ਚੋਣ ਵਾਅਦਿਆਂ ਤੋਂ ਧਿਆਨ ਭਟਕਾਉਣ ਲਈ ਦੂਸ਼ਣਬਾਜ਼ੀ ਦਾ ਨਾਟਕ ਖੇਡ ਰਹੇ ਕਾਂਗਰਸੀ : ਚੀਮਾ
Thursday, May 13, 2021 - 11:45 AM (IST)
ਚੰਡੀਗੜ੍ਹ (ਰਮਨਜੀਤ) : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੇ ਸੂਬੇ ਦੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਕੀਤੇ। ਹੁਣ ਸਰਕਾਰ ਦੇ ਮੰਤਰੀ ਅਤੇ ਵਿਧਾਇਕ ਆਪਣੀ ਸਰਕਾਰ ਦੀ ਨਾਕਾਮੀ ਛੁਪਾਉਣ ਲਈ ਦੂਸ਼ਣਬਾਜ਼ੀ ਕਰ ਕੇ ਲੋਕਾਂ ਦੇ ਅੱਖੀਂ ਘੱਟਾ ਪਾਉਣ ਦੀ ਨਾਕਾਮ ਕੋਸ਼ਿਸ਼ ਕਰ ਰਹੇ ਹਨ। ਕਾਂਗਰਸ ਪਾਰਟੀ ਅੰਦਰ ਚੱਲ ਰਹੇ ਅੰਦਰੂਨੀ ਕਲੇਸ਼ ਸਬੰਧੀ ਜਾਰੀ ਇੱਕ ਬਿਆਨ ਰਾਹੀਂ ਚੀਮਾ ਨੇ ਕਿਹਾ ਕਿ ਕਾਂਗਰਸ ਪਾਰਟੀ ਦੀ ਸਰਕਾਰ ਨੇ ਪੰਜਾਬ ਅਤੇ ਸੂਬੇ ਦੇ ਲੋਕਾਂ ਨੂੰ ਵਿਸਾਰ ਦਿੱਤਾ ਹੈ। ਅੱਜ ਸੂਬੇ ਵਿਚ ਕੋਰੋਨਾ ਦੇ ਕਹਿਰ ਦੇ ਨਾਲ-ਨਾਲ ਨਸ਼ਾ ਮਾਫੀਆ, ਕੇਬਲ ਮਾਫੀਆ, ਰੇਤ ਮਾਫੀਆ, ਸ਼ਰਾਬ ਮਾਫੀਆ ਅਤੇ ਜ਼ਮੀਨ ਮਾਫੀਆ ਬਿਨ੍ਹਾਂ ਕਿਸੇ ਡਰ ਦੇ ਕੰਮ ਕਰ ਰਿਹਾ ਹੈ, ਜਦੋਂਕਿ ਕੈਪਟਨ ਅਮਰਿੰਦਰ ਸਿੰਘ ਨੇ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਸ੍ਰੀ ਗੁਟਕਾ ਸਾਹਿਬ ਦੀ ਸਹੁੰ ਖਾਧੀ ਸੀ ਕਿ ਸੂਬੇ ਵਿਚ ਕਾਂਗਰਸ ਪਾਰਟੀ ਦੀ ਸਰਕਾਰ ਬਣਨ ’ਤੇ ਮਾਫੀਆ ਰਾਜ ਖ਼ਤਮ ਕਰ ਦਿੱਤਾ ਜਾਵੇਗਾ ਅਤੇ ਸ੍ਰੀ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਅਤੇ ਸਿੱਖਾਂ ਦੇ ਕਾਤਲਾਂ ਨੂੰ ਸਲਾਖਾਂ ਪਿੱਛੇ ਸੁੱਟਿਆ ਜਾਵੇਗਾ।
ਇਹ ਵੀ ਪੜ੍ਹੋ : CBSE 10ਵੀਂ ਦਾ ਨਤੀਜਾ ਜਾਰੀ ਕਰਨ ਨੂੰ ਲੈ ਕੇ ਸਕੂਲਾਂ ਨੂੰ ਨਿਰਦੇਸ਼ ਜਾਰੀ
ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਮਾਲਵੇ ਦੀ ਧਰਤੀ ‘ਤੇ ਸ੍ਰੀ ਗੁਟਕਾ ਸਾਹਿਬ ਦੀ ਸਹੁੰ ਖਾਧੀ ਸੀ ਤਾਂ ਉਸ ਸਮੇਂ ਉਹ ਕਾਂਗਰਸੀ ਆਗੂ ਵੀ ਹਾਜ਼ਰ ਸਨ, ਜੋ ਅੱਜ ਕਾਂਗਰਸ ਸਰਕਾਰ ਵਿਚ ਮੰਤਰੀ ਅਤੇ ਵਿਧਾਇਕ ਬਣੇ ਹੋਏ ਹਨ। ਇਹ ਮੰਤਰੀ ਅਤੇ ਵਿਧਾਇਕ ਚਾਰ ਸਾਲਾਂ ਤੋਂ ਚੁੱਪ ਬੈਠੇ ਰਹੇ ਅਤੇ ਹੁਣ ਜਦੋਂ ਪੰਜਾਬ ਦੀਆਂ ਵਿਧਾਨ ਸਭਾ ਦੀਆਂ ਚੋਣਾਂ ਨਜ਼ਦੀਕ ਆ ਗਈਆਂ ਤਾਂ ਉਹ ਆਪਣੀ ਸਾਖ ਬਚਾਉਣ ਲਈ ਫੋਕੀ ਬਿਆਨਬਾਜੀ ਅਤੇ ਮੀਟਿੰਗਾਂ ਦਾ ਡਰਾਮਾ ਕਰਨ ਲੱਗੇ ਹਨ। ਇਹ ਆਗੂ ਕੋਰੋਨਾ ਮਹਾਮਾਰੀ ਦੌਰਾਨ ਲੋਕਾਂ ਤੱਕ ਡਾਕਟਰੀ ਸਹੂਲਤਾਂ ਪਹੁੰਚਾਉਣ ਦੀ ਥਾਂ ਆਪਣੀ ਸੱਤਾ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਇਹ ਵੀ ਪੜ੍ਹੋ : ਅਮਿਤਾਭ ਬੱਚਨ ਵਲੋਂ ਦਿੱਤੀ 2 ਕਰੋੜ ਦੀ ਮਦਦ ’ਤੇ ਜਾਗੋ ਪਾਰਟੀ ਨੇ ਜਤਾਇਆ ਇਤਰਾਜ਼, ਜੀ. ਕੇ. ਨੇ ਕੀਤਾ ਵੱਡਾ ਐਲਾਨ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?