ਕਾਂਗਰਸ ''ਚ ਕਾਟੋ-ਕਲੇਸ਼ ਸਿਖਰਾਂ ''ਤੇ, ਬਾਜਵਾ ਨੇ ਬਾਜਵਾ ਖਿਲਾਫ ਖੋਲ੍ਹਿਆ ਮੋਰਚਾ

09/28/2019 6:36:38 PM

ਚੰਡੀਗੜ੍ਹ : ਪੰਜਾਬ ਦੇ ਸੀਨੀਅਰ ਕਾਂਗਰਸੀ ਆਗੂ ਅਤੇ ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕਿਹਾ ਹੈ ਕਿ ਰਾਜ ਸਭਾ ਮੈਂਬਰ ਪ੍ਰਤਾਪ ਬਾਜਵਾ ਨੂੰ ਕਾਂਗਰਸ ਦੇ ਸਿਆਸੀ ਵਿਰੋਧੀਆਂ ਦੇ ਹੱਥਾਂ ਵਿਚ ਖੇਡ ਕੇ ਪਾਰਟੀ ਦਾ ਨੁਕਸਾਨ ਕਰਨ ਦਾ ਸ਼ੁਰੂ ਕੀਤਾ ਭੰਡੀ ਪ੍ਰਚਾਰ ਤੁਰੰਤ ਬੰਦ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪ੍ਰਤਾਪ ਬਾਜਵਾ ਨੇ ਜ਼ਿਮਨੀ ਚੋਣਾਂ ਤੋਂ ਬਿਲਕੁਲ ਪਹਿਲਾਂ ਬੇਅਦਬੀ ਦੇ ਬਹੁਤ ਹੀ ਨਾਜ਼ੁਕ ਮਾਮਲੇ ਨੂੰ ਲੈ ਕੇ ਆਪਣੀ ਹੀ ਪਾਰਟੀ ਦੀ ਸਰਕਾਰ ਵਿਰੁੱਧ ਬਿਆਨਬਾਜ਼ੀ ਇਨ੍ਹਾਂ ਚੋਣਾਂ ਵਿਚ ਪਾਰਟੀ ਨੂੰ ਨੁਕਸਾਨ ਪਹੁੰਚਾਉਣ ਦੀ ਨੀਅਤ ਨਾਲ ਸ਼ੁਰੂ ਕੀਤੀ ਹੈ। ਪੰਚਾਇਤ ਮੰਤਰੀ ਨੇ ਕਿਹਾ ਕਿ ਪ੍ਰਤਾਪ ਬਾਜਵਾ ਸੂਬੇ ਵਿਚ ਅਜਿਹਾ ਸਿਆਂਸੀ ਮਾਹੌਲ ਸਿਰਜਣਾ ਚਾਹੁੰਦੇ ਹਨ ਕਿ ਇਨ੍ਹਾਂ ਜ਼ਿਮਨੀ ਚੋਣਾਂ ਵਿਚ ਕਾਗਰਸ ਪਾਰਟੀ ਦੀ ਹਾਰ ਹੋਵੇ ਅਤੇ ਫਿਰ ਉਹ ਇਸ ਹਾਰ ਨੂੰ ਕੈਪਟਨ ਅਮਰਿੰਦਰ ਸਿੰਘ ਵਿਰੁੱਧ ਇਕ ਹਥਿਆਰ ਵਜੋਂ ਵਰਤ ਕੇ ਆਪਣੀ ਨਿੱਜੀ ਸਿਆਸੀ ਕਿੜ ਕੱਢ ਸਕਣ। ਉਨ੍ਹਾਂ ਕਿਹਾ ਕਿ ਪ੍ਰਤਾਪ ਬਾਜਵਾ ਦੀ ਇਹ ਇੱਛਾ ਕਦੇ ਵੀ ਪੂਰੀ ਨਹੀਂ ਹੋਵੇਗੀ ਕਿਉਂਕਿ ਕਾਂਗਰਸ ਪਾਰਟੀ ਸੂਬੇ ਦੀਆਂ ਸਾਰੀਆਂ ਜ਼ਿਮਨੀ ਚੋਣਾਂ 'ਚ ਸ਼ਾਨਦਾਰ ਪ੍ਰਦਰਸ਼ਨ ਕਰੇਗੀ। 

