ਕਾਂਗਰਸ ਨੇ ਲੋਕਾਂ ਨੂੰ ਮੂਰਖ ਬਣਾਇਆ, ਨਹੀਂ ਕੀਤਾ ਮਸਲਿਆਂ ਦਾ ਹੱਲ : ਮਜੀਠੀਆ
Wednesday, Jul 28, 2021 - 04:02 PM (IST)
ਮਜੀਠਾ (ਸਰਬਜੀਤ ਵਡਾਲਾ, ਪ੍ਰਿਥੀਪਾਲ) : ਸ਼੍ਰੋਮਣੀ ਅਕਾਲੀ ਦਲ (ਬ) ਹਮੇਸ਼ਾ ਕਿਸਾਨ ਹਿਤੈਸ਼ੀ ਸੀ, ਹੈ ਤੇ ਰਹੇਗੀ ਅਤੇ ਕਿਸਾਨਾਂ ਲਈ ਸ਼੍ਰੋਮਣੀ ਅਕਾਲੀ ਦਲ ਨੇ ਭਾਜਪਾ ਨਾਲੋਂ 30 ਸਾਲ ਪੁਰਾਣਾ ਰਿਸ਼ਤਾ ਤੋੜਿਆ ਹੈ ਕਿਉਂਕਿ ਜਦੋਂ ਕਾਲੇ ਕਾਨੂੰਨ ਪਾਸ ਹੋਣੇ ਸਨ ਤਾਂ ਉਸੇ ਵੇਲੇ ਅਕਾਲੀ ਦਲ ਨੇ ਐੱਨ.ਡੀ.ਏ ਤੋਂ ਕਿਨਾਰਾ ਕਰ ਲਿਆ ਅਤੇ ਵਜ਼ੀਰੀ ਛੱਡੀ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਪਿੰਡ ਤਰਗੜ੍ਹ ਵਿਖੇ ਕਈ ਕਾਂਗਰਸੀ ਪਰਿਵਾਰਾਂ ਨੂੰ ਅਕਾਲੀ ਦਲ ਵਿਚ ਸ਼ਾਮਲ ਕਰਨ ਮੌਕੇ ਬਿਕਰਮ ਸਿੰਘ ਮਜੀਠੀਆ ਨੇ ਕੀਤਾ। ਮਜੀਠੀਆ ਨੇ ਕਿਹਾ ਕਿ ਪਾਰਲੀਮੈਂਟ ਵਿਚ ਹਮੇਸ਼ਾ ਅਕਾਲੀ ਦਲ-ਬਸਪਾ ਗੱਠਜੋੜ ਨੇ ਦੂਜੀਆਂ ਰਵਾਇਤੀਆਂ ਪਾਰਟੀਆਂ ਨਾਲ ਮਿਲ ਕੇ ਨਿੱਤ ਦਿਨ ਭਾਜਪਾ ਦਾ ਖੇਤੀ ਵਿਰੋਧੀ ਕਾਨੂੰਨ ਲਿਆਉਣ ’ਤੇ ਵਿਰੋਧ ਕੀਤਾ ਹੈ ਅਤੇ ਉਹ ਕਿਸਾਨ ਭਰਾਵਾਂ ਨੂੰ ਵਿਸ਼ਵਾਸ ਦਿਵਾਉਂਦੇ ਹਨ ਕਿ ਅਕਾਲੀ ਦਲ ਉਨ੍ਹਾਂ ਨਾਲ ਚੱਟਾਨ ਵਾਂਗ ਖੜ੍ਹਾ ਹੈ ਅਤੇ ਖੜ੍ਹਾ ਰਹੇਗਾ।
ਉਨ੍ਹਾਂ ਰਾਹੁਲ ਗਾਂਧੀ ’ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਰਾਹੁਲ ਗਾਂਧੀ ਜੋ ਅੱਜ ਟਰੈਕਟਰ ਚਲਾ ਰਿਹਾ ਹੈ, ਉਸ ਵੇਲੇ ਆਪਣੀ ਮਾਂ ਸੋਨੀਆ ਗਾਂਧੀ ਨਾਲ ਜਹਾਜ਼ ’ਤੇ ਸਵਾਰ ਹੋ ਕੇ ਅਮਰੀਕਾ ਚਲਾ ਗਿਆ, ਜਦੋਂ ਖੇਤੀ ਬਿੱਲ ਰਾਜ ਸਭਾ ਵਿਚ ਪਾਸ ਹੋਣੇ ਸਨ। ਉਨ੍ਹਾਂ ਕਿਹਾ ਕਿ ਜੇਕਰ ਉਸ ਵੇਲੇ ਦੋਵੇਂ ਮਾਂ-ਪੁੱਤਰ ਨਾ ਜਾਂਦੇ ਤਾਂ ਕਿਸਾਨ ਵਿਰੋਧੀ ਖੇਤੀ ਬਿੱਲ ਕਦੇ ਵੀ ਰਾਜ ਸਭਾ ਵਿਚ ਪਾਸ ਨਹੀਂ ਸਨ ਹੋਣੇ ਕਿਉਂਕਿ ਉਸ ਵੇਲੇ ਕਾਂਗਰਸੀਆਂ ਦੀ ਗਿਣਤੀ ਵੱਧ ਸੀ ਪਰ ਇਹ ਗੱਲ ਸਾਫ ਹੋ ਗਈ ਹੈ ਕਿ ਖੇਤੀ ਬਿੱਲ ਪਾਸ ਕਰਵਾਉਣ ਵਿਚ ਕਾਂਗਰਸ ਦਾ ਵੀ ਹੱਥ ਹੈ। ਮਜੀਠੀਆ ਨੇ ਕਿਹਾ ਕਿ ਮੌਜੂਦਾ ਕਾਂਗਰਸ ਸਰਕਾਰ ਨੇ ਆਪਣੇ ਸਾਢੇ ਚਾਰ ਸਾਲਾ ਕਾਰਜਕਾਲ ਦੌਰਾਨ ਨਾ ਤਾਂ ਕਿਸਾਨਾਂ ਦੇ ਕਰਜ਼ੇ ਮੁਆਫ ਕੀਤੇ, ਨਾ ਪੈਨਸ਼ਨ ਤੇ ਸ਼ਗਨ ਸਕੀਮ ਵਧੀ, ਨਾ ਹੀ ਐੱਸ.ਸੀ ਸਕਾਲਰਸ਼ਿਪ ਦੀ ਰਾਸ਼ੀ ਮਿਲੀ, ਨਾ ਬਿਜਲੀ ਦੇ ਰੇਟ ਘਟੇ ਅਤੇ ਨਾ ਹੀ ਬੇਰੋਜ਼ਗਾਰਾਂ ਨੂੰ ਬੇਰੋਜ਼ਗਾਰੀ ਭੱਤਾ ਮੁਹੱਈਆ ਕਰਵਾਇਆ ਗਿਆ ਹੈ, ਜਿਸ ਕਰਕੇ ਹਰ ਵਰਗ ਵਿਚ ਇਸ ਸਰਕਾਰ ਵੀ ਗਹਿਰਾ ਰੋਸ ਪਾਇਆ ਜਾ ਰਿਹਾ ਹੈ।
ਮਜੀਠੀਆ ਨੇ ਕਿਹਾ ਕਿ ਜਿਸ ਦਿਨ ਅਕਾਲੀ ਦਲ-ਬਸਪਾ ਦੀ ਸਰਕਾਰ ਸੱਤਾ ਵਿਚ ਆ ਗਈ, ਉਸ ਦਿਨ ਕਿਸਾਨਾਂ ਦੇ ਕਰਜ਼ੇ ਵੀ ਮੁਆਫ ਕੀਤੇ ਜਾਣਗੇ ਅਤੇ ਸ਼ਗਨ ਸਕੀਮ ਤੇ ਪੈਨਸ਼ਨ ਵੀ ਮਿਲੇਗੀ ਅਤੇ ਨਾਲ ਹੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਵਲੋਂ ਬੰਦ ਕੀਤੀਆਂ ਗਈਆਂ ਬਾਦਲ ਸਰਕਾਰ ਸਮੇਂ ਦੀਆਂ ਸਹੂਲਤਾਂ ਨੂੰ ਮੁੜ ਚਾਲੂ ਕਰਕੇ ਵੱਧ ਤੋਂ ਵੱਧ ਲਾਭ ਸੂਬੇ ਦੀ ਜਨਤਾ ਨੂੰ ਦਿੱਤਾ ਜਾਵੇਗਾ। ਇਸ ਮੌਕੇ ਮਜੀਠੀਆ ਦੇ ਨਾਲ ਮੇਜਰ ਸ਼ਿਵੀ, ਸਕੱਤਰ ਜਨਰਲ ਜੋਧ ਸਿੰਘ ਸਮਰਾ, ਪ੍ਰਧਾਨ ਸਲਵੰਤ ਸਿੰਘ ਸੇਠ, ਗਗਨਦੀਪ ਸਿੰਘ ਭਕਨਾ, ਸਰਬਜੀਤ ਸਿੰਘ ਸੁਪਾਰੀਵਿੰਡ, ਜਤਿੰਦਰਪਾਲ ਸਿੰਘ ਸਾਬ੍ਹਾ, ਤਰਸੇਮ ਸਿੰਘ ਪਹਿਲਵਾਨ, ਬਲਜਿੰਦਰ ਸਿੰਘ, ਜਸਕਰਨ ਸਿੰਘ ਰੁਮਾਣਾ, ਅਮਨਦੀਪ ਘੱਗਾ, ਮੇਜ਼ਰ ਸਿੰਘ, ਉਪਕਾਰ ਸਿੰਘ, ਸੁਖਚੈਨ ਸਿੰਘ, ਬੇਅੰਤ ਸਿੰਘ, ਨਰੇਸ ਕੁਮਾਰ, ਦਲਬੀਰ ਸਿੰਘ ਸਮੇਤ ਹੋਰ ਵੀ ਅਕਾਲੀ ਵਰਕਰ ਹਾਜ਼ਰ ਸਨ।