ਗੜੇਮਾਰੀ ਕਾਰਣ ਹੋਏ ਨੁਕਸਾਨ ਦੀ ਵਿਸ਼ੇਸ਼ ਗਿਰਦਾਵਰੀ ਜਲਦ ਕਰਵਾਈ ਜਾਵੇ : ਜਾਖੜ
Friday, Mar 13, 2020 - 05:36 PM (IST)
ਅਬੋਹਰ (ਸੁਨੀਲ) : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਪ੍ਰਧਾਨ ਸੁਨੀਲ ਜਾਖੜ ਨੇ ਸੂਬੇ ਦੇ ਕਈ ਖੇਤਰਾਂ 'ਚ ਗੜੇਮਾਰੀ ਕਾਰਣ ਫਸਲਾਂ ਅਤੇ ਕਿੰਨੂ ਦੇ ਬਾਗਾਂ ਦੇ ਨੁਕਸਾਨ ਦੀ ਭਰਪਾਈ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਜਲਦ ਗਿਰਦਾਵਰੀ ਕਰਵਾਉਣ ਲਈ ਕਿਹਾ ਹੈ। ਜਾਖੜ ਨੇ ਕਿਹਾ ਕਿ ਬੀਤੇ ਦਿਨੀਂ ਹੋਈ ਬਾਰਸ਼ ਤੇ ਗੜੇਮਾਰੀ ਨਾਲ ਫਾਜ਼ਿਲਕਾ ਜ਼ਿਲੇ 'ਚ ਵਿਸ਼ੇਸ਼ ਤੌਰ 'ਤੇ ਜਦਕਿ ਪੰਜਾਬ ਦੇ ਕੁਝ ਹੋਰ ਭਾਗਾਂ 'ਚ ਤੂਫਾਨ ਅਤੇ ਗੜੇਮਾਰੀ ਕਾਰਣ ਫਸਲਾਂ ਦਾ ਨੁਕਸਾਨ ਹੋਇਆ ਹੈ।
ਉਨ੍ਹਾਂ ਕਿਹਾ ਕਿ ਸੰਕਟ ਦੀ ਇਸ ਘੜੀ 'ਚ ਕਾਂਗਰਸ ਦੀ ਪੰਜਾਬ ਸਰਕਾਰ ਆਪਣੇ ਕਿਸਾਨਾਂ ਨਾਲ ਖੜੀ ਹੈ ਅਤੇ ਫਸਲਾਂ ਦਾ ਮੁਆਵਜ਼ਾ ਦਿੱਤਾ ਜਾਵੇਗਾ। ਜਾਖੜ ਨੇ ਕਿਹਾ ਕਿ ਫਾਜ਼ਿਲਕਾ ਜ਼ਿਲੇ ਦੇ ਉਪਮੰਡਲ ਅਬੋਹਰ ਤੇ ਉਪਮੰਡਲ ਦੀ ਉਪ ਤਹਿਸੀਲ ਖੂਈਆਂ ਸਰਵਰ ਖੇਤਰ ਦੇ ਕਿਸਾਨਾਂ ਨੇ ਫਸਲੀ ਵਿਭਿਨਤਾਵਾਂ ਪ੍ਰੋਗਰਾਮ ਨੂੰ ਅਪਣਾਉਂਦੇ ਹੋਏ ਵੱਡੇ ਪੱਧਰ 'ਤੇ ਰਵਾਇਤੀ ਫਸਲੀ ਚੱਕਰ ਛੱਡ ਕੇ ਕਿੰਨੂ ਦੇ ਬਾਗ ਲਾਏ ਹੋਏ ਹਨ, ਜਦਕਿ ਬੀਤੇ ਦਿਨੀਂ ਹੋਈ ਗੜੇਮਾਰੀ ਕਾਰਣ ਕਈ ਕਈ ਸਾਲ ਪੁਰਾਣੇ ਬਾਗਾਂ ਦਾ ਬਹੁਤ ਨੁਕਸਾਨ ਹੋਇਆ ਹੈ।
ਉਨ੍ਹਾਂ ਕਿਹਾ ਕਿ ਇਸ ਸਮੇਂ ਬਾਗਾਂ ਨੂੰ ਨਵਾਂ ਫਲ ਆਇਆ ਸੀ ਜਿਹੜਾ ਕਿ ਗੜੇਮਾਰੀ ਕਾਰਣ ਪੂਰੀ ਤਰ੍ਹਾਂ ਝੜ ਗਿਆ ਹੈ ਅਤੇ ਜਿਨ੍ਹਾਂ ਬਾਗਾਂ ਦੇ ਫਲਾਂ ਦੀ ਤੁੜਾਈ ਅਜੇ ਨਹੀਂ ਹੋਈ ਸੀ ਉਨ੍ਹਾਂ ਦੇ ਫਲਾਂ ਦਾ ਵੀ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਬਾਗਬਾਨਾਂ ਦਾ ਨੁਕਸਾਨ ਰਵਾਇਤੀ ਫਸਲਾਂ ਦੇ ਮੁਕਾਬਲੇ ਕਈ ਗੁਣਾ ਜ਼ਿਆਦਾ ਹੈ। ਇਸ ਲਈ ਉਨ੍ਹਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ ਕਿ ਬਾਗਬਾਨਾਂ ਦੇ ਨੁਕਸਾਨ ਦੀ ਭਰਪਾਈ ਲਈ ਸਰਕਾਰ ਨੀਤੀ ਬਣਾ ਕੇ ਕਿਸਾਨਾਂ ਨੂੰ ਪੂਰਾ ਮੁਆਵਜ਼ਾ ਦੇਵੇ।
ਇਹ ਵੀ ਪੜ੍ਹੋ : ਬਾਜਵਾ ਨੇ ਫਿਰ ਦਿੱਤੀ ਕੈਪਟਨ ਨੂੰ ਸਲਾਹ, 'ਸਮਾਂ ਰਹਿੰਦੇ ਹਾਲਾਤ ਸੰਭਾਲ ਲਓ' (ਵੀਡੀਓ)