ਲੋਕ ਸਭਾ ਚੋਣਾਂ : ਅਪਲਾਈ ਨਾ ਕਰਨ ਵਾਲਿਆਂ ਨੂੰ ਵੀ ਮਿਲ ਸਕਦੀ ਹੈ ਕਾਂਗਰਸ ਦੀ ਟਿਕਟ
Friday, Feb 22, 2019 - 04:14 PM (IST)
ਲੁਧਿਆਣਾ (ਹਿਤੇਸ਼) : ਲੋਕ ਸਭਾ ਚੋਣਾਂ 'ਚ ਕਾਂਗਰਸ ਦੀ ਟਿਕਟ ਲੈਣ ਲਈ ਅਪਲਾਈ ਕਰਨ ਦੀ ਡੈੱਡਲਾਈਨ ਵੈਸੇ ਤਾਂ 10 ਦਿਨ ਪਹਿਲਾਂ ਖਤਮ ਹੋ ਗਈ ਹੈ ਪਰ ਹੁਣ ਉਮੀਦਵਾਰਾਂ ਦੀ ਚੋਣ ਪ੍ਰਕਿਰਿਆ ਸ਼ੁਰੂ ਹੋਈ ਤਾਂ ਅਜਿਹੇ ਸੰਕੇਤ ਮਿਲੇ ਰਹੇ ਹਨ ਕਿ ਅਪਲਾਈ ਨਾ ਕਰਨ ਵਾਲਿਆਂ ਨੂੰ ਵੀ ਟਿਕਟ ਮਿਲ ਸਕਦੀ ਹੈ। ਇੱਥੇ ਦੱਸਣਾ ਉਚਿਤ ਹੋਵੇਗਾ ਕਿ ਕਾਂਗਰਸ ਦੇ ਕੋਲ ਪੰਜਾਬ ਦੀਆਂ 13 ਲੋਕ ਸਭਾ ਸੀਟਾਂ 'ਤੇ ਟਿਕਟਾਂ ਲਈ 180 ਲੋਕਾਂ ਵਲੋਂ ਅਪਲਾਈ ਕੀਤਾ ਗਿਆ ਹੈ। ਇਨ੍ਹਾਂ 'ਚੋਂ ਤਿੰਨ ਵਿਅਕਤੀਆਂ ਦੇ ਨਾਂ ਦਾ ਪੈਨਲ ਬਣਾ ਕੇ ਹਾਈਕਮਾਨ ਨੂੰ ਭੇਜਣ ਦੇ ਨਿਰਦੇਸ਼ ਰਾਹੁਲ ਗਾਂਧੀ ਵਲੋਂ ਪੰਜਾਬ ਪ੍ਰਧਾਨ ਸੁਨੀਲ ਜਾਖੜ ਨੂੰ ਦਿੱਤੇ ਗਏ ਹਨ। ਇਸ ਦੇ ਅਧੀਨ ਬੁਲਾਈ ਗਈ ਸਟੇਟ ਇਲੈਕਸ਼ਨ ਕਮੇਟੀ ਦੀ ਬੈਠਕ 'ਚ ਜਾਖੜ ਤੋਂ ਇਲਾਵਾ ਕੈਪਟਨ ਅਮਰਿੰਦਰ ਸਿੰਘ ਅਤੇ ਆਸ਼ਾ ਕੁਮਾਰੀ ਵੀ ਸ਼ਾਮਲ ਹੋਏ। ਇਸ ਮੀਟਿੰਗ 'ਚ ਜਿੱਥੇਰਾਹੁਲ ਗਾਂਧੀ ਦੇ ਫਾਰਮੂਲੇ ਦੇ ਉਲਟ ਜਿੱਤਣ ਦੀ ਸਮਰੱਥਾ ਰੱਖਣ ਵਾਲੇ ਵਿਧਾਇਕਾਂ ਦੇ ਨਾਂ ਵੀ ਲੋਕ ਸਭਾ ਚੋਣਾਂ 'ਚ ਟਿਕਟ ਦੇਣ ਲਈ ਹਾਈਕਮਾਨ ਨੂੰ ਭੇਜੇ ਜਾਣ ਵਾਲੇ ਪੈਨਲ 'ਚ ਸ਼ਾਮਲ ਕਰਨ ਦਾ ਫੈਸਲਾ ਕੀਤਾ ਗਿਆ ਹੈ। ਨਾਲ ਹੀ, ਸਟੇਟ ਇਲੈਕਸ਼ਨ ਕਮੇਟੀ ਦੇ ਮੈਂਬਰਾਂ ਨੂੰ ਉਨ੍ਹਾਂ ਵਿਅਕਤੀਆਂ ਦੇ ਨਾਂ ਦੀ ਸਿਫਾਰਸ਼ ਕਰਨ ਦੀ ਛੋਟ ਵੀ ਦਿੱਤੀ ਗਈ, ਜਿਨ੍ਹਾਂ ਨੇ ਲੋਕ ਸਭਾ ਚੋਣਾਂ 'ਚ ਟਿਕਟ ਅਪਲਾਈ ਨਹੀਂ ਕੀਤੀ ਪਰ ਉਨ੍ਹਾਂ ਦੀ ਸਥਿਤੀ ਅਪਲਾਈ ਕਰਨ ਵਾਲਿਆਂ ਦੇ ਮੁਕਾਬਲੇ ਜ਼ਿਆਦਾ ਮਜ਼ਬੂਤ ਹੈ। ਇਸ ਰਿਪੋਰਟ ਦੇ ਆਧਾਰ 'ਤੇ ਪੰਜਾਬ ਕਾਂਗਰਸ ਵਲੋਂ ਪੈਨਲ ਬਣਾ ਕੇ ਕੇਂਦਰੀ ਇਲੈਕਸ਼ਨ ਕਮੇਟੀ ਨੂੰ ਭੇਜਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ।
ਉਮੀਦਵਾਰਾਂ ਦਾ ਜਲਦ ਐਲਾਨ ਕਰਨ ਦੀ ਹੋਵੇਗੀ ਸਿਫਾਰਸ਼ ਸਟੇਟ ਇਲੈਕਸ਼ਨ ਕਮੇਟੀ ਦੀ ਮੀਟਿੰਗ 'ਚ ਜ਼ਿਆਦਾਤਰ ਮੈਂਬਰਾਂ ਨੇ ਉਮੀਦਵਾਰਾਂ ਦੇ ਐਲਾਨ 'ਚ ਦੇਰ ਹੋਣ ਦਾ ਮੁੱਦਾ ਚੁੱਕਿਆ, ਜਿਸ ਨਾਲ ਉਮੀਦਵਾਰਾਂ ਨੂੰ ਕੰਮ ਕਰਨ ਤੋਂ ਇਲਾਵਾ ਰੁੱਸਿਆਂ ਨੂੰ ਮਨਾਉਣ ਲਈ ਜ਼ਿਆਦਾ ਸਮਾਂ ਨਹੀਂ ਮਿਲਦਾ। ਇਸ ਮੰਗ 'ਤੇ ਆਸ਼ਾ ਕੁਮਾਰੀ ਅਤੇ ਜਾਖੜ ਨੇ ਸਹਿਮਤੀ ਜਤਾਈ ਹੈ ਅਤੇ ਉਮੀਦਵਾਰਾਂ ਦਾ ਜਲਦ ਐਲਾਨ ਕਰਨ ਲਈ ਹਾਈਕਮਾਨ ਨੂੰ ਸਿਫਾਰਸ਼ ਭੇਜਣ ਦੀ ਗੱਲ ਕਹੀ।