪਾਰਟੀ ਦੇ ਫੈਸਲੇ ਦੇ ਖਿਲਾਫ ਜਾਂਦਿਆਂ ਵਿਦਰੋਹ ਕੀਤਾ ਸੀ। ਇਨ੍ਹਾਂ ਨੂੰ ਮੁਅੱਤਲ ਵੀ ਕੀਤਾ ਗਿਆ ਸੀ। ਕਾਂਗਰਸ ਨੇ ਅੱਜ ਜਲੰਧਰ ਦੇ 80 ਵਾਰਡਾਂ ਵਿਚੋਂ 79 ਵਾਰਡਾਂ ਲਈ ਆਪਣੇ ਉਮੀਦਵਾਰਾਂ ਦੇ ਨਾਂ ਐਲਾਨ ਕੀਤੇ। ਸੋਮਵਾਰ ਨੂੰ ਕਾਂਗਰਸ ਨੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰਦਿਆਂ ਇਕ ਪਰਿਵਾਰ ਇਕ ਟਿਕਟ ਦੇ ਨਿਯਮ ਨੂੰ ਲਾਗੂ ਕਰਨ ਦਾ ਫੈਸਲਾ ਲਿਆ ਸੀ ਤੇ ਨਾਲ ਹੀ ਵਿਧਾਨ ਸਭਾ ਚੋਣਾਂ ਵਿਚ ਬਾਗੀ ਵਿਚਾਰ ਰੱਖਣ ਵਾਲੇ ਕਾਂਗਰਸੀ ਆਗੂਆਂ ਨੂੰ ਵੀ ਟਿਕਟਾਂ ਨਾ ਦੇਣ ਦਾ  ਫੈਸਲਾ ਲਿਆ ਸੀ। ਅੱਜ ਜਲੰਧਰ,  ਅੰਮ੍ਰਿਤਸਰ, ਪਟਿਆਲਾ ਕਾਰਪੋਰੇਸ਼ਨਦੇ ਕਾਂਗਰਸੀ ਉਮੀਦਵਾਰਾਂ ਦਾ ਐਲਾਨ ਕਰਦੇ ਸਮੇਂ ਇਨ੍ਹਾਂ ਫੈਸਲਿਆਂ ਦੀ ਝਲਕ ਦੇਖਣ ਨੂੰ ਮਿਲੀ। ਕਾਂਗਰਸ ਨੇ ਸਮਰਪਿਤ ਪਾਰਟੀ ਆਗੂਆਂ ਤੇ ਵਰਕਰਾਂ ਨੂੰ ਇਨਾਮ ਦੇਣ ਦਾ ਵੀ ਫੈਸਲਾ ਲਿਆ ਸੀ। ਜਾਖੜ ਨੇ ਅੱਜ ਦੱਸਿਆ ਕਿ ਪਾਰਟੀ ਨੇ ਪਟਿਆਲਾ ਲਈ 25 ਹੋਰ ਨਾਵਾਂ ਨੂੰ ਕਲੀਅਰ ਕਰ ਦਿੱਤਾ ਹੈ। ਅੰਮ੍ਰਿਤਸਰ ਕਾਰਪੋਰੇਸ਼ਨ ਲਈ ਵੀ 85 ਵਾਰਡਾਂ ਵਿਚੋਂ ਕਾਂਗਰਸ ਨੇ 80 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਅੰਮ੍ਰਿਤਸਰ ਵਿਚ ਸਿਰਫ ਹੁਣ ਵਾਰਡ ਨੰਬਰ 6, 8, 30, 40, 46 ਵਾਰਡਾਂ 'ਤੇ ਫੈਸਲੇ ਨੂੰ ਪੈਂਡਿੰਗ ਰੱਖਿਆ ਹੈ। ਜਲੰਧਰ ਵਿਚ ਸਿਰਫ 45 ਨੰਬਰ ਵਾਰਡ 'ਤੇ ਉਮੀਦਵਾਰ ਦਾ ਫੈਸਲਾ ਅਜੇ ਹੋਣਾ ਬਾਕੀ ਹੈ। ਜਾਖੜ ਨੇ ਕਿਹਾ ਕਿ ਹੁਣ ਜ਼ਿਆਦਾਤਰ ਉਮੀਦਵਾਰ ਚੋਣ ਮੈਦਾਨ ਵਿਚ ਉਤਾਰੇ ਜਾ ਚੁੱਕੇ ਹਨ ਤੇ ਜਲਦੀ ਹੀ ਤਿੰਨਾਂ ਸ਼ਹਿਰਾਂ ਵਿਚ ਪਾਰਟੀ ਨੂੰ ਜਿਤਾਉਣ ਦੀ ਜ਼ਿੰਮੇਵਾਰੀ ਕਾਂਗਰਸੀ ਮੰਤਰੀਆਂ, ਵਿਧਾਇਕਾਂ ਤੇ ਸੂਬਾ ਅਹੁਦੇਦਾਰਾਂ ਦੇ ਮੋਢਿਆਂ 'ਤੇ ਪਾ ਦਿੱਤੀ ਜਾਵੇਗੀ।


Related News