ਬਾਜਵਾ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਦੀ ਚੱਲ ਰਹੀ ਜਾਂਚ ਨੂੰ ਲੈ ਕੇ ਜਿਸ ਤਰ੍ਹਾਂ ਦੀ ਬਿਆਨਬਾਜ਼ੀ ਪ੍ਰਤਾਪ ਸਿੰਘ ਬਾਜਵਾ ਪਿਛਲੇ ਦਿਨਾਂ ਤੋਂ ਕਰ ਰਹੇ ਹਨ, ਉਸ ਤੋਂ ਕੋਈ ਸ਼ੱਕ ਹੀ ਨਹੀਂ ਰਹਿ ਗਿਆ ਕਿ ਉਹ ਕਾਂਗਰਸ ਦੇ ਰਾਜਸੀ ਵਿਰੋਧੀਆਂ ਦੇ ਹੱਥਾਂ ਵਿਚ ਖੇਡ ਰਹੇ ਹਨ ਜਿਹੜੇ ਇਹ ਨਹੀਂ ਚਾਹੁੰਦੇ ਕਿ ਬੇਅਦਬੀ ਦੀਆਂ ਘਟਨਾਵਾਂ ਦੀ ਜਾਂਚ ਕਿਸੇ ਸਿਰੇ ਲੱਗੇ ਅਤੇ ਸੱਚ ਲੋਕਾਂ ਸਾਹਮਣੇ ਆਵੇ। ਉਨ੍ਹਾਂ ਕਿਹਾ ਕਿ ਵਿਰੋਧੀਆਂ ਦੇ ਮੋਢਿਆਂ 'ਤੇ ਸਵਾਰ ਹੋ ਕੇ ਉਹ ਆਪਣੀ ਪਾਰਟੀ ਦੀ ਸਰਕਾਰ ਦੇ ਮੁੱਖ ਮੰਤਰੀ 'ਤੇ ਬਾਦਲਾਂ ਨਾਲ ਰਲੇ ਹੋਏ ਹੋਣ ਤੱਕ ਦੇ ਦੋਸ਼ ਲਾਉਣ ਦੀ ਹੱਦ ਤੱਕ ਚਲੇ ਗਏ ਹਨ। ਬਾਜਵਾ ਨੇ ਕਿਹਾ ਕਿ ਸੱਚ ਇਹ ਹੈ ਕਿ ਪ੍ਰਤਾਪ ਬਾਜਵਾ ਅਜੇ ਵੀ ਕਾਂਗਰਸ ਹਾਈ ਕਮਾਂਡ ਵਲੋਂ ਉਨ੍ਹਾਂ ਦੀ ਥਾਂ ਪੰਜਾਬ ਕਾਂਗਰਸ ਦਾ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੂੰ ਬਣਾਉਣ ਕਾਰਨ ਆਪਣੀ ਹਉਮੈ ਨੂੰ ਲੱਗੀ ਸੱਟ ਦੇ ਜ਼ਖ਼ਮਾਂ ਨੂੰ ਭੁੱਲ ਸਕੇ ਹਨ।

ਤ੍ਰਿਪਤ ਰਾਜਦਿੰਰ ਸਿੰਘ ਬਾਜਵਾ ਨੇ ਕਿਹਾ ਕਿ ਜੇ ਪ੍ਰਤਾਪ ਸਿੰਘ ਬਾਜਵਾ ਨੂੰ ਕੈਪਟਨ ਅਮਰਿੰਦਰ ਸਿੰਘ ਦੀ ਕਾਰਜਸ਼ੈਲੀ ਜਾਂ ਕਾਰਗੁਜ਼ਾਰੀ 'ਤੇ ਕੋਈ ਇਤਰਾਜ਼ ਹੈ ਜਾਂ ਉਸ ਕੋਲ ਅਮਰਿੰਦਰ ਸਿੰਘ ਵਲੋਂ ਬੇਅਦਬੀ ਦੀਆਂ ਘਟਨਾਵਾਂ ਵਿਚ ਬਾਦਲਾਂ ਦਾ ਬਚਾਅ ਕਰਨ ਸਬੰਧੀ ਕੋਈ ਪੁਖ਼ਤਾ ਸਬੂਤ ਹੈ ਤਾਂ ਉਨ੍ਹਾਂ ਨੂੰ ਇਹ ਮਾਮਲਾ ਪਾਰਟੀ ਦੇ ਪਲੇਟਫ਼ਾਰਮਾਂ 'ਤੇ ਰੱਖਣਾ ਚਾਹੀਦਾ ਹੈ। ਤ੍ਰਿਪਤ ਬਾਜਵਾ ਨੇ ਰਾਜ ਸਭਾ ਮੈਂਬਰ ਨੂੰ ਸਲਾਹ ਦਿੱਤੀ ਹੈ ਕਿ ਉਹ ਪੰਜਾਬ ਵਿਚ ਆਪਣੀ ਪਾਰਟੀ ਦੀ ਸਰਕਾਰ ਵਿਰੁੱਧ ਭੰਡੀ ਪ੍ਰਚਾਰ ਕਰਨ ਦੀ ਥਾਂ ਇਨ੍ਹਾਂ ਜ਼ਿਮਨੀ ਚੋਣਾਂ ਵਿਚ ਪਾਰਟੀ ਦੇ ਉਮੀਦਵਾਰਾਂ ਦੀ ਜਿੱਤ ਲਈ ਕੰਮ ਕਰਨ।


Gurminder Singh

Content Editor

Related